ISI ਨਾਲ ਸਬੰਧਾਂ ਵਾਲਾ BKI ਕਾਰਕੁੰਨ UP ਤੋਂ ਗ੍ਰਿਫ਼ਤਾਰ; 3 ਹੈਂਡ-ਗ੍ਰਨੇਡ, 1ਅਤਿ-ਆਧੁਨਿਕ ਵਿਦੇਸ਼ੀ ਪਿਸਤੌਲ ਬਰਾਮਦ
— ਯੂਪੀ ਤੇ ਪੰਜਾਬ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਤਹਿਤ ਦੋਸ਼ੀ ਲਾਜਰ ਮਸੀਹ ਨੂੰ ਕੀਤਾ ਗ੍ਰਿਫ਼ਤਾਰ, ਜੋ ਸਤੰਬਰ 2024 ਵਿੱਚ ਨਿਆਂਇਕ ਹਿਰਾਸਤ ਵਿੱਚੋਂ ਹੋ ਗਿਆ ਸੀ ਫਰਾਰ : ਡੀਜੀਪੀ ਗੌਰਵ ਯਾਦਵ
— ਪੰਜਾਬ ਪੁਲਿਸ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਵਚਨਬੱਧ
— ਸਰਗਰਮੀ ਨਾਲ ਕੀਤੀ ਜਾ ਰਹੀ ਹੈ ਮਾਮਲੇ ਦੀ ਅਗਲੇਰੀ ਜਾਂਚ : ਡੀਜੀਪੀ ਗੌਰਵ ਯਾਦਵ
ਚੰਡੀਗੜ੍ਹ, 6 ਮਾਰਚ (ਵਿਸ਼ਵ ਵਾਰਤਾ): ਇੱਕ ਸੁਚੱਜੇ ਤੇ ਸਾਂਝੇ ਆਪ੍ਰੇਸ਼ਨ ਵਿੱਚ, ਉੱਤਰ ਪ੍ਰਦੇਸ਼ ਪੁਲਿਸ ਅਤੇ ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਅਤੇ ਪਾਕਿਸਤਾਨ ਦੀ ਆਈ.ਐਸ.ਆਈ. ਦੇ ਇੱਕ ਸਰਗਰਮ ਕਾਰਕੁੰਨ, ਜਿਸਦੀ ਪਛਾਣ ਲਾਜਰ ਮਸੀਹ ਵਜੋਂ ਹੋਈ ਹੈ, ਜੋ ਅੰਮ੍ਰਿਤਸਰ ਦੇ ਪਿੰਡ ਕੁਰਲੀਆਂ ਦਾ ਰਹਿਣ ਵਾਲਾ ਹੈ, ਨੂੰ ਯੂਪੀ ਵਿੱਚ ਕੌਸ਼ੰਬੀ ਦੇ ਕੋਖਰਾਜ ਥਾਣਾ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਵੀਰਵਾਰ ਨੂੰ ਇੱਥੇ ਦਿੱਤੀ।
ਇਹ ਕਾਰਵਾਈ , ਦੋਸ਼ੀ ਲਾਜਰ ਮਸੀਹ, ਵੱਲੋਂ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚੋਂ ਇਲਾਜ ਦੌਰਾਨ 24 ਸਤੰਬਰ, 2024 ਦੀ ਰਾਤ ਨੂੰ, ਨਿਆਂਇਕ ਹਿਰਾਸਤ ਚੋਂ ਫਰਾਰ ਹੋਣ ਦੀ ਘਟਨਾ ਤੋਂ ਲਗਭਗ ਪੰਜ ਮਹੀਨੇ ਬਾਅਦ ਅਮਲ ਵਿੱਚ ਲਿਆਂਦੀ ਗਈ ਹੈ ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਜਰਮਨੀ ਸਥਿਤ ਬੀ.ਕੇ.ਆਈ. ਕਾਰਕੁੰਨ ਸਵਰਨ ਸਿੰਘ ਉਰਫ਼ ਜੀਵਨ ਫੌਜੀ ਅਧੀਨ ਕੰਮ ਕਰਦਾ ਸੀ ਅਤੇ ਪਾਕਿਸਤਾਨ ਦੀ ਆਈ.ਐਸ.ਆਈ. ਨਾਲ ਸਿੱਧੇ ਸੰਪਰਕ ਵਿੱਚ ਸੀ। ਜਾਣਕਾਰੀ ਅਨੁਸਾਰ, ਸਵਰਨ ਸਿੰਘ ਉਰਫ਼ ਜੀਵਨ ਫੌਜੀ ਪਾਕਿਸਤਾਨ ਸਥਿਤ ਬੀ.ਕੇ.ਆਈ. ਮਾਸਟਰਮਾਈਂਡ ਹਰਵਿੰਦਰ ਰਿੰਦਾ ਅਤੇ ਅਮਰੀਕਾ ਸਥਿਤ ਬੀ.ਕੇ.ਆਈ. ਕਾਰਕੁੰਨ ਹੈਪੀ ਪਾਸੀਅਨ ਦਾ ਖਾਸ ਸਾਥੀ ਹੈ।
ਉਨ੍ਹਾਂ ਕਿਹਾ ਕਿ ਲਾਜਰ ਮਸੀਹ ਤੋਂ ਹਥਿਆਰਾਂ ਅਤੇ ਵਿਸਫੋਟਕਾਂ ਦਾ ਇੱਕ ਵੱਡਾ ਜ਼ਖੀਰਾ, ਜਿਸ ਵਿੱਚ ਤਿੰਨ ਹੈਂਡ ਗ੍ਰਨੇਡ, ਦੋ ਜੈਲੇਟਿਨ ਰੌਡਜ਼, ਦੋ ਡੈਟੋਨੇਟਰ, ਇੱਕ ਵਿਦੇਸ਼ੀ 7.62 ਐਮ.ਐਮ. ਨੋਰਿੰਕੋ ਐਮ-54 ਟੋਕਾਰੇਵ (ਯ.ੂਐਸ.ਐਸ.ਆਰ.) ਪਿਸਤੌਲ ਅਤੇ 13 ਕਾਰਤੂਸ ਸ਼ਾਮਲ ਹਨ, ਬਰਾਮਦ ਕੀਤਾ ਗਿਆ ਹੈ ।
ਜਾਣਕਾਰੀ ਅਨੁਸਾਰ, ਮੁਲਜ਼ਮ ਸੂਬੇ ਵਿੱਚ ਕਈ ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਸੀ, ਜਿਸ ਵਿੱਚ ਅੰਮ੍ਰਿਤਸਰ ਦਿਹਾਤੀ ਦੇ ਪੁਲਿਸ ਸਟੇਸ਼ਨ ਕੰਬੋ ਵਿਖੇ ਵਿਸਫੋਟਕ ਐਕਟ ਅਧੀਨ ਦਰਜ ਇੱਕ ਕੇਸ ਸ਼ਾਮਲ ਹੈ, ਜਿਸ ਵਿੱਚ ਲਾਜਰ ਨੇ ਜੀਵਨ ਫੌਜੀ ਨੂੰ ਵਿਸਫੋਟਕ, ਹਥਿਆਰ ਅਤੇ ਨਸ਼ਿਆਂ ਦੀ ਖੇਪ ਇੱਕ ਥਾਂ ਤੋਂ ਦੂਜੀ ਥਾਂ ਲਿਆਉਣ-ਲਿਜਾਣ ਵਿੱਚ ਮਦਦ ਕੀਤੀ ਸੀ। ਮੁਲਜ਼ਮ ਲਾਜਰ, ਅੰਮ੍ਰਿਤਸਰ ਦੇ ਪੁਲਿਸ ਸਟੇਸ਼ਨ ਝੰਡੇਰ ਵਿਖੇ ਦਰਜ ਇੱਕ ਕੇਸ ਵਿੱਚ ਵੀ ਲੋੜੀਂਦਾ ਹੈ, ਜਿਸ ਵਿੱਚ ਉਸਨੇ ਆਪਣੇ ਹੈਂਡਲਰ ਜੀਵਨ ਫੌਜੀ ਦੇ ਨਿਰਦੇਸ਼ਾਂ ’ਤੇ, ਕਲਾਨੌਰ ਅਤੇ ਡੇਰਾ ਬਾਬਾ ਨਾਨਕ ਖੇਤਰ ਵਿੱਚ ਟਾਰਗੇਟ ਕਿਲਿੰਗ ਲਈ ਹਥਿਆਰ ਅਤੇ ਹੋਰ ਲੌਜਿਸਟਿਕ ਸਹਾਇਤਾ ਕੀਤੀ ਸੀ।
ਡੀਜੀਪੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ।