Australia ਜਾਣ ਤੋਂ ਪਹਿਲਾਂ ਪ੍ਰੈਸ ਕਾਨਫਰੰਸ ‘ਚ ਨਹੀਂ ਪਹੁੰਚੇ ਕੈਨੇਡੀਅਨ ਪ੍ਰਧਾਨ ਮੰਤਰੀ
– ਆਸਟ੍ਰੇਲੀਆ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ
– ਕੈਨੇਡਾ ‘ਚ ਸਿੱਖਾਂ ਵਿਰੁੱਧ ਹਿੰਸਾ ਬਾਰੇ ਪੱਤਰਕਾਰਾਂ ਦੇ ਸਵਾਲਾਂ ਤੋਂ ਬਣਾਈ ਦੂਰੀ
ਚੰਡੀਗੜ੍ਹ, 4 ਮਾਰਚ 2026 (ਵਿਸ਼ਵ ਵਾਰਤਾ) – ਇਨ੍ਹੀ ਦਿਨੀਂ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਭਾਰਤ, ਆਸਟ੍ਰੇਲੀਆ ਤੇ ਜਪਾਨ ਦੇ ਦੌਰੇ ‘ਤੇ ਹਨ। ਭਾਰਤ ‘ਚ ਚਾਰ ਦਿਨਾ ਦੀ ਫੇਰੀ ਤੋਂ ਬਾਅਦ ਉਹ ਆਸਟ੍ਰੇਲੀਆ ‘ਚ ਸਿਡਨੀ ਵਿਖੇ ਪਹੁੰਚ ਗਏ ਹਨ। ਇਸ ਦੌਰਾਨ ਕਾਰਨੀ ਪੱਤਰਕਾਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਤੋਂ ਕਤਰਾ ਰਹੇ ਜਾਪਦੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਭਾਰਤ ‘ਚ ਪੱਤਰਕਾਰਾਂ ਦੇ ਰੂ-ਬ-ਰੂ ਨਹੀਂ ਹੋਏ। ਨਾ ਹੀ ਆਪਣੇ ਭਾਰਤ ਦੌਰੇ ਦੀ ਸ਼ੁਰੂਆਤ ਮੌਕੇ ਅਤੇ ਨਾ ਹੀ ਦੌਰੇ ਦੇ ਖਤਮ ਹੋਣ ਮੌਕੇ। ਦੱਸ ਦਈਏ ਕਿ ਭਾਰਤ ਫੇਰੀ ਖਤਮ ਹੋਣ ‘ਤੇ ਦਿੱਲੀ ਵਿਖੇ ਕੈਨੇਡਾ ਦੇ ਦੂਤਾਵਾਸ ‘ਚ ਕਾਰਨੀ ਨੇ ਪੱਤਰਕਾਰਾਂ ਨੂੰ ਸੰਬੋਧਨ ਕਰਨਾ ਸੀ ਪਰ ਉਹ ਇਸ ਪ੍ਰੈਸ ਕਾਨਫਰੰਸ ‘ਚ ਨਹੀਂ ਪੁੱਜੇ ਅਤੇ ਉਨ੍ਹਾਂ ਦੀ ਜਗ੍ਹਾ ਕੈਬਨਿਟ ਮੰਤਰੀ ਅਨੀਤਾ ਅਨੰਦ ਤੇ ਮਨਿੰਦਰ ਸਿੱਧੂ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇਣ ਪੁੱਜੇ। ਇਸ ਦੌਰਾਨ ਪੱਤਰਕਾਰਾਂ ਵੱਲੋਂ ਉਨ੍ਹਾਂ ਨੂੰ ਕੈਨੇਡਾ ਦੇ ਸਿੱਖਾਂ ਅਤੇ ਉੱਥੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ, ਸਾਬਕਾ ਪੀਐਮ ਟਰੂਡੋ ਦੇ ਭਾਰਤ ‘ਤੇ ਦੋਸ਼ਾਂ, ਨਿੱਜਰ ਦੇ ਕਤਲ ਅਤੇ ਹੋਰ ਸਿੱਖ ਸਰਗਰਮੀਆਂ ਬਾਰੇ ਸਵਾਲ ਪੁੱਛੇ ਗਏ।
ਪਰ ਇਸ ਦੌਰਾਨ ਕੈਬਨਿਟ ਮੰਤਰੀ ਅਨੀਤਾ ਅਨੰਦ ਤੇ ਮਨਿੰਦਰ ਸਿੱਧੂ ਵੱਲੋਂ ਕਿਸੇ ਵੀ ਸਵਾਲ ਦਾ ਤਸੱਲੀਬਕਸ਼ ਜਵਾਬ ਨਹੀਂ ਦਿੱਤਾ ਗਿਆ। ਸਗੋਂ ਵਾਰ-ਵਾਰ ਸਵਾਲ ਪੁੱਛਣ ‘ਰੇ ਸਿਰਫ ਇਹ ਕਿਹਾ ਜਾਂਦਾ ਰਿਹਾ ਕਿ ਕੈਨੇਡਾ ‘ਚ ਲੋਕਾਂ ਦੀ ਸੁਰੱਖਿਆ ਤੇ ਵਿਦੇਸ਼ੀ ਦਖਲ ਦੇ ਮੁੱਦੇ ਨੂੰ ਭਾਰਤ ਦੇ ਅਧਿਕਾਰੀਆਂ ਸਨਮੁਖ ਪ੍ਰਮੁੱਖਤਾ ਨਾਲ ਉਭਾਰਿਆ ਜਾਂਦਾ ਰਿਹਾ ਹੈ ਪਰ ਅਜਿਹੇ ਸੰਵੇਦਨਸ਼ੀਲ ਮੁੱਦੇ ਦੇ ਹੱਲ ਲਈ ਗੱਲਬਾਤ ਦੇ ਦਰਵਾਜ਼ੇ ਖੁਲ੍ਹੇ ਰੱਖਣਾ ਜਰੂਰੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























