Big News: ਚੈਕ ਪੋਸਟ ’ਤੇ ਦੋ ਪੁਲਿਸ ਮੁਲਾਜ਼ਮਾਂ ਦੀ ਮੌਤ ਮਾਮਲਾ: ਵਾਰਦਾਤ ਦਾ ਮੁਲਜ਼ਮ ਪੁਲਿਸ ਨਾਲ ਮੁਕਾਬਲੇ ‘ਚ ਢੇਰ
ਗੁਰਦਾਸਪੁਰ, 25 ਫਰਵਰੀ 2026 (ਵਿਸ਼ਵ ਵਾਰਤਾ) – ਗੁਰਦਾਸਪੁਰ ਦੇ ਆਦੀਆਂ ਪੁਲਿਸ ਚੈਕ ਪੋਸਟ ਵਿਚ ਹੋਮ ਗਾਰਡ ਜਵਾਨ ਅਸ਼ੋਕ ਕੁਮਾਰ ਅਤੇ ਪੰਜਾਬ ਪੁਲਿਸ ਦੇ ਏ.ਐਸ.ਆਈ. ਗੁਰਨਾਮ ਸਿੰਘ ਦੀ ਮੌਤ ਮਾਮਲੇ ‘ਚ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਮੁਕਾਬਲੇ ‘ਚ ਮੁਲਜ਼ਮ ਨੂੰ ਢੇਰ ਕਰ ਦਿੱਤਾ ਹੈ। ਜਿਸ ਦੀ ਪਛਾਣ ਰਣਜੀਤ ਸਿੰਘ ਵੱਜੋਂ ਹੋਈ ਹੈ। ਇਹ ਮੁਕਾਬਲਾ ਪੁਰਾਣਾ ਸ਼ਾਲਾ ਇਲਾਕੇ ਵਿੱਚ ਹੋਇਆ ਹੈ। ਪੁਲਿਸ ਨਾਲ ਮੁਕਾਬਲੇ ‘ਚ ਗੋਲੀ ਲੱਗਣ ਤੋਂ ਬਾਅਦ, ਰਣਜੀਤ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ।
ਪੁਲਿਸ ਅਨੁਸਾਰ, ਇਸ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਅਲੀਨੰਗਲ ਦੇ ਦਿਲਾਵਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸਦੀ ਪੁੱਛਗਿੱਛ ਦੌਰਾਨ, ਆਦੀਆਂ ਪਿੰਡ ਦੇ ਰਣਜੀਤ ਅਤੇ ਇੰਦਰਜੀਤ ਦੇ ਨਾਮ ਸਾਹਮਣੇ ਆਏ। ਇਸ ਤੋਂ ਬਾਅਦ, ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਉਨ੍ਹਾਂ ਦਾ ਪਿੱਛਾ ਕਰ ਰਹੀ ਸੀ।

ਜਦੋਂ ਪੁਲਿਸ ਨੇ ਇਨ੍ਹਾਂ ਮੁਲਜ਼ਮਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇੱਕ ਮੁਕਾਬਲਾ ਹੋਇਆ, ਅਤੇ ਐਸਐਚਓ ਦੋਰੰਗਲਾ ਦੀ ਗੱਡੀ ਵੀ ਪਲਟ ਗਈ। ਗੁਰਦਾਸਪੁਰ ਦੇ ਐਸਐਸਪੀ ਆਦਿਤਿਆ ਨੇ ਦੱਸਿਆ ਕਿ ਕਤਲ ਦੇ ਸ਼ੱਕੀ ਦੀ ਮੁਕਾਬਲੇ ਦੌਰਾਨ ਮੌਤ ਹੋ ਗਈ। ਸੀਆਈਏ ਸਟਾਫ ਇੰਚਾਰਜ ਗੁਰਮੀਤ ਸਿੰਘ ਨੂੰ ਮੁਲਜ਼ਮ ਰਣਜੀਤ ਨੇ ਬਾਂਹ ਵਿੱਚ ਗੋਲੀ ਮਾਰ ਦਿੱਤੀ। ਉਸਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁਲਜ਼ਮਾਂ ਨੇ ਇਸ ਵਰਦਾਤ (ਪੁਲਿਸ ਮੁਲਾਜ਼ਮਾਂ ਦੇ ਕਤਲ) ਨੂੰ ਕਿਉਂ ਅੰਜਾਮ ਦਿੱਤਾ ਇਸ ਦਾ ਉਦੇਸ਼ ਅਜੇ ਸਪੱਸ਼ਟ ਨਹੀਂ ਹੈ। ਪੁਲਿਸ ਅਧਿਕਾਰੀ ਥੋੜ੍ਹੀ ਦੇਰ ਵਿੱਚ ਮੀਡੀਆ ਨਾਲ ਗੱਲ ਕਰਨਗੇ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/
























