BJP ਤੇ ਕਾਂਗਰਸ ਦੇ ਗੜ੍ਹ ‘ਚ AAP ਦੀ ਜਿੱਤ ਨਾਲ ਵਧਿਆ ਭਗਵੰਤ ਮਾਨ ਦਾ ਸਿਆਸੀ ਰੁਤਬਾ
ਸੀਐਮ ਭਗਵੰਤ ਮਾਨ ਨੂੰ ਆ ਗਈ ਲੋਕਾਂ ਦੀ ਨਬਜ਼ ਪਛਾਣਨੀ
ਜਲੰਧਰ 14 ਜੁਲਾਈ (ਵਿਸ਼ਵ ਵਾਰਤਾ): ਜਲੰਧਰ ਵੈਸਟ ਵਿਧਾਨ ਸਭਾ ਹਲਕੇ ਦੀ ਉਪ-ਚੋਣ ਨੇ ਪੰਜਾਬ ਵਿਚ ਆਮ ਆਦਮੀ ਪਾਰਟੀ ‘ਚ ਇਕ ਨਵਾਂ ਜੋਸ਼ ਭਰ ਦਿੱਤਾ ਹੈ। ਲੋਕ ਸਭਾ 2024 ਦੀਆਂ ਚੋਣਾਂ ਵਿਚ ਆਮ ਆਦਮੀ ਦਾ ਪ੍ਰਦਰਸ਼ਨ ਉਮੀਦ ਤੋਂ ਘੱਟ ਰਿਹਾ ਸੀ। ਪਰ ਸੀਐਮ ਭਗਵੰਤ ਮਾਨ ਨੇ ਇਸਨੂੰ ਇਕ ਚੈਲੇਂਜ ਦੀ ਤਰਾਂ ਲਿਆ ਅਤੇ ਜਲੰਧਰ ਪੱਛਮੀ ਦੀ ਇਹ ਸੀਟ ਜਿੱਤ ਕੇ ਆਪਣੀ ਸਿਆਸੀ ਸੂਝ ਦਾ ਸਬੂਤ ਦਿੱਤਾ ਹੈ। ਜਿਸ ਬਰੀਕੀ ਅਤੇ ਅਪਣੱਤ ਨਾਲ ਉਨ੍ਹਾਂ ਪ੍ਰਚਾਰ ਦੌਰਾਨ ਲੋਕਾਂ ਤੱਕ ਪਹੁੰਚ ਕੀਤੀ ਹੈ ਉਸਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ, ਭਗਵੰਤ ਮਾਨ ਨੂੰ ਹੁਣ ਲੋਕਾਂ ਦੀ ਨਬਜ਼ ਪਛਾਣਨੀ ਆ ਗਈ ਹੈ। ਜਲੰਧਰ ਪੱਛਮੀ ਬੀਜੇਪੀ ਅਤੇ ਕਾਂਗਰਸ ਦਾ ਗੜ੍ਹ ਸੀ ਅਜਿਹੇ ਵਿਚ ਆਮ ਆਦਮੀ ਪਾਰਟੀ ਲਈ ਇਹ ਸੀਟ ਜਿੱਤਣਾ ਇਕ ਚੈਂਲੇਂਜ ਸੀ। ਉਮੀਦਵਾਰ ਦੇ ਤੌਰ ‘ਤੇ ਮੋਹਿੰਦਰ ਭਗਤ ਦੀ ਚੋਣ ਕਰਨ ਨੂੰ ਭਗਵੰਤ ਮਾਨ ਦਾ ਮਾਸਟਰ ਸਟ੍ਰੋਕ ਕਿਹਾ ਜਾ ਸਕਦਾ ਹੈ। ਜਲੰਧਰ ਵੈਸਟ ‘ਚ ਕੋਠੀ ਲੈ ਕੇ ਰਹਿਣ ਨਾਲ ਵੀ ਲੋਕਾਂ ‘ਚ ਇਹ ਸੰਦੇਸ਼ ਗਿਆ ਕਿ ਜੇਕਰ ਆਮ ਆਦਮੀ ਪਾਰਟੀ ਜਿੱਤਦੀ ਹੈ ਤਾ ਜਰੂਰ ਹਲਕੇ ਨੇ ਰੁਕੇ ਹੋਏ ਵਿਕਾਸ ਦੇ ਕੰਮ ਹੋਣਗੇ। ਖੁਦ ਪੰਜਾਬ ਦਾ ਸੀਐਮ ਲੋਕਾਂ ਨਾਲ ਪ੍ਰਚਾਰ ਦੌਰਾਨ ਸਿੱਧੀ ਗੱਲਬਾਤ ਕਰ ਰਿਹਾ ਸੀ। ਇਹ ਵੱਡੀ ਗੱਲ ਸੀ ਕਿ ਮਾਨ ਗਲੀਆਂ ਮੁਹੱਲਿਆਂ ‘ਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਦਾ ਭਰੋਸਾ ਦੇ ਰਹੇ ਸਨ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੋਟ ਵੀ ਕਰ ਰਹੇ ਸਨ। ਐਨੇ ਵੱਡੇ ਮਾਰਜਨ ਨਾਲ ਹੋਈ ਜਿੱਤ ਨੇ ਸਾਬਿਤ ਕਰ ਦਿੱਤਾ ਕਿ ਲੋਕਾਂ ਨੇ ਮਾਨ ਦੇ ਵਾਅਦਿਆਂ ‘ਤੇ ਭਰੋਸਾ ਕੀਤਾ ਹੈ। ਲੋਕ ਸਭਾ ਨਤੀਜਿਆਂ ਤੋਂ ਬਾਅਦ ਆਪ ਦਾ ਗ੍ਰਾਫ ਪੰਜਾਬ ‘ਚ ਡਿੱਗਣ ਦੀ ਜੋ ਚਰਚਾ ਚੱਲੀ ਸੀ ਇਸ ਜਿੱਤ ਨੇ ਉਸ ਚਰਚਾ ‘ਤੇ ਵਿਰਾਮ ਲਗਾਇਆ ਹੈ ਅਤੇ ਇਹ ਸੰਦੇਸ਼ ਦਿੱਤਾ ਹੈ ਕਿ ਮਾਨ ਜਦੋ ਖੁਦ ਲੋਕਾਂ ‘ਚ ਜਾ ਕੇ ਸੰਪਰਕ ਕਰਦੇ ਹਨ ਤਾ ਲੋਕ ਉਨ੍ਹਾਂ ‘ਤੇ ਭਰੋਸਾ ਕਰਦੇ ਹਨ। ਜਲੰਧਰ ਪੱਛਮੀ ‘ਚ ਅਜੇ ਬਹੁਤ ਸਾਰੇ ਵਿਕਾਸ ਕੰਮ ਅਧੂਰੇ ਪਏ ਹਨ, ਸੀਐਮ ਨੇ ਭਰੋਸਾ ਦਿੱਤਾ ਹੈ ਕਿ, “ਜਲੰਧਰ ਵੈਸਟ ਨੂੰ ਬੈਸਟ ਬਣਾਵਾਂਗੇ” . ਮੁਢਲੀਆਂ ਸਹੂਲਤਾਂ ਲਈ ਸੰਘਰਸ਼ ਕਰਨ ਵਾਲੇ ਵੈਸਟ ਹਲਕੇ ਦੇ ਲੋਕਾਂ ਨੇ ਸੀਐਮ ਦੀ ਗੱਲ ‘ਤੇ ਭਰੋਸਾ ਕਰਦਿਆਂ ਮੋਹਿੰਦਰ ਭਗਤ ਨੂੰ ਚੁਣਿਆ ਹੈ। ਜਿਸ ਤਰਾਂ ਭਗਵੰਤ ਮਾਨ ਦਾ ਪੂਰਾ ਪਰਿਵਾਰ ਪ੍ਰਚਾਰ ‘ਚ ਜੁਟਿਆ ਸੀ ਉਸ ਨਾਲ ਮਾਨ ਦੀ ਸਿਆਸੀ ਦ੍ਰਿੜਤਾ ਲੋਕਾਂ ਨੂੰ ਸਪਸ਼ਟ ਹੋ ਗਈ। ਲੋਕਾਂ ਨੂੰ ਸਾਫ ਹੋ ਗਿਆ ਕਿ ਜੋ ਸੀਐਮ ਇਸ ਕਦਰ ਲੋਕਾਂ ਨਾਲ ਮਿਲ ਰਿਹਾ ਹੈ ਉਹ ਜਰੂਰ ਹਲਕੇ ਦੇ ਮਸਲਿਆਂ ਦਾ ਹੱਲ ਕਰੇਗਾ। ਭਗਵੰਤ ਮਾਨ ਦੇ ਰੋਡ ਸ਼ੋਅ ਦੇਖਕੇ ਲੱਗਦਾ ਸੀ ਕਿ, ਜਿਸਤਰਾਂ ਰੋਡ ਸ਼ੋਅ ਜਲੰਧਰ ਨਹੀਂ ਬਲਕਿ ਸੰਗਰੂਰ ਵਿੱਚ ਹੋ ਰਿਹਾ ਹੋਵੇ। ਰੋਡ ਸ਼ੋਅ ‘ਚ ਲੋਕਾਂ ਦਾ ਹਜ਼ੂਮ ਦੇਖਕੇ ਲੱਗ ਰਿਹਾ ਸੀ ਕਿ ਆਪ ਨੂੰ ਇਨ੍ਹਾਂ ਚੋਣਾਂ ‘ਚ ਟੱਕਰ ਦੇਣਾ ਆਸਾਨ ਨਹੀਂ ਹੋਵੇਗਾ। ਮਾਲਵੇ ਤੋਂ ਬਾਅਦ ਦੁਆਬੇ ਅਤੇ ਮਾਝੇ ‘ਚ ਵੀ ਭਗਵੰਤ ਮਾਨ ਦਾ ਆਪਣਾ ਸਿਆਸੀ ਗ੍ਰਾਫ ਉੱਪਰ ਉੱਠਿਆ ਹੈ। ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਵੀ ਪ੍ਰਚਾਰ ਦੌਰਾਨ ਆਪ ਲੋਕਾਂ ਦੇ ਘਰ-ਘਰ ਜਾਕੇ ਚੋਣ ਪ੍ਰਚਾਰ ਕੀਤਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਨੇ ਵੀ ਚੋਣ ਪ੍ਰਚਾਰ ਕਰਨ ‘ਚ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਆਪ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। 30 ਦਿਨਾਂ ਤੱਕ ਲਗਾਤਾਰ ਚੋਣ ਪ੍ਰਚਾਰ ਅਤੇ ਸਿਆਸੀ ਵਿਓਂਤਬੰਦੀ ਨੇ ਆਪ ਆਦਮੀ ਪਾਰਟੀ ਨੂੰ ਜਿੱਤ ਦਵਾਈ ਹੈ। ਇਸਨੂੰ ਦੇਖਕੇ ਕਿਹਾ ਜਾ ਸਕਦਾ ਹੈ ਕਿ ਮਾਨ ਦੀ ਮਿਹਨਤ ਰੰਗ ਲਿਆਈ ਹੈ ਅਤੇ ਪਾਰਟੀ ‘ਚ ਉਨ੍ਹਾਂ ਖਿਲਾਫ ਉੱਠਣ ਵਾਲੀਆਂ ਅਵਾਜਾਂ ਵੀ ਸ਼ਾਂਤ ਹੋ ਗਈਆਂ ਹਨ। ਪੂਰੇ ਪੰਜਾਬ ‘ਚ ਜਲੰਧਰ ਪੱਛਮੀ ਵਰਗੀ ਸਿਆਸੀ ਪਹੁੰਚ ਆਪਣਾ ਕੇ ਸਰਕਾਰ ਅਤੇ ਪਾਰਟੀ ਪ੍ਰਤੀ ਲੋਕਾਂ ਦੀ ਭਰੋਸੇਯੋਗਤਾ ਨੂੰ ਵਧਾਇਆ ਜਾ ਸਕਦਾ ਹੈ। ਉਮੀਦ ਹੈ ਸੀਐਮ ਮਾਨ ਜਲੰਧਰ ਪੱਛਮੀ ਦੇ ਸਿਆਸੀ ਤਜਰਬੇ ਨੂੰ ਅਧਾਰ ਬਣਾਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ।