Australia : ਬਟਾਲੇ ਦੇ ਰਹਿਣ ਵਾਲੇ ਅਨਮੋਲ ਬਾਜਵਾ ਦੀ ਭੇਦਭਰੀ ਹਾਲਤ ‘ਚ ਮੌਤ ; ਦੋਸਤ ‘ਤੇ ਹੀ ਲੱਗਿਆ ਕਤਲ ਕਰਨ ਦਾ ਇਲਜ਼ਾਮ
ਮੈਲਬੋਰਨ, 22ਜਨਵਰੀ(ਗੁਰਪੁਨੀਤ ਸਿੱਧੂ) ਆਸਟਰੇਲੀਆ ਵੱਸਦੇ ਬਟਾਲੇ ਦੇ ਇੱਕ ਵਿਅਕਤੀ ਦੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 36 ਸਾਲਾ ਅਨਮੋਲ ਬਾਜਵਾ ਵਜੋਂ ਹੋਈ ਹੈ, ਜੋ ਕਿ ਇੱਥੇ ਵੈਰਬੀ ਦੇ ਵਿੰਡਹੈਮ ਵੇਲ (Wyndham Vale) ਇਲਾਕੇ ਦਾ ਰਹਿਣ ਵਾਲਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਨਮੋਲ ਬਾਜਵਾ ਦੀ ਲਾਸ਼ ਮੰਗਲਵਾਰ ਸਵੇਰੇ 7.30 ਵਜੇ ਦੇ ਕਰੀਬ ਵਿੰਡਹੈਮ ਵੇਲ ਦੇ ਪੱਛਮ ਵਿੱਚ ਸਥਿਤ ਐਲੀਮੈਂਟਰੀ ਰੋਡ ਪਾਰਕ ਵਿੱਚ ਮਿਲੀ। ਮ੍ਰਿਤਕ ਇੱਕ ਟਰੱਕ ਡਰਾਇਵਰ ਸੀ, ਜਿਸ ਦੇ ਦੋ ਬੱਚੇ ਹਨ, ਜਿਹਨਾਂ ਦੀ ਉਮਰ ਬੇਟੀ 6 ਸਾਲ ਅਤੇ ਬੇਟੇ ਦੀ ਉਮਰ 3 ਸਾਲ ਦੱਸੀ ਜਾ ਰਹੀ ਹੈ।
ਅਨਮੋਲ ਬਾਜਵਾ ਦੀ ਲਾਸ਼ ਮਿਲਣ ਤੋਂ ਬਾਅਦ ਉਸਦੇ ਕਤਲ ਦਾ ਇਲਜ਼ਾਮ ਉਸਦੇ ਹੀ ਦੋਸਤ ਤੇ ਲੱਗਾ ਹੈ, ਜਿਸ ਦਾ ਨਾਮ ਇਸ਼ਟਪਾਲ ਸਿੰਘ ਹੈ, ਤੇ ਪੇਸ਼ੇ ਤੋਂ ਇਕ ਟਰੱਕ ਡਰਾਇਵਰ ਹੈ। ਮਿਲੀ ਜਾਣਕਾਰੀ ਅਨੁਸਾਰ ਇਸ਼ਟਪਾਲ ਸਿੰਘ ਵੀ ਬਟਾਲਾ ਦਾ ਹੀ ਰਹਿਣ ਵਾਲਾ ਹੈ ਤੇ ਉਹ ਬਚਪਨ ਤੋਂ ਹੀ ਅਨਮੋਲ ਬਾਜਵਾ ਦਾ ਦੋਸਤ ਸੀ ਤੇ ਦੋਨੋਂ ਦੋਸਤ ਇੱਥੇ ਵਿਦੇਸ਼ ਵਿੱਚ ਟਰੱਕ ਡਰਾਇਵਰ ਹਨ। ਅਨਮੋਲ ਦੇ ਪਰਿਵਾਰ ਨੇ ਇਸ਼ਟਪਾਲ ਸਿੰਘ ਤੇ ਕਤਲ ਦੇ ਦੋਸ਼ ਲਗਾਏ ਹਨ ਪਰਿਵਾਰ ਦਾ ਕਹਿਣਾ ਹੈ ਕਿ ਇਹ ਕਤਲ ਆਪਸੀ ਲੈਣ-ਦੇਣ ਕਾਰਨ ਕੀਤਾ ਗਿਆ ਹੈ। ਅਨਮੋਲ ਦੀ ਲਾਸ਼ ਮਿਲਣ ਤੋਂ ਬਾਅਦ ਇਸ਼ਟਪਾਲ ਸਿੰਘ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਹੈ, ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/