Batala News : ਬਟਾਲਾ-ਕਾਦੀਆਂ ਰੋਡ ‘ਤੇ ਵਾਪਰੇ ਬੱਸ ਹਾਦਸੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ
ਪੀੜਤ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ ; ਅਫ਼ਸਰਾਂ ਨੂੰ ਦਿੱਤੇ ਸਖ਼ਤ ਆਦੇਸ਼
ਚੰਡੀਗੜ੍ਹ, 30ਸਤੰਬਰ(ਵਿਸ਼ਵ ਵਾਰਤਾ) ਬਟਾਲਾ-ਕਾਦੀਆਂ ਰੋਡ ਤੇ ਅੱਜ ਦੁਪਹਿਰ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਕਈ ਜ਼ਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆਂ ਜਦੋਂ ਇਕ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਬੱਸ ਉੱਥੇ ਬਣੇ ਬੱਸ ਅੱਡੇ ਵਿੱਚ ਜਾ ਟਰਕਾਈ। ਇਹ ਘਟਨਾ ਪਿੰਡ ਸ਼ਾਹਬਾਦ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਇਕ ਨਿੱਜੀ ਕੰਪਨੀ ਦੀ ਬੱਸ ਬਟਾਲਾ ਤੋਂ ਮੋਹਾਲੀ ਜਾ ਰਹੀ ਸੀ। ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚੀ ਹੈ। ਇਸ ਘਟਨਾ ’ਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਉਹਨਾਂ ਨੇ ਸੋਸ਼ਲ ਮੀਡੀਆ ਤੇ ਲਿਖਿਆ “ਬਟਾਲਾ-ਕਾਦੀਆਂ ਰੋਡ ‘ਤੇ ਇੱਕ ਬੱਸ ਹਾਦਸਾਗ੍ਰਸਤ ਹੋਈ ਹੈ ਜਿਸ ਵਿੱਚ ਕੁੱਝ ਲੋਕਾਂ ਦੀ ਮੌਤ ਦੀ ਦੁੱਖਦਾਈ ਖ਼ਬਰ ਮਿਲ ਰਹੀ ਹੈ ਤੇ ਕੁੱਝ ਯਾਤਰੀ ਗੰਭੀਰ ਜ਼ਖਮੀ ਦੱਸੇ ਜਾ ਰਹੇ ਨੇ… ਮੈਂ ਪ੍ਰਸ਼ਾਸਨ ਨਾਲ ਗੱਲ ਕੀਤੀ ਹੈ ਤੇ ਅਫਸਰ ਮੌਕੇ ‘ਤੇ ਨੇ…ਪੀੜਤ ਪਰਿਵਾਰਾਂ ਪ੍ਰਤੀ ਮੇਰੀ ਦਿਲੋਂ ਹਮਦਰਦੀ ਹੈ…ਪੰਜਾਬ ਸਰਕਾਰ ਪੀੜਤ ਪਰਿਵਾਰਾਂ ਦੇ ਨਾਲ ਹੈ..”