Australia : ਭਾਰਤੀ ਭਾਈਚਾਰੇ ਦਾ ਮਾਣ ਵਧਾ ਰਹੇ ਅਸਟ੍ਰੇਲੀਆ ‘ਚ ਪਹਿਲੇ ਆਨਰੇਰੀ ਕੌਂਸਲੇਟ ਵਜੋਂ ਚੁਣੇ ਗਏ ਡਾ. ਨਵਪ੍ਰੀਤ ਕੌਰ
ਮੈਲਬੌਰਨ, 23ਅਗਸਤ (ਗੁਰਪੁਨੀਤ ਸਿੱਧੂ) Australia :ਅਸਟ੍ਰੇਲੀਆ ‘ਚ ਭਾਰਤੀ ਭਾਈਚਾਰਾ ਖਾਸ ਤੌਰ ‘ਤੇ ਪੰਜਾਬੀ ਭਾਰਤੀ ਭਾਈਚਾਰਾ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹ ਰਿਹਾ ਹੈ। ਡਾ.ਨਵਪ੍ਰੀਤ ਕੌਰ ਦਾ ਨਾਮ ਵੀ ਵੱਡਾ ਮੁਕਾਮ ਹਾਸਲ ਕਰਨ ਵਾਲੇ ਭਾਰਤੀਆਂ ‘ਚ ਸ਼ਾਮਲ ਹੈ। ਉਹ ਜਨਵਰੀ 2024 ਤੋਂ ਤਸਮਾਨੀਆ ਵਿੱਚ ਆਨਰੇਰੀ ਕੌਂਸਲੇਟ ਦੇ ਤੌਰ ‘ਤੇ ਸੇਵਾ ਨਿਭਾਅ ਰਹੇ ਹਨ ਅਤੇ ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਪਹਿਲੇ ਆਨਰੇਰੀ ਕੌਂਸਲੇਟ ਹਨ। ਉਨ੍ਹਾਂ ਦਾ ਜਨਮ ਪੰਜਾਬ ਦੇ ਗੁਰਦਾਸਪੁਰ ‘ਚ ਪੈਂਦੇ ਕਲਾਨੌਰ ‘ਚ ਹੋਇਆ। ਡਾ.ਨਵਪ੍ਰੀਤ ਕੌਰ 2010 ਤੋਂ ਆਸਟ੍ਰੇਲੀਆ ‘ਚ ਰਹਿ ਰਹੇ ਹਨ ਤੇ 2017 ਤੋਂ ਉਹ ਹੋਬਾਰਟ ‘ਚ ਵਸੇ ਹੋਏ ਹਨ। ਆਪਣੀ ਇਸ ਨਿਯੁਕਤੀ ਅਤੇ ਅਹੁਦੇ ਦੀਆਂ ਜਿੰਮੇਵਾਰੀਆ ਬਾਰੇ ਇਕ ਮੀਡੀਆ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਹੈ ਕਿ, ਉਨ੍ਹਾਂ ਲਈ ਉਹ ਬਹੁਤ ਮਾਣ ਅਤੇ ਸੁਭਾਗ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਇਹ ਮੌਕਾ ਮਿਲਿਆ ਹੈ ਤੇ ਤਸਮਾਨੀਆ ‘ਚ ਪਹਿਲੀ ਆਨਰੇਰੀ ਕੌਂਸਲੇਟ ਦਾ ਅਹੁਦਾ ਮਿਲਣਾ ਵੱਡੀ ਅਹਿਮੀਅਤ ਰੱਖਦਾ ਹੈ। ਇਸਤੋਂ ਪਹਿਲਾ ਤਸਮਾਨੀਆ ‘ਚ ਭਾਰਤ ਦਾ ਕੌਂਸਲੇਟ ਨਹੀਂ ਸੀ ਅਤੇ ਜਨਵਰੀ 2024 ‘ਚ ਇਸਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮਾਣ ਦੇ ਨਾਲ ਨਾਲ ਇਸ ਅਹੁਦੇ ਨਾਲ ਵੱਡੀ ਜਿੰਮੇਵਾਰੀ ਵੀ ਜੁੜੀ ਹੋਈ ਹੈ। ਉਨ੍ਹਾਂ ਕਿਹਾ ਖਾਸ ਤੌਰ ‘ਤੇ ਭਾਰਤ ਤੋਂ ਪੜਨ ਆਏ ਵਿਦਿਆਰਥੀਆਂ ਦੀ ਮਦਦ ਕਰਨਾ ਵੀ ਉਨ੍ਹਾਂ ਦੀਆਂ ਜਿੰਮੇਵਾਰੀਆ ‘ਚ ਇਕ ਵੱਡੀ ਜਿੰਮੇਵਾਰੀ ਹੈ। ਉਨ੍ਹਾਂ ਦੱਸਿਆ ਕਿ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਮੌਕੇ ਪਹਿਲੀ ਵਾਰ ਤਸਮਾਨੀਆ ਦੇ ਭਾਰਤੀ ਕੌਂਸਲੇਟ ‘ਚ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਹੈ ਅਤੇ ਭਾਰਤੀ ਭਾਈਚਾਰੇ ਨੇ ਵੀ ਇਸ ‘ਚ ਵੱਧ ਚੜ ਕੇ ਹਿੱਸਾ ਲਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਤੋਂ ਅਸੀਂ ਵੱਖੋ ਵੱਖਰੇ ਸੂਬਿਆਂ ਤੋਂ ਸਬੰਧ ਰੱਖਦੇ ਹੈ ਪਰ ਸਭ ਤੋਂ ਪਹਿਲਾ ਅਸੀਂ ਭਾਰਤੀ ਹਾਂ ਅਤੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਹੋਣ ਦੇ ਨਾਤੇ ਸਾਨੂੰ ਭਾਰਤੀ ਹੋਣ ਦਾ ਮਾਣ ਸਭ ਤੋਂ ਉੱਪਰ ਰੱਖਣਾ ਚਾਹੀਦਾ ਹੈ।