Assembly elections 2024 : ਜੰਮੂ-ਕਸ਼ਮੀਰ ਵਿਧਾਨ ਸਭਾ ਦੀਆਂ 24 ਸੀਟਾਂ ‘ਤੇ ਵੋਟਿੰਗ ਜਾਰੀ
ਸਵੇਰੇ 9 ਵਜੇ ਤੱਕ ਹੋਈ 11% ਵੋਟਿੰਗ
ਚੰਡੀਗੜ੍ਹ, 18 ਸਤੰਬਰ(ਵਿਸ਼ਵ ਵਾਰਤਾ) Assembly elections 2024 : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ‘ਚ ਅੱਜ ਸਵੇਰੇ 7 ਵਜੇ 7 ਜ਼ਿਲਿਆਂ ਦੀਆਂ 24 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਜਾਰੀ ਹੈ। ਇਸ ਵਿੱਚ 23.27 ਲੱਖ ਵੋਟਰ ਸ਼ਾਮਲ ਹੋਣਗੇ। ਸਵੇਰੇ 9 ਵਜੇ ਤੱਕ 11.11 ਫੀਸਦੀ ਵੋਟਿੰਗ ਹੋ ਚੁੱਕੀ ਹੈ। ਸਭ ਤੋਂ ਵੱਧ ਮਤਦਾਨ ਕਿਸ਼ਤਵਾੜ ਵਿੱਚ 14.83% ਸੀ, ਜਦੋਂ ਕਿ ਸਭ ਤੋਂ ਘੱਟ ਪੁਲਵਾਮਾ ਵਿੱਚ 9.18% ਸੀ।
ਪਹਿਲੇ ਪੜਾਅ ਦੀਆਂ 24 ਸੀਟਾਂ ਵਿੱਚੋਂ 8 ਸੀਟਾਂ ਜੰਮੂ ਡਿਵੀਜ਼ਨ ਵਿੱਚ ਹਨ ਅਤੇ 16 ਸੀਟਾਂ ਕਸ਼ਮੀਰ ਘਾਟੀ ਵਿੱਚ ਹਨ। ਵੱਧ ਤੋਂ ਵੱਧ 7 ਸੀਟਾਂ ਅਨੰਤਨਾਗ ਵਿੱਚ ਹਨ ਅਤੇ ਘੱਟ ਤੋਂ ਘੱਟ 2-2 ਸੀਟਾਂ ਸ਼ੋਪੀਆਂ ਅਤੇ ਰਾਮਬਨ ਜ਼ਿਲ੍ਹਿਆਂ ਵਿੱਚ ਹਨ। ਚੋਣ ਕਮਿਸ਼ਨ ਮੁਤਾਬਕ ਪਹਿਲੇ ਪੜਾਅ ਵਿੱਚ 219 ਉਮੀਦਵਾਰ ਮੈਦਾਨ ਵਿੱਚ ਹਨ। 110 ਉਮੀਦਵਾਰ ਕਰੋੜਪਤੀ ਹਨ, ਜਦਕਿ 36 ਵਿਰੁੱਧ ਅਪਰਾਧਿਕ ਮਾਮਲੇ ਦਰਜ ਹਨ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ ਤਿੰਨ ਪੜਾਵਾਂ ‘ਚ 18 ਸਤੰਬਰ, 25 ਸਤੰਬਰ ਅਤੇ 1 ਅਕਤੂਬਰ ਨੂੰ ਵੋਟਿੰਗ ਹੋਵੇਗੀ। ਨਤੀਜੇ 8 ਅਕਤੂਬਰ ਨੂੰ ਐਲਾਨੇ ਜਾਣਗੇ।