Australia: ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਸਿੱਖ ਨੌਜਵਾਨ ‘ਤੇ ਹੋਇਆ ਨਸਲੀ ਹਮਲਾ
ਚੰਡੀਗੜ੍ਹ, 19 ਫਰਵਰੀ 2026 (ਵਿਸ਼ਵ ਵਾਰਤਾ) – ਆਸਟ੍ਰੇਲੀਆ ਵਿੱਚ ਮੈਲਬੌਰਨ ਦੇ ਗੀਲੋਂਗ ਖੇਤਰ ਵਿੱਚ 22 ਸਾਲਾ ਸਿੱਖ ਨਰਸ ਹਰਮਨਪ੍ਰੀਤ ਸਿੰਘ ‘ਤੇ ਨਸਲੀ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ‘ਚ ਨੌਜਵਾਨ ਦੇ ਨੱਕ ਦੀ ਹੱਡੀ ਟੁੱਟ ਗਈ ਹੈ। ਇਹ ਘਟਨਾ ਮੰਗਲਵਾਰ ਰਾਤ ਨੂੰ ਕੋਰੀਓ ਖੇਤਰ ਦੇ ਇੱਕ ਜਿਮ ਵਿੱਚ ਵਾਪਰੀ। 22 ਸਾਲਾ ਸਿੱਖ ਨਰਸ ਹਰਮਨਪ੍ਰੀਤ ਸਿੰਘ ਨੂੰ ਤਿੰਨ ਅਣਪਛਾਤੇ ਵਿਅਕਤੀਆਂ ਨੇ ਨਾ ਸਿਰਫ਼ ‘ਇੰਡੀਅਨ ਡੌਗ’ ਕਹਿ ਕੇ ਅਪਮਾਨਿਤ ਕੀਤਾ, ਸਗੋਂ ਉਸਦੇ ਨੱਕ ‘ਤੇ ਸਿਰ ਮਾਰ ਕੇ ਗੰਭੀਰ ਜ਼ਖਮੀ ਵੀ ਕਰ ਦਿੱਤਾ।
ਮੀਡੀਆ ਦੀਆਂ ਖਬਰਾਂ ਅਨੁਸਾਰ ਹਰਮਨਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਰਾਤ 11 ਵਜੇ ਦੇ ਕਰੀਬ ਜਿਮ ਵਿੱਚ ਕਸਰਤ ਕਰ ਰਿਹਾ ਸੀ ਤਾਂ ਤਿੰਨ ਆਦਮੀ ਆਏ ਅਤੇ ਉਸ ਨਾਲ ਬਹਿਸ ਕਰਨ ਲੱਗੇ ਅਤੇ ਉਸਨੂੰ ਗਾਲ੍ਹਾਂ ਕੱਢਣ ਲੱਗ ਪਏ। ਉਸ ਤੋਂ ਬਾਅਦ ਜਦੋਂ ਉਹ ਜਿਮ ਤੋਂ ਬਾਹਰ ਨਿਕਲਿਆ, ਤਾਂ ਤਿੰਨ ਆਦਮੀ ਬਾਹਰ ਉਸਦਾ ਇੰਤਜ਼ਾਰ ਕਰ ਰਹੇ ਸਨ। ਉਨ੍ਹਾਂ ਨੇ ਹਰਮਨਪ੍ਰੀਤ ਨੂੰ “ਭਾਰਤੀ ਕੁੱਤਾ” ਕਿਹਾ ਅਤੇ ਕਿਹਾ “ਜਿੱਥੋਂ ਆਏ ਹੋ ਉੱਥੇ ਵਾਪਸ ਚਲੇ ਜਾਓ।” ਫਿਰ ਇੱਕ ਆਦਮੀ ਨੇ ਅਚਾਨਕ ਉਸਦੇ ਨੱਕ ‘ਤੇ ਸਿਰ ਨਾਲ ਵਾਰ ਕੀਤਾ, ਜਿਸ ਨਾਲ ਉਸਦੇ ਨੱਕ ‘ਚੋਂ ਖੂਨ ਵਹਿਣ ਲੱਗ ਪਿਆ। ਹਮਲੇ ਤੋਂ ਬਾਅਦ, ਤਿੰਨੇ ਆਦਮੀ ਭੱਜ ਗਏ।
ਰਾਹਗੀਰਾਂ ਨੇ ਹਰਮਨਪ੍ਰੀਤ ਨੂੰ ਹਸਪਤਾਲ ਪਹੁੰਚਾਇਆ। ਜਾਣਕਾਰੀ ਮਿਲ ਰਹੀ ਹੈ ਕਿ ਉਸ ਨੂੰ ਸਰਜਰੀ ਕਰਾਉਣੀ ਪੈ ਸਕਦੀ ਹੈ। ਇਹ ਘਟਨਾ ਅਜਿਹੇ ਸਮੇਂ ਵਿੱਚ ਵਾਪਰੀ ਹੈ ਜਦੋਂ ਪਿਛਲੇ ਸਾਲ ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਾਂ ਤੋਂ ਬਾਅਦ ਭਾਰਤੀ ਭਾਈਚਾਰੇ ਵਿਰੁੱਧ ਨਸਲੀ ਹਮਲਿਆਂ ਦੀਆਂ ਰਿਪੋਰਟਾਂ ਵਧੀਆਂ ਹਨ। ਇਸ ਮਹੀਨੇ ਭਾਰਤੀ-ਆਸਟ੍ਰੇਲੀਅਨਾਂ ਦੇ ਕਈ ਕਾਰੋਬਾਰਾਂ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/

























