Australia ‘ਚ 5 ਭਾਰਤੀਆਂ ਨੂੰ ਮਾਰਨ ਵਾਲਾ ਦੋਸ਼ ਮੁਕਤ ਕਰਾਰ
ਵੱਡੇ ਸਵਾਲਾਂ ਦੇ ਘੇਰੇ ‘ਚ ਆਇਆ ਅਦਾਲਤੀ ਫੈਸਲਾ, ਭਾਰਤੀ ਮੂਲ ਦੇ ਲੋਕਾਂ ‘ਚ ਰੋਸ
ਮੈਲਬੌਰਨ 20 ਸਿਤੰਬਰ (ਗੁਰਪੁਨੀਤ ਸਿੱਧੂ): ਡੇਲਸਫੋਰਡ ਪੱਬ ਵਿੱਚ ਪੰਜ ਭਾਰਤੀਆਂ ‘ਤੇ BMW SUV ਗੱਡੀ ਚਾੜਕੇ ਮਾਰਨ ਵਾਲੇ ਵਿਅਕਤੀ 67 ਸਾਲ ਵਿਲੀਅਮ ਹਰਬਰਟ ਸਵੈਲੇ ਨੂੰ ਅਦਾਲਤ ਨੇ ਦੋਸ਼ ਮੁਕਤ ਕਰਾਰ ਦੇ ਦਿੱਤਾ ਹੈ।
ਅਦਾਲਤ ਨੇ ਆਪਣਾ ਇਹ ਫੈਸਲਾ 5 ਨਵੰਬਰ 2023 ਨੂੰ ਵਾਪਰੇ ਇੱਕ ਹਾਦਸੇ ਦੇ ਸੰਬੰਧ ਵਿੱਚ ਦਿੱਤਾ ਹੈ ਜਿਸ ਵਿੱਚ ਪ੍ਰਤਿਭਾ ਸ਼ਰਮਾ ਉਸਦੇ ਪਤੀ ਜਤਨ ਸ਼ਰਮਾ ਉਹਨਾਂ ਦੀ ਧੀ ਅਵਨੀ ਉਨਾਂ ਦੇ ਪਰਿਵਾਰਿਕ ਦੋਸਤ ਵਿਵੇਕ ਭਾਟੀਆ ਅਤੇ ਵਿਵੇਕ ਭਾਟੀਆ ਦੇ 11 ਸਾਲਾਂ ਬੇਟੇ ਵਿਹਾਨ ਭਾਟੀਆ ਦੀ ਮੌਤ ਹੋ ਗਈ ਸੀ। ਅਦਾਲਤ ਦੇ ਇਸ ਫੈਸਲੇ ਤੋਂ ਬਾਅਦ ਭਾਰਤੀ ਭਾਈਚਾਰੇ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ।
ਅਦਾਲਤ ਨੇ ਮਾਮਲੇ ਚ ਮੁਲਜਮ ਹਰਬਰਟ ਸਵੈਲੇ ਦੇ ਵਕੀਲ ਦੇ ਇਸ ਤਰਕ ਨੂੰ ਮੰਨਿਆ ਹੈ ਜਿਸ ਵਿੱਚ ਉਸ ਨੇ ਕਿਹਾ ਹੈ ਕਿ ਕਿ ਹਾਦਸੇ ਦੇ ਵਕਤ ਉਸਦਾ ਬਲੱਡ ਬਲੂਕੋਜ ਲੇਵਲ ਘਟ ਗਿਆ ਸੀ ਜਿਸ ਕਾਰਨ ਉਸਨੂੰ ਗੱਡੀ ਸੰਭਾਲਣ ਦਾ ਮੌਕਾ ਨਹੀਂ ਮਿਲਿਆ
ਕਿਸ ਤਰਾਂ ਵਾਪਰਿਆ ਸੀ ਹਾਦਸਾ
ਦਰਅਸਲ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਡੇਲਸਫੋਰਡ ਹੋਟਲ ਦੇ ਬਾਹਰ ਹਾਦਸੇ ਦੇ ਸ਼ਿਕਾਰ ਸਾਰੇ ਵਿਅਕਤੀ ਕੁਰਸੀਆਂ ‘ਤੇ ਬੈਠੇ ਸਨ ਇੰਨੇ ਨੂੰ ਇੱਕ ਬੇਕਾਬੂ BMW SUV ਗੱਡੀ ਤੇਜ਼ ਰਫਤਾਰ ਨਾਲ ਆਉਂਦੀ ਹੈ ਅਤੇ ਸਾਰੇ ਪੀੜਤਾਂ ਨੂੰ ਦਰੜ ਦਿੰਦੀ ਹੈ। ਇਸੇ ਹਾਦਸੇ ਵਿੱਚ ਇਹਨਾਂ ਪੰਜ ਭਾਰਤੀਆਂ ਦੀ ਮੌਤ ਹੋ ਜਾਂਦੀ ਹੈ ਅਤੇ ਕਈ ਹੋਰ ਜ਼ਖਮੀ ਵੀ ਹੁੰਦੇ ਹਨ। ਇਸ ਮਾਮਲੇ ਦੇ ਵਿੱਚ ਹੁਣ ਅਦਾਲਤ ਨੇ ਮੁਲਜਮ ਵਿਲੀਅਮ ਹਰਬਰਟ ਸਵੈਲੇ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਹੈ।
ਭਾਰਤੀ ਭਾਈਚਾਰੇ ‘ਚ ਚਰਚਾ ਦਾ ਵਿਸ਼ਾ ਬਣਿਆ ਅਦਾਲਤੀ ਫੈਸਲਾ
ਖਾਸ ਤੌਰ ਤੇ ਭਾਈਚਾਰੇ ਦੇ ਵਿੱਚ ਇਹ ਗੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ, ਜੇਕਰ ਇਸ ਹਾਦਸੇ ਵਿੱਚ ਮਰਨ ਵਾਲੇ ਭਾਰਤੀ ਮੂਲ ਦੇ ਨਾ ਹੋ ਕੇ ਆਸਟਰੇਲੀਆਈ ਮੂਲ ਦੇ ਹੁੰਦੇ ਜਾਂ ਅੰਗਰੇਜ਼ੀ ਮੂਲ ਦੇ ਹੁੰਦੇ ਤਾਂ ਕੀ ਅਦਾਲਤ ਦਾ ਫੈਸਲਾ ਇਹੀ ਹੋਣਾ ਸੀ, ਜਾਂ ਕੁਝ ਹੋਰ ? ਇਹ ਵੀ ਸਵਾਲ ਕੀਤਾ ਜਾ ਰਿਹਾ ਹੈ ਕਿ, ਜੇਕਰ ਇਸ ਹਾਦਸੇ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਅੰਗਰੇਜ਼ ਨਾ ਹੋ ਭਾਰਤੀ ਮੂਲ ਦਾ ਹੁੰਦਾ ਤਾਂ ਕੀ ਅਦਾਲਤ ਵੱਲੋਂ ਇਹੀ ਫੈਸਲਾ ਸੁਣਾਇਆ ਜਾਣਾ ਸੀ। ਭਾਰਤੀ ਮੂਲ ਦੇ ਲੋਕ ਅਦਾਲਤੀ ਫੈਸਲੇ ਤੋਂ ਨਾ ਖੁਸ਼ ਹਨ।
ਮਰਨ ਵਾਲਿਆਂ ਦੇ ਪਰਿਵਾਰ ਫੈਸਲੇ ਤੋਂ ਨਾਖੁਸ਼
ਇਕ ਰਿਪੋਟ ਮੁਤਾਬਕ, ਹਾਦਸੇ ਵਿੱਚ ਮਾਰੇ ਗਏ ਵਿਵੇਕ ਭਾਟੀਆ ਦੇ ਪਿਤਾ ਅਸ਼ੋਕ ਭਾਟੀਆ ਦਾ ਕਹਿਣਾ ਹੈ ਕਿ ਅਦਾਲਤ ਵੱਲੋਂ ਆਏ ਇਸ ਫੈਸਲੇ ਨੇ ਉਹਨਾਂ ਨੂੰ ਪਰੇਸ਼ਾਨ ਕੀਤਾ ਹੈ। ਉਹਨਾਂ ਸਵਾਲ ਕੀਤਾ ਹੈ, ਕੀ ਪੰਜ ਜ਼ਿੰਦਗੀਆਂ ਦੀ ਕੀਮਤ ਕੁਝ ਵੀ ਨਹੀਂ ਹੈ ? ਘੱਟੋ ਘੱਟ ਦੋਸ਼ੀ ਨੂੰ ਇਹ ਤਾਂ ਪਛਤਾਵਾ ਹੋਣਾ ਚਾਹੀਦਾ ਹੈ ਕਿ, ਇਸ ਘਟਨਾ ਵਿੱਚ ਕਈਆਂ ਦੀ ਮੌਤ ਹੋਈ ਹੈ ਅਤੇ ਕਈ ਗੰਭੀਰ ਜ਼ਖਮੀ ਹੋਏ ਹਨ। ਵਿਵੇਕ ਭਾਟੀਆ ਦੇ ਇੱਕ ਹੋਰ ਰਿਸ਼ਤੇਦਾਰ ਰੁਪਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਫੈਸਲੇ ਨੇ ਨਿਆ ਪ੍ਰਣਾਲੀ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਹਨ,”ਪਿਛਲੇ 10 ਮਹੀਨਿਆਂ ਤੋਂ ਮੈਂ ਬਿਲਕੁਲ ਚੁੱਪ ਸੀ, ਮੈਂ ਮੀਡੀਆ ਨਾਲ ਬਿਲਕੁਲ ਵੀ ਗੱਲ ਨਹੀਂ ਕੀਤੀ ਸਾਨੂੰ ਨਿਆ ਪ੍ਰਣਾਲੀ ਦੇ ਉੱਤੇ ਪੂਰਾ ਭਰੋਸਾ ਸੀ ਪਰ ਅੱਜ ਮੈਂ ਪਰੇਸ਼ਾਨ ਹਾਂ ਤੇ ਮੈਂ ਕਹਾਂਗਾ ਇਹ ਜੀਰੋ ਨਿਆ ਪ੍ਰਣਾਲੀ ਹੈ’।
ਇਸ ਫੈਸਲੇ ਤੋਂ ਬਾਅਦ ਘਟਨਾ ਵਿੱਚ ਮਰਨ ਵਾਲੇ ਅਤੇ ਜ਼ਖਮੀਆਂ ਦੇ ਪਰਿਵਾਰਾਂ ਨੂੰ ਗਹਿਰੀ ਸੱਟ ਵੱਜੀ ਹੈ। ਪਿਛਲੇ 10 ਮਹੀਨਿਆਂ ਤੋਂ ਨਿਆ ਦੀ ਉਮੀਦ ਲਗਾ ਕੇ ਬੈਠੇ ਪਰਿਵਾਰਾਂ ਵਿੱਚ ਇਸ ਫੈਸਲੇ ਤੋਂ ਬਾਅਦ ਨਿਰਾਸ਼ਾ ਹੈ।