Bollywood news : ਗੋਵਿੰਦਾ ਦੇ ਪੈਰ ’ਚ ਗੋਲੀ ਲੱਗਣ ਦੇ ਮਾਮਲੇ ‘ਚ ਪੁਲਿਸ ਇਨਵੈਸਟੀਗੇਸ਼ਨ ਜਾਰੀ
ਮੁੰਬਈ, 1ਅਕਤੂਬਰ (ਵਿਸ਼ਵ ਵਾਰਤਾ)Bollywood news: ਅੱਜ ਸਵੇਰੇ ਲਗਭਗ 4:45 ਵਜੇ ਫਿਲਮ ਅਭਿਨੇਤਾ ਗੋਵਿੰਦਾ ਦੇ ਪੈਰ ਵਿੱਚ ਗੋਲੀ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਗੋਲੀ ਲੱਗਣ ਤੋਂ ਤੁਰੰਤ ਬਾਅਦ ਗੋਵਿੰਦਾ ਨੂੰ ਮੁੰਬਈ ਦੇ ਕ੍ਰਿਤੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਲਾਂਕਿ ਘਟਨਾ ਵਾਲੀ ਜਗ੍ਹਾ ਤੇ ਮੌਜੂਦ ਲੋਕਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਇੱਕ ਦੁਰਘਟਨਾ ਸੀ ਅਤੇ ਅਲਮਾਰੀ ਤੋਂ ਪਿਸਟਲ ਹੇਠਾਂ ਡਿੱਗਣ ਕਰਕੇ ਗੋਲੀ ਚੱਲ ਗਈ ਜਿਸ ਕਰਕੇ ਗੋਵਿੰਦਾ ਜ਼ਖਮੀ ਹੋਏ ਹਨ। ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਮੁੰਬਈ ਪੁਲਿਸ ਸੰਜੀਦਗੀ ਦੇ ਨਾਲ ਤਫਤੀਸ਼ ਕਰ ਰਹੀ ਹੈ। ਮੁੰਬਈ ਪੁਲਿਸ ਨੇ ਪਿਸਟਲ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈ। ਇਸ ਪੂਰੇ ਮਾਮਲੇ ਦੇ ਵਿੱਚ ਘਰ ਦੇ ਵਿੱਚ ਅਤੇ ਕਮਰੇ ਦੇ ਵਿੱਚ ਸ਼ਾਮਿਲ ਲੋਕਾਂ ਤੋਂ ਪੁਲਿਸ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੁੰਬਈ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੋਂ ਵੀ ਤਫਤੀਸ਼ ਕੀਤੀ ਹੈ ਅਤੇ ਪੁਲਿਸ ਦੇ ਉੱਚ ਅਧਿਕਾਰੀ ਹਸਪਤਾਲ ਵੀ ਪਹੁੰਚੇ ਹਨ। ਜਿੱਥੇ ਫਿਲਮ ਐਕਟਰ ਗੋਵਿੰਦਾ ਦਾ ਇਲਾਜ ਚੱਲ ਰਿਹਾ ਹੈ। ਮੁਢਲੀ ਜਾਣਕਾਰੀ ਮੁਤਾਬਕ ਗੋਵਿੰਦਾ ਦੀ ਜਾਨ ਖਤਰੇ ਤੋਂ ਬਾਹਰ ਹੈ। ਪਰ ਪੁਲਿਸ ਇਸ ਪੂਰੇ ਮਾਮਲੇ ਨੂੰ ਲੈ ਕੇ ਇੱਕ ਦੂਸਰੇ ਐਂਗਲ ਤੋਂ ਵੀ ਕੰਮ ਕਰ ਰਹੀ ਹੈ। ਸੰਭਾਵੀ ਤੌਰ ਤੇ ਇਹ ਟਾਰਗੇਟ ਫਾਇਰ ਵੀ ਹੋ ਸਕਦਾ ਹੈ। ਇਸ ਗੱਲ ਦਾ ਖਦਸ਼ਾ ਵੀ ਜਤਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਫਿਲਮ ਐਕਟਰ ਗੋਵਿੰਦਾ ਬਾਲੀਵੁੱਡ ਦੇ ਵਿੱਚ ਬੇਹੱਦ ਪ੍ਰਭਾਵੀ ਐਕਟਰ ਮੰਨੇ ਜਾਂਦੇ ਹਨ ਅਤੇ ਉਹ ਸਿਆਸੀ ਪਾਰਟੀ ਸ਼ਿਵ ਸੈਨਾ ਦੇ ਲਈ ਪ੍ਰਚਾਰ ਵੀ ਕਰਦੇ ਹਨ। ਮਹਾਰਾਸ਼ਟਰਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨਜ਼ਦੀਕ ਨੇ ਅਜਿਹੇ ਵਿੱਚ ਮੰਨਿਆ ਜਾ ਰਿਹਾ ਸੀ ਕਿ ਗੋਵਿੰਦਾ ਸ਼ਿਵ ਸੈਨਾ ਦੇ ਲਈ ਪ੍ਰਚਾਰ ਕਰਨਗੇ। ਗੋਲੀ ਲੱਗਣ ਕਾਰਨ ਉਹਨਾਂ ਦੇ ਪ੍ਰਚਾਰ ਦੀ ਮੁਹਿੰਮ ਵੀ ਪ੍ਰਭਾਵਿਤ ਹੋ ਸਕਦੀ ਹੈ। ਫਿਲਹਾਲ ਇਸ ਪੂਰੇ ਮਾਮਲੇ ਨੇ ਫਿਲਮ ਜਗਤ ਅਤੇ ਸਿਆਸੀ ਹਲਕਿਆਂ ਦੇ ਵਿੱਚ ਸਨਸਨੀ ਫੈਲਾ ਦਿੱਤੀ। ਇਸ ਪੂਰੇ ਮਾਮਲੇ ਨੂੰ ਲੈ ਕੇ ਮੁੰਬਈ ਪੁਲਿਸ ਗਹਿਰਾਈ ਦੇ ਨਾਲ ਤਫਤੀਸ਼ ਕਰ ਰਹੀ ਹੈ। ਗੋਵਿੰਦਾ ਦੇ ਫੈਨਸ ਵੀ ਉਹਨਾਂ ਦੀ ਜਲਦ ਸਿਹਤਮੰਦ ਹੋਣ ਦੇ ਲਈ ਅਰਦਾਸ ਕਰ ਰਹੇ ਹਨ।
ਹਸਪਤਾਲ ਦੇ ਵਿੱਚ ਗੋਵਿੰਦਾ ਦਾ ਹਾਲ ਚਾਲ ਪੁੱਛਣ ਉਹਨਾਂ ਦੇ ਰਿਸ਼ਤੇਦਾਰ ਵੀ ਪਹੁੰਚ ਰਹੇ ਹਨ। ਫਿਲਮ ਐਕਟਰਸ ਕਸ਼ਮੀਰਾ ਸ਼ਾਹ ਨੂੰ ਵੀ ਮੁੰਬਈ ਦੇ ਕ੍ਰਿਤੀ ਹਸਪਤਾਲ ਦੇ ਵਿੱਚ ਪਹੁੰਚਦੇ ਦੇਖਿਆ ਗਿਆ ਹੈ। ਬਾਲੀਵੁੱਡ ਵਿੱਚ ਗੋਵਿੰਦਾ ਦੀ ਸਿਹਤ ਨੂੰ ਲੈ ਕੇ ਚਿੰਤਾ ਦਾ ਮਾਹੌਲ ਹੈ।