Bhagat Singh Jayanti : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ‘ਤੇ ਵਿਸ਼ੇਸ਼
ਜਿੰਦਗੀ ਤਾਂ ਆਪਣੇ ਬਲ ਤੇ ਜੀਅ ਜਾਂਦੀ ਹੈ, ਦੂਜਿਆਂ ਦੇ ਮੋਢਿਆਂ ਤੇ ਤਾਂ ਕੇਵਲ ਜਨਾਜ਼ੇ ਜਾਂਦੇ ਹਨ – ਭਗਤ ਸਿੰਘ
ਚੰਡੀਗੜ੍ਹ, 28ਸਤੰਬਰ(ਵਿਸ਼ਵ ਵਾਰਤਾ) ਸ਼ਹੀਦ ਭਗਤ ਸਿੰਘ ਦਾ ਜਨਮ 28 ਸਤੰਬਰ, 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿਚ ਹੋਇਆ। Shaheed Bhagat Singh ਦਾ ਜੱਦੀ ਨਿਵਾਸ ਅੱਜ ਵੀ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ (ਹੁਣ ਸ਼ਹੀਦ ਭਗਤ ਸਿੰਘ ਨਗਰ) ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ। ਉਨ੍ਹਾਂ ਦੇ ਪਿਤਾ ਦਾ ਨਾਮ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਮ ਵਿਦਿਆਵਤੀ ਸੀ। Bhagat Singh ਨੂੰ ਦੇਸ਼ ਭਗਤੀ ਦੀ ਗੁੜਤੀ ਪਰਿਵਾਰ ਵਲੋਂ ਹੀ ਮਿਲੀ। ਉਨ੍ਹਾਂ ਦੇ ਪਿਤਾ ਅਤੇ ਚਾਚੇ ਸੁਤੰਤਰਤਾ ਸੰਗਰਾਮੀ ਸਨ। ਭਗਤ ਸਿੰਘ ਦੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਜ਼ਿਲ੍ਹਾ ਬੋਰਡ ਪ੍ਰਾਇਮਰੀ ਸਕੂਲ ਵਿੱਚ ਹੋਈ। ਬਾਅਦ ਵਿੱਚ ਉਹ ਡੀਏਵੀ ਹਾਈ ਸਕੂਲ ਲਾਹੌਰ ਵਿੱਚ ਦਾਖਲ ਹੋ ਗਿਆ। ਅੰਮ੍ਰਿਤਸਰ ਵਿੱਚ 13 ਅਪ੍ਰੈਲ 1919 ਨੂੰ ਹੋਏ ਜਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਨੇ ਭਗਤ ਸਿੰਘ ਦੀ ਸੋਚ ਤੇ ਡੂੰਘਾ ਅਸਰ ਪਾਇਆ ਸੀ। ਇਸ ਘਟਨਾ ਨੇ ਉਨ੍ਹਾਂ ਦੇ ਮਨ ‘ਚ ਅੰਗਰੇਜ਼ਾਂ ਦੇ ਪ੍ਰਤੀ ਨਫਰਤ ਭਰ ਦਿੱਤੀ। ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਨਾਮਿਲਵਰਤਨ ਅੰਦੋਲਨ ਵਾਪਸ ਲੈਣ ਤੋਂ ਬਾਅਦ ਭਗਤ ਸਿੰਘ ਮਹਾਤਮਾ ਗਾਂਧੀ ਦੇ ਅਹਿੰਸਾ ਦੇ ਦਰਸ਼ਨ ਤੋਂ ਨਿਰਾਸ਼ ਹੋ ਗਿਆ। ਭਗਤ ਸਿੰਘ ਨੇ ਨੌਜਵਾਨ ਇਨਕਲਾਬੀ ਲਹਿਰ ਵਿੱਚ ਸ਼ਾਮਲ ਹੁੰਦਿਆਂ ਭਾਰਤ ਵਿੱਚੋਂ ਬ੍ਰਿਟਿਸ਼ ਸਰਕਾਰ ਦੇ ਹਿੰਸਕ ਵਿਰੋਧ ਦੀ ਵਕਾਲਤ ਕਰਨੀ ਸ਼ੁਰੂ ਕਰ ਦਿੱਤੀ। Bhagat Singh ਨੇ 1923 ਵਿਚ ਲਾਹੌਰ ਦੇ ਨੈਸ਼ਨਲ ਕਾਲਜ ਵਿਚ ਦਾਖਲਾ ਲਿਆ। ਉਸ ਵੇਲੇ ਤੱਕ ਇਹ ਨੌਜਵਾਨ ਉਰਦੂ, ਹਿੰਦੀ, ਪੰਜਾਬੀ, ਅੰਗਰੇਜ਼ੀ ਤੇ ਸੰਸਕ੍ਰਿਤ ਭਾਸ਼ਾਵਾਂ ’ਤੇ ਖਾਸੀ ਪਕੜ ਬਣਾ ਚੁੱਕਿਆ ਸੀ। ਭਗਤ ਸਿੰਘ ਨੇ ਭਾਰਤ ਦੀ ਆਜ਼ਾਦੀ ਲਈ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ। ਕ੍ਰਾਂਤੀਕਾਰੀ ਸਾਥੀ ਬਟੁਕੇਸ਼ਵਰ ਦੱਤ ਦੇ ਨਾਲ ਮਿਲਕੇ ਭਗਤ ਸਿੰਘ ਨੇ ਨਵੀਂ ਦਿੱਲੀ ਦੀ ਸੈਂਟਰਲ ਅਸੈਂਬਲੀ ਦੇ ਸਭਾ ਹਾਲ ਵਿੱਚ 8 ਅਪ੍ਰੈਲ, 1928 ਨੂੰ ਅੰਗਰੇਜ਼ ਸਰਕਾਰ ਨੂੰ ਜਗਾਉਣ ਦੇ ਲਈ ਬੰਬ ਸੁੱਟਿਆ। ਬੰਬ ਸੁੱਟਣ ਦੇ ਬਾਅਦ ਉੱਥੇ ਹੀ ਦੋਨਾਂ ਨੇ ਆਪਣੀ ਗਿਰਫ਼ਤਾਰੀ ਦੇ ਦਿੱਤੀ।
ਜਲ੍ਹਿਆਂ ਵਾਲਾ ਬਾਗ ਹੱਤਿਆਕਾਂਡ ਦੀ ਸੂਚਨਾ ਮਿਲਦੇ ਹੀ Bhagat Singh ਆਪਣੇ ਸਕੂਲ ਤੋਂ 12 ਮੀਲ ਪੈਦਲ ਚੱਲ ਕੇ ਜੱਲਿਆਂਵਾਲਾ ਬਾਗ ਪਹੁੰਚ ਗਏ। ਇਸ ਉਮਰ ਵਿੱਚ ਭਗਤ ਸਿੰਘ ਆਪਣੇ ਚਾਚਿਆਂ ਦੀਆਂ ਕ੍ਰਾਂਤੀਕਾਰੀ ਕਿਤਾਬਾਂ ਪੜ੍ਹਦੇ ਅਤੇ ਸੋਚਦੇ ਸਨ ਕਿ ਉਨ੍ਹਾਂ ਦਾ ਰਸਤਾ ਠੀਕ ਹੈ ਕਿ ਨਹੀਂ? ਗਾਂਧੀ ਜੀ ਦੇ ਨਾਮਿਲਵਰਤਨ ਅੰਦੋਲਨ ਛਿੜਨ ਦੇ ਬਾਅਦ ਉਹ ਗਾਂਧੀ ਜੀ ਦੇ ਅਹਿੰਸਕ ਤਰੀਕਿਆਂ ਅਤੇ ਹਿੰਸਕ ਅੰਦੋਲਨ ਵਿੱਚੋਂ ਆਪਣੇ ਲਈ ਰਸਤਾ ਚੁਣਨ ਲੱਗੇ। ਮੁਕੱਦਮੇ ਦੌਰਾਨ ਭਾਰਤ ਦੇ ਇਸ ਮਹਾਨ ਸਪੂਤ ਨੇ ਆਪਣੀ ਰਿਹਾਈ ਲਈ ਭੋਰਾ ਵੀ ਜ਼ੋਰ ਨਹੀਂ ਲਗਾਇਆ ਪਰ ਦੇਸ਼ ਦੀ ਆਜ਼ਾਦੀ ਲਈ ਆਖ਼ਰੀ ਸਾਹ ਤੱਕ ਲੜਨ ਦਾ ਐਲਾਨ ਕੀਤਾ। ਜੇਲ੍ਹ ਵਿੱਚ ਭਗਤ ਸਿੰਘ ਅਤੇ ਬਾਕੀ ਸਾਥੀਆਂ ਨੇ 64 ਦਿਨਾਂ ਤੱਕ ਭੁੱਖ ਹੜਤਾਲ ਕੀਤੀ। ਗਾਂਧੀਵਾਦੀ ਤਰੀਕਿਆਂ ਦੀ ਏਨੀ ਸ਼ਿੱਦਤ ਨਾਲ ਵਰਤੋਂ ਕਰਨ ਦੀ ਇਹ ਅਦੁੱਤੀ ਮਿਸਾਲ ਹੈ। 5 ਜੁਲਾਈ 1929 ਨੂੰ ਪੰਡਤ ਜਵਾਹਰਲਾਲ ਨਹਿਰੂ ਨੇ ਕਾਂਗਰਸ ਸਕੱਤਰ ਦੀ ਹੈਸੀਅਤ ਨਾਲ ਪ੍ਰੈਸ ਨੂੰ ਇੱਕ ਬਿਆਨ ਦਿੱਤਾ – “ਮੈਂ ਬਹੁਤ ਦੁੱਖ ਨਾਲ ਭਗਤ ਸਿੰਘ ਅਤੇ ਦੱਤ ਦੀ ਭੁੱਖ ਹੜਤਾਲ ਦਾ ਸਮਾਚਾਰ ਸੁਣਿਆ ਹੈ। ਪਿਛਲੇ 20 ਜਾਂ ਜਿਆਦਾ ਦਿਨਾਂ ਤੋਂ ਉਨ੍ਹਾਂ ਨੇ ਕੁਝ ਵੀ ਖਾਣ ਤੋਂ ਆਪਣੇ ਆਪ ਨੂੰ ਦੂਰ ਰੱਖਿਆ ਹੈ। ਮੈਨੂੰ ਪਤਾ ਚੱਲਿਆ ਹੈ ਕਿ ਜ਼ਬਰਦਸਤੀ ਵੀ ਖਾਣਾ ਖਿਲਾਇਆ ਜਾ ਰਿਹਾ ਹੈ। ਅਜਿਹੇ, ਆਪਣੀ ਇੱਛਾ ਨਾਲ ਅਪਣਾਏ ਕਸ਼ਟ ਦੇ ਵਕਤ ਸਾਡੇ ਸਭ ਦੇ ਦਿਲ ਉਨ੍ਹਾਂ ਦੇ ਵੱਲ ਉੱਮੜਦੇ ਹਨ। ਉਹ ਆਪਣੇ ਕਿਸੇ ਸਵਾਰਥ ਲਈ ਭੁੱਖ ਹੜਤਾਲ ਤੇ ਨਹੀਂ ਹਨ, ਸਗੋਂ ਰਾਜਨੀਤਕ ਕੈਦੀਆਂ ਦੀ ਹਾਲਤ ਸੁਧਾਰਨ ਲਈ ਅਜਿਹਾ ਕਰ ਰਹੇ ਹਨ। ਜਿਵੇਂ – ਜਿਵੇਂ ਦਿਨ ਗੁਜ਼ਰ ਰਹੇ ਹਨ ਅਸੀਂ ਇਸ ਔਖੀ ਪਰੀਖਿਆ ਨੂੰ ਬੜੀ ਉਤੇਜਨਾ ਨਾਲ ਵੇਖਦੇ ਰਹਾਂਗੇ ਅਤੇ ਮਨ ਵਿੱਚ ਤੀਬਰ ਇੱਛਾ ਰੱਖਾਂਗੇ ਕਿ ਸਾਡੇ ਇਹ ਦੋਨੋਂ ਬਹਾਦਰ ਭਰਾ ਇਸ ਅਗਨੀ-ਪਰੀਖਿਆ ਵਿੱਚ ਸਫ਼ਲ ਹੋਣ।” ਫ਼ਾਂਸੀ ਦੇ ਬਾਦ ਕੋਈ ਅੰਦੋਲਨ ਨਾ ਭੜਕ ਜਾਵੇ ਇਸਦੇ ਡਰ ਤੋਂ ਅੰਗਰੇਜਾਂ ਨੇ ਪਹਿਲਾਂ ਉਨ੍ਹਾਂ ਲਾਸ਼ਾਂ ਦੇ ਟੁਕੜੇ ਕੀਤੇ ਅਤੇ ਫਿਰ ਬੋਰੀਆਂ ਵਿਚ ਭਰ ਕੇ ਫਿਰੋਜ਼ਪੁਰ ਦੇ ਵੱਲ ਲੈ ਗਏ ਜਿੱਥੇ ਮਿੱਟੀ ਦਾ ਤੇਲ ਪਾ ਕੇ ਇਨ੍ਹਾਂ ਨੂੰ ਜਲਾਇਆ ਜਾਣ ਲੱਗਾ। ਪਿੰਡ ਦੇ ਲੋਕਾਂ ਨੇ ਅੱਗ ਵੇਖੀ ਤਾਂ ਕੋਲ ਆਏ। ਇਸ ਤੋਂ ਡਰਕੇ ਅੰਗਰੇਜ਼ ਉਨ੍ਹਾਂ ਦੀਆਂ ਲਾਸ਼ਾਂ ਦੇ ਅੱਧਜਲੇ ਟੁਕੜੇ ਸਤਲੁਜ ਨਦੀ ਵਿਚ ਸੁੱਟਕੇ ਭੱਜਣ ਲੱਗੇ। ਜਦੋਂ ਪਿੰਡ ਵਾਲੇ ਕੋਲ ਆਏ ਤਾਂ ਉਨ੍ਹਾਂ ਨੇ ਉਨ੍ਹਾਂ ਦੀਆਂ ਲਾਸ਼ਾਂ ਦੇ ਟੁਕੜਿਆਂ ਨੂੰ ਇਕੱਠਾ ਕਰ ਕੇ ਵਿਧੀਵਤ ਦਾਹ ਸੰਸਕਾਰ ਕੀਤਾ। ਭਗਤ ਸਿੰਘ ਹਮੇਸ਼ਾ ਲਈ ਅਮਰ ਹੋ ਗਏ। ਇਸ ਤੋਂ ਬਾਅਦ ਲੋਕ ਅੰਗਰੇਜਾਂ ਦੇ ਨਾਲ ਨਾਲ ਮਹਾਤਮਾ ਗਾਂਧੀ ਨੂੰ ਵੀ ਉਨ੍ਹਾਂ ਦੀ ਮੌਤ ਦਾ ਜ਼ਿੰਮੇਵਾਰ ਸਮਝਣ ਲੱਗੇ। ਇਸ ਕਾਰਨ ਜਦੋਂ ਗਾਂਧੀਜੀ ਕਾਂਗਰਸ ਦੇ ਕਰਾਚੀ ਸੈਸ਼ਨ ਵਿਚ ਹਿੱਸਾ ਲੈਣ ਜਾ ਰਹੇ ਸਨ ਤਾਂ ਲੋਕਾਂ ਨੇ ਕਾਲੇ ਝੰਡਿਆਂ ਦੇ ਨਾਲ ਗਾਂਧੀਜੀ ਦਾ ਸਵਾਗਤ ਕੀਤਾ। ਭਗਤ ਸਿੰਘ ਨੂੰ ਹਿੰਦੀ, ਉਰਦੂ, ਪੰਜਾਬੀ ਅਤੇ ਅੰਗਰੇਜ਼ੀ ਦੇ ਇਲਾਵਾ ਬੰਗਲਾ ਵੀ ਆਉਂਦੀ ਸੀ ਜੋ ਕਿ ਉਨ੍ਹਾਂ ਨੇ ਬਟੁਕੇਸ਼ਵਰ ਦੱਤ ਤੋਂ ਸਿੱਖੀ ਸੀ। ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਮੁਕਰਰ ਕੀਤੀ ਗਈ ਸੀ। ਪਰੰਤੂ ਲੋਕਾਂ ਦਾ ਇਕੱਠ 23 ਮਾਰਚ ਸਵੇਰ ਤੋਂ ਜੇਲ੍ਹ ਦੇ ਗੇਟ ਬਾਹਰ ਇਕੱਠਾ ਹੋਣ ਲੱਗਾ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇੱਕ ਕੋਝੀ ਚਾਲ ਚਲਦਿਆਂ 23 ਮਾਰਚ,1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ। ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੂੰ ਫਾਂਸੀ ਦੇ ਤੱਖਤੇ ਤੱਕ ਲਿਜਾਉਣ ਲਈ ਪੁਲਿਸ ਕਰਮਚਾਰੀ ਆਏ ਤਾਂ ਉਸ ਸਮੇਂ ਭਗਤ ਸਿੰਘ ਲੈਨਿਨ ਦੀ ਜੀਵਨੀ ਪੜ੍ਹ ਰਿਹਾ ਸੀ। ਫਾਂਸੀ ਸਮੇਂ ਭਗਤ ਸਿੰਘ ਦੀ ਉਮਰ 23 ਸਾਲ , 5 ਮਹੀਨੇ ਅਤੇ 27 ਦਿਨ ਸੀ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆਂ ਦੇ ਕੰਢੇ ਤੇ ਜਲ੍ਹਾ ਦਿੱਤੀਆਂ ਗਈਆਂ। ਅੱਜ ਲੋੜ ਹੈ ਉਹਨਾਂ ਦੇ ਦਿਖਾਏ ਰਸਤੇ ਤੇ ਚੱਲਣ ਦੀ। ਭਗਤ ਸਿੰਘ ਤੇ ਉਸਦੇ ਸਾਥੀ ਸਾਡੇ ਦਿਲਾਂ ਵਿੱਚ ਹਮੇਸ਼ਾ ਅਮਰ ਰਹਿਣਗੇ।