Australian News: ਆਸਟ੍ਰੇਲੀਆ ‘ਚ ਅੱਜ ਤੋਂ ਵੱਡੇ ਬਦਲਾਅ – ਬਿਜਲੀ ‘ਤੇ ਰਾਹਤ, ਇੰਟਰਨੈਟ ਹੋਵੇਗਾ ਮਹਿੰਗਾ
ਵੀਜ਼ਾ ਨਿਯਮਾਂ ‘ਚ ਵੱਡੀ ਤਬਦੀਲੀ -ਤਨਖਾਹਾਂ ‘ਚ ਹੋਵੇਗਾ ਵਾਧਾ
ਮੈਲਬੋਰਨ ,1ਜੁਲਾਈ (ਵਿਸ਼ਵ ਵਾਰਤਾ): ਆਸਟਰੇਲੀਆ ਸਰਕਾਰ ਨੇ 1 ਜੁਲਾਈ ਤੋਂ ਬਿਜਲੀ ਦੇ ਬਿੱਲਾਂ, ਇੰਟਰਨੈਟ ਸੇਵਾਵਾਂ,ਘੱਟ ਤੋਂ ਘੱਟ ਤਨਖਾਹ ਅਤੇ ਵੀਜ਼ਾ ਨਿਯਮਾਂ ਦੇ ਵਿੱਚ ਵੱਡੇ ਬਦਲਾਅ ਕਰਨ ਦਾ ਐਲਾਨ ਕੀਤਾ ਹੈ। 1 ਜੁਲਾਈ ਤੋਂ ਬਿਜਲੀ ਦੇ ਬਿਲਾਂ ਦੇ ਵਿੱਚ ਰਿਆਇਤ ਮਿਲੇਗੀ। ਇੰਟਰਨੈਟ ਸੇਵਾਵਾਂ ਮਹਿੰਗੀਆਂ ਹੋਣਗੀਆਂ ਘੱਟੋ ਘੱਟ ਤਨਖਾਹ ਦੇ ਵਿੱਚ ਵੀ ਸਰਕਾਰ ਵੱਲੋਂ ਵਾਧਾ ਕੀਤਾ ਗਿਆ ਹੈ ਇਸ ਤੋਂ ਇਲਾਵਾ ਵੀਜ਼ਾ ਨਿਯਮਾਂ ਦੇ ਵਿੱਚ ਵੀ ਵੱਡਾ ਬਦਲਾ ਦੇਖਣ ਨੂੰ ਮਿਲੇਗਾ।
ਬਿਜਲੀ ਦੇ ਬਿਲਾਂ ਵਿੱਚ ਮਿਲੇਗੀ ਰਿਆਇਤ
1 ਜੁਲਾਈ ਤੋਂ ਹਰ ਤਿੰਨ ਮਹੀਨੇ ਬਾਅਦ ਆਉਣ ਵਾਲੇ ਬਿੱਲਾਂ ਦੇ ਵਿੱਚ ਫੈਡਰਲ ਸਰਕਾਰ ਵੱਲੋਂ 75 ਡਾਲਰ ਦੀ ਮਦਦ ਦਿੱਤੀ ਜਾਵੇਗੀ। ਇਸ ਤਰ੍ਹਾਂ ਉਪਭੋਗਤਾਵਾਂ ਦਾ ਇੱਕ ਸਾਲ ਦੇ ਵਿੱਚ 300 ਡਾਲਰ ਦਾ ਫਾਇਦਾ ਹੋਵੇਗਾ। ਬਿਜਲੀ ਦੇ ਬਿੱਲਾਂ ਵਿੱਚ ਇਹ ਰਿਆਇਤ ਦਾ ਆਸਟਰੇਲੀਆ ਦੇ 1 ਕਰੋੜ ਪਰਿਵਾਰਾਂ ਨੂੰ ਫਾਇਦਾ ਮਿਲੇਗਾ। ਜਿਸ ਦੇ ਵੀ ਨਾਮ ‘ਤੇ ਬਿਜਲੀ ਦਾ ਬਿੱਲ ਆਉਂਦਾ ਹੋਵੇ, ਉਹ ਚਾਹੇ ਕਿਰਾਏਦਾਰ ਹੋਵੇ ਮਾਲਕ ਮਕਾਨ ਹੋਵੇ, ਕਿਸੇ ਵੀਜ਼ਾ ਤੇ ਹੋਵੇ ਜਾਂ, ਪੱਕਾ ਵਸਨੀਕ ਹੋਵੇ ਸਭ ਨੂੰ ਬਿਜਲੀ ਦੀ ਇਸ ਰਿਆਇਤ ਦਾ ਸਰਕਾਰ ਵੱਲੋਂ ਫਾਇਦਾ ਮਿਲੇਗਾ। ਕੁਈਨਸਲੈਂਡ ਦੀ ਸਰਕਾਰ ਨੇ ਸੂਬੇ ਦੇ ਵਸਨੀਕਾਂ ਦੇ ਲਈ ਅਗਲੇ ਇੱਕ ਸਾਲ ਦੇ ਵਿੱਚ 1000 ਡਾਲਰ ਦੀ ਅਲੱਗ ਤੋਂ ਛੋਟ ਦੇਣ ਦਾ ਐਲਾਨ ਕੀਤਾ ਹੈ। ਹਰ ਤਿੰਨ ਮਹੀਨੇ ਬਾਅਦ ਆਉਣ ਵਾਲੇ ਬਿੱਲਾਂ ਦੇ ਵਿੱਚ ਇਹ ਰਾਹਤ ਮਿਲੇਗੀ ਫੈਡਰਲ ਸਰਕਾਰ ਦੇ 300 ਡਾਲਰ ਦੀ ਰਿਆਇਤ ਤੋਂ ਇਲਾਵਾ। ਤਸਮਾਨੀਆ ਸੂਬੇ ਨੇ ਵੀ ਆਪਣੇ
ਵਸਨੀਕਾਂ ਨੂੰ 250 ਡਾਲਰ ਸਲਾਨਾ ਦਾ ਪੈਕੇਜ ਐਲਾਨ ਚੁੱਕਾ ਹੈ।
ਇੰਟਰਨੈਟ ਬਿਲਾਂ ਦੇ ਵਿੱਚ ਹੋਇਆ ਵਾਧਾ
ਆਸਟਰੇਲੀਆ ਦੇ ਸਾਰੇ ਹੀ ਸੂਬਿਆਂ ਦੇ ਵਿੱਚ ਇੰਟਰਨੈਟ ਦੇ ਲਈ ਵੱਧ ਫੀਸਾਂ ਵਸੂਲੀਆਂ ਜਾਣਗੀਆਂ। ਇੱਕ ਜੁਲਾਈ ਤੋਂ ਬਾਅਦ ਇੰਟਰਨੈਟ ਦੇ ਵੱਧ ਬਿੱਲ ਆਉਣਗੇ। ਹੋਮ ਬੇਸਿਕ ਪਲੈਨ ਦੇ ਵਿੱਚ 26.25 ਡਾਲਰ ਦਾ ਵਾਧਾ ਕੀਤਾ ਗਿਆ ਹੈ। ਜਦਕਿ ਹੋਮ ਸਟੈਂਡਰਡ ਪਲੈਨ ਦੇ ਵਿੱਚ 52 ਡਾਲਰ ਵਧਾਏ ਗਏ ਹਨ। ਹੋਮ ਸੁਪਰ ਫਾਸਟ ਪਲਾਨ ਦੇ ਵਿੱਚ 62 ਡਾਲਰ ਦਾ ਇਜਾਫਾ ਕੀਤਾ ਗਿਆ ਹੈ। ਜਦਕਿ ਅਲਟਰਾ ਸੁਪਰਫਾਸਟ ਪਲੈਨ ਦੇ ਵਿੱਚ 72 ਡਾਲਰ ਵੱਧ ਦੇਣੇ ਹੋਣਗੇ।
ਘੱਟੋ ਘੱਟ ਤਨਖਾਹ ਦੇ ਵਿੱਚ ਹੋਇਆ ਵਾਧਾ
ਆਸਟਰੇਲੀਆ ਵਿੱਚ ਹੁਣ ਨੈਸ਼ਨਲ ਮਿਨੀਮਮ ਵੇਜਸ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ। 1 ਜੁਲਾਈ ਤੋਂ ਮਿਨੀਮਮ ਵੇਜ 24.10 ਡਾਲਰ ਪ੍ਰਤੀ ਘੰਟਾ ਹੋਵੇਗੀ ਯਾਨੀ ਕਿ 23.23 ਡਾਲਰ ਪ੍ਰਤੀ ਘੰਟਾ ਤੋਂ ਵਧਾ ਕੇ ਹੁਣ ਘੱਟੋ ਘੱਟ ਉਜਰਤ 24.10 ਡਾਲਰ ਪ੍ਰਤੀ ਘੰਟਾ ਕਰ ਦਿੱਤੀ ਗਈ ਹੈ। ਇਸ ਦੇ ਵਿੱਚ 3.75 ਪ੍ਰਤੀਸ਼ਤ ਦਾ ਵਾਧਾ ਕੀਤਾ ਗਿਆ ਹੈ। ਆਸਟਰੇਲੀਆ ਦੇ ਆਮ ਲੋਕ ਹੀ ਨਹੀਂ ਬਲਕਿ ਖਾਸ ਲੋਕਾਂ ਦੀਆਂ ਤਨਖਾਹਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਫੈਡਰਲ ਐਮਪੀ ਦੀ ਬੇਸਿਕ ਤਨਖਾਹ ਹੁਣ 225750 ਡਾਲਰ ਤੋਂ ਵੱਧ ਕੇ 233,650 ਡਾਲਰ ਕਰ ਦਿੱਤੀ ਗਈ ਹੈ। ਯਾਨੀ ਕਿ ਇਸ ਦੇ ਵਿੱਚ ਵੀ 8 ਹਜਾਰ ਡਾਲਰ ਦਾ ਸਲਾਨਾ ਫਾਇਦਾ ਹੋਵੇਗਾ। ਵਿਰੋਧੀ ਧਿਰ ਦੇ ਆਗੂ ਪਿਛਲੇ ਸਾਲ ਨਾਲੋਂ 15 ਹਜਾਰ ਡਾਲਰ ਵੱਧ ਕਮਾਉਣਗੇ ਪ੍ਰਧਾਨ ਮੰਤਰੀ ਐਥਨੀ ਐਲਬਨੀਜ ਇਸ ਨਵੇਂ ਸਾਲ ਦੇ ਵਿੱਚ 20 ਹਜਾਰ ਡਾਲਰ ਵੱਧ ਕਮਾਉਣਗੇ ਉਹਨਾਂ ਦੀ ਨਵੀਂ ਤਨਖਾਹ 67490 ਡਾਲਰ ਹੋਵੇਗੀ।
ਰਿਟਾਇਰਮੈਂਟ ਤੇ ਵੀ ਮਿਲੇਗਾ ਫਾਇਦਾ
ਰਿਟਾਇਰ ਹੋਣ ‘ਤੇ ਵੀ ਆਸਟਰੇਲੀਆ ਦੇ ਵਿੱਚ ਲੋਕਾਂ ਨੂੰ ਵੱਧ ਫਾਇਦਾ ਮਿਲੇਗਾ ਸੁਪਰ ਫੰਡ ਦੇ ਵਿੱਚ ਅੱਧਾ ਫੀਸਦ ਵਾਧਾ ਕੀਤਾ ਗਿਆ ਹੈ ਯਾਨੀ ਕਿ, ਹੁਣ ਸੈਲਰੀ ਸਲਿਪ ਤੇ 11 ਫੀਸਦ ਦੀ ਬਜਾਏ 11.5 ਸੁਪਰ ਜੋੜ ਦਿੱਤਾ ਗਿਆ ਹੈ।
ਪਾਸਪੋਰਟ ਹੋਇਆ ਮਹਿੰਗਾ
ਤੁਰੰਤ ਪਾਸਪੋਰਟ ਸਕੀਮ ਜਿਸ ਦੇ ਵਿੱਚ 252 ਡਾਲਰ ਦੇ ਵਾਧੂ ਭੁਗਤਾਨ ਦੇ ਨਾਲ ਪਾਸਪੋਰਟ ਜਾਰੀ ਕੀਤਾ ਜਾਂਦਾ ਸੀ ਉਹ ਜਾਰੀ ਰਹੇਗਾ। ਪਰ ਉਸ ਤੋਂ ਇਲਾਵਾ ਦੇ 5 ਦਿਨਾ ਅੰਦਰ ਪਾਸਪੋਰਟ ਜਾਰੀ ਕਰਵਾਉਣ ਦੇ ਲਈ 100 ਡਾਲਰ ਵਾਧੂ ਦਾ ਭੁਗਤਾਨ ਲਿਆ ਜਾਵੇਗਾ ਜੋ ਕਿ 1 ਜੁਲਾਈ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਵੀਜ਼ਾ ਨਿਯਮਾਂ ਦੇ ਵਿੱਚ ਆਇਆ ਵੱਡਾ ਬਦਲਾਅ
ਵਿਸਟਰ ਵੀਜਾ ਨੂੰ ਸਟੂਡੈਂਟ ਵੀਜ਼ਾ ਵਿੱਚ ਤਬਦੀਲ ਕਰਾਉਣ ਵਾਲਿਆਂ ਦੇ ਲਈ ਮਾੜੀ ਖਬਰ ਹੈ। ਇੱਕ ਜੁਲਾਈ ਤੋਂ ਇਹ ਨਿਯਮ ਖਤਮ ਕਰ ਦਿੱਤਾ ਗਿਆ ਹੈ। ਆਸਟਰੇਲੀਆ ਦੇ ਵਿੱਚ ਟੈਂਪਰੇਰੀ ਗ੍ਰੈਜੂਏਟ ਵੀਜ਼ਾ ਹੋਲਡਰ ਵੀ ਹੁਣ ਸਟੂਡੈਂਟ ਵੀਜ਼ਾ ਨਹੀਂ ਲੈ ਸਕਣਗੇ। ਇਸ ਤੋਂ ਇਲਾਵਾ ਆਸਟਰੇਲੀਆ ਦੇ ਵਿੱਚ ਵਿੱਤੀ ਤੌਰ ਤੇ ਕਮਜ਼ੋਰ ਵਿਅਕਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਪੈਨਸ਼ਨਾਂ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ।