Jalandhar ਸਮੇਤ 20 ਜ਼ਿਲ੍ਹਿਆਂ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨਿਯੁਕਤ
- ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵੇਂ ਅਹੁਦੇਦਾਰਾਂ ਨੂੰ ਦਿੱਤੀ ਵਧਾਈ, ਕਿਹਾ – ਉਮੀਦ ਹੈ ਕਿ ਤੁਸੀਂ ਸਾਰੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਲਗਨ ਅਤੇ ਮਿਹਨਤ ਨਾਲ ਨਿਭਾਓਗੇ
- ਆਉਣ ਵਾਲੇ ਦਿਨਾਂ ਵਿਚ ਹੋਰ ਵੀ ਪਾਰਟੀ ਵਲੰਟੀਅਰਾਂ ਨੂੰ ਉਹਨਾਂ ਦੀ ਮਿਹਨਤ ਅਤੇ ਲਗਨ ਅਨੁਸਾਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ – ਮਾਨ
ਚੰਡੀਗੜ੍ਹ, 25 ਫਰਵਰੀ (ਵਿਸ਼ਵ ਵਾਰਤਾ):- ਪੰਜਾਬ ਸਰਕਾਰ ਨੇ ਇਕ ਅਹਿਮ ਫੈਸਲਾ ਲੈਂਦਿਆਂ ਜਲੰਧਰ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਫਾਜ਼ਿਲਕਾ, ਮੋਗਾ ਅਤੇ ਪਠਾਨਕੋਟ ਸਮੇਤ 20 ਜ਼ਿਲਿਆਂ ਦੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਟਰੱਸਟੀ ਨਿਯੁਕਤ ਕੀਤੇ ਹਨ। ਰਾਜਵਿੰਦਰ ਕੌਰ ਥਿਆੜਾ ਨੂੰ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਚਾਰਜ ਦਿੱਤਾ ਗਿਆ ਹੈ। ਥਿਆੜਾ ਤੋਂ ਇਲਾਵਾ ਡਾ.ਜਸਬੀਰ, ਹਰਚਰਨ ਸਿੰਘ ਸੰਧੂ, ਆਤਮਪ੍ਰਕਾਸ਼ ਬਬਲੂ ਨੂੰ ਇੰਪਰੂਵਮੈਂਟ ਟਰੱਸਟ ਦਾ ਟਰੱਸਟੀ ਨਿਯੁਕਤ ਕੀਤਾ ਗਿਆ ਹੈ |
ਇਸ ਮੌਕੇ ਰਾਜਵਿੰਦਰ ਕੌਰ ਥਿਆੜਾ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਉਨ੍ਹਾਂ ਨੂੰ ਸੌਂਪੀ ਗਈ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਆਮ ਆਦਮੀ ਪਾਰਟੀ ਵਿੱਚ ਹਰ ਵਰਕਰ ਨੂੰ ਇੱਕੋ ਨਜ਼ਰੀਏ ਤੋਂ ਦੇਖਿਆ ਜਾਂਦਾ ਹੈ ਅਤੇ ਹਰ ਵਰਕਰ ਦਾ ਸਤਿਕਾਰ ਕੀਤਾ ਜਾਂਦਾ ਹੈ। ਆਮ ਆਦਮੀ ਪਾਰਟੀ ਵਿੱਚ ਹਰ ਵਰਕਰ ਨੂੰ ਉਸਦੀ ਮਿਹਨਤ ਦਾ ਫਲ ਮਿਲਦਾ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੇ ਸਾਰਿਆਂ ਨੂੰ ਨਾਲ ਲੈ ਕੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ ਅਤੇ ਇਸੇ ਪ੍ਰੇਰਨਾ ਨਾਲ ਉਹ ਅੱਗੇ ਵਧਣਗੇ।
ਇਸ ਤੋਂ ਇਲਾਵਾ ਤਰਸੇਮ ਭਿੰਡਰ ਨੂੰ ਲੁਧਿਆਣਾ ਵਿੱਚ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪਟਿਆਲਾ ਵਿੱਚ ਮੇਘ ਚੰਦ ਸ਼ੇਰਮਾਜਰਾ ਨੂੰ ਚੇਅਰਮੈਨ, ਗੁਲਜ਼ਾਰ ਪਟਿਆਲਵੀ, ਸੰਨੀ ਪਟਿਆਲਵੀ ਅਤੇ ਵੀਰਪਾਲ ਚਾਹਲ ਨੂੰ ਟਰੱਸਟੀ ਬਣਾਇਆ ਗਿਆ ਹੈ।
ਹੁਸ਼ਿਆਰਪੁਰ ਵਿੱਚ ਗੁਰਵਿੰਦਰ ਸਿੰਘ ਪਾਬਲਾ ਨੂੰ ਚੇਅਰਮੈਨ, ਸਤਵੰਤ ਸਿੰਘ ਅਤੇ ਬਲਵਿੰਦਰ ਸਿੰਘ ਸੋਨੀ ਨੂੰ ਟਰੱਸਟੀ ਨਿਯੁਕਤ ਕੀਤਾ ਗਿਆ ਹੈ। ਮੋਹਿੰਦਰ ਕਛੂਰਾ ਨੂੰ ਫਾਜ਼ਿਲਕਾ ਵਿੱਚ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਹੈ। ਹਰਜੀਤ ਸਾਹਰੀ ਅਤੇ ਸੁਖਵਿੰਦਰ ਸਿੰਘ ਨੂੰ ਟਰੱਸਟੀ ਨਿਯੁਕਤ ਕੀਤਾ ਗਿਆ ਹੈ। ਮੋਗਾ ਵਿੱਚ ਰਮਨ ਮਿੱਤਲ ਨੂੰ ਚੇਅਰਮੈਨ, ਪਿਆਰਾ ਸਿੰਘ ਬਦਨੀ ਅਤੇ ਜਗਦੀਸ਼ ਸ਼ਰਮਾ ਨੂੰ ਟਰੱਸਟੀ ਨਿਯੁਕਤ ਕੀਤਾ ਗਿਆ ਹੈ। ਪਠਾਨਕੋਟ ਵਿੱਚ ਵਿਭੂਤੀ ਸ਼ਰਮਾ ਨੂੰ ਚੇਅਰਮੈਨ, ਹਰਜੀਤ ਸਿੰਘ ਅਤੇ ਨਤਿੰਦਰ ਸਿੰਘ ਨੂੰ ਟਰੱਸਟੀ ਨਿਯੁਕਤ ਕੀਤਾ ਗਿਆ ਹੈ।
ਕਰਮਜੀਤ ਸਿੰਘ ਰਿੰਟੂ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਬਣਾਇਆ ਗਿਆ ਹੈ। ਬਠਿੰਡਾ ਇੰਪਰੂਵਮੈਂਟ ਟਰੱਸਟ ਵਿੱਚ ਜਤਿੰਦਰ ਭੱਲਾ, ਕਪੂਰਥਲਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਾਜਨ ਸਿੰਘ ਚੀਮਾ, ਤਰਨਤਾਰਨ ਵਿੱਚ ਰਜਿੰਦਰ ਉਸਮਾ, ਬਟਾਲਾ ਵਿੱਚ ਯਸ਼ਪਾਲ ਚੌਹਾਨ, ਗੁਰਦਾਸਪੁਰ ਵਿੱਚ ਰਾਜੀਵ ਸ਼ਰਮਾ, ਸੰਗਰੂਰ ਵਿੱਚ ਪ੍ਰੀਤਮ ਸਿੰਘ, ਨਾਭਾ ਵਿੱਚ ਸੁਰਿੰਦਰਪਾਲ ਸ਼ਰਮਾ, ਬਰਨਾਲਾ ਵਿੱਚ ਰਾਮਤੀਰਥ ਮੰਨਾ, ਫਰੀਦਕੋਟ ਵਿੱਚ ਗਗਨ ਧਾਲੀਵਾਲ, ਐਸਬੀਐਸ ਨਗਰ ਵਿੱਚ ਸਤਨਾਮ ਜਲਵਾਹਾ, ਫਗਵਾੜਾ ਵਿੱਚ ਜਰਨੈਲ ਨਾਂਗਲ ਅਤੇ ਰੂਪਨਗਰ ਵਿੱਚ ਪਾਰਟੀ ਆਗੂ ਸ਼ਿਵ ਕੁਮਾਰ ਲਾਲਪੁਰਾ ਨੂੰ ਇੰਪਰੂਵਮੈਂਟ ਟਰੱਸਟ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਨਵੇਂ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਆਪਣੀ ਨਵੀਂ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਅਤੇ ਮਿਹਨਤ ਨਾਲ ਨਿਭਾਓਗੇ। ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਪਾਰਟੀ ਵਲੰਟੀਅਰਾਂ ਨੂੰ ਉਨ੍ਹਾਂ ਦੀ ਮਿਹਨਤ ਅਤੇ ਲਗਨ ਅਨੁਸਾਰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ।