ਯੁੱਧ ਨਸ਼ਿਆਂ ਵਿਰੁੱਧ – Fazilka Police ਅਤੇ BSF ਦੀ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਹੋਰ ਵੱਡੀ ਕਾਮਯਾਬੀ!
ਪਾਕਿਸਤਾਨ ਤੋਂ ਤਸਕਰ ਕੀਤੀ ਗਈ 542 ਗ੍ਰਾਮ ਹੈਰੋਇਨ ਅਤੇ 01 ਡਰੋਨ ਬਰਾਮਦ ਕਰਕੇ ਅੰਤਰਰਾਸ਼ਟਰੀ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਦਿੱਤਾ ਵੱਡਾ ਝਟਕਾ!
ਫਾਜ਼ਿਲਕਾ 19 ਮਾਰਚ (ਵਿਸ਼ਵ ਵਾਰਤਾ):- ਡੀ.ਜੀ.ਪੀ. ਪੰਜਾਬ, ਗੌਰਵ ਯਾਦਵ, ਆਈ.ਪੀ.ਐਸ. ਦੀਆਂ ਹਦਾਇਤਾਂ ਅਤੇ ਡੀ.ਆਈ.ਜੀ. ਫਿਰੋਜ਼ਪੁਰ ਰੇਂਜ, ਸ਼੍ਰੀ ਸਵਪਨ ਸ਼ਰਮਾ, ਆਈ.ਪੀ.ਐਸ. ਅਤੇ ਐਸ.ਐਸ.ਪੀ. ਫਾਜ਼ਿਲਕਾ, ਸ਼੍ਰੀ ਵਰਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਨਸ਼ਾ ਤਸਕਰਾਂ ਦੇ ਚੱਕਰਵਿਊਂ ਨੂੰ ਤੋੜਣ ਲਈ ਪੁਰੀ ਤਰ੍ਹਾਂ ਵਚਨਬੱਧ ਹੈ।
ਮਿਤੀ 19-03-2025 ਨੂੰ ਬੀ. ਐਸ.ਐਫ 52 ਬਟਾਲੀਅਨ ਚੌਂਕੀ ਬੀਸੋਕੇ ਬਾ-ਹੱਦ ਰਕਬਾ ਪ੍ਰਭਾਤ ਸਿੰਘ ਵਾਲਾ, ਅੰਤਰਰਾਸ਼ਟਰੀ ਸਰਹੱਦ ਤੇ ਡਿਊਟੀ ਕਰ ਰਹੇ ਬੀ. ਐਸ.ਐਫ ਦੇ ਜਵਾਨਾਂ ਨੂੰ ਪਾਕਿਸਤਾਨ ਸਾਈਡ ਤੋਂ ਭਾਰਤ ਵਾਲੀ ਸਾਈਡ ਆਉਂਦੇ ਡਰੋਨ ਦੀ ਅਵਾਜ਼ ਸੁਣਾਈ ਦਿੱਤੀ। ਜਿਸਤੇ ਬੀ. ਐਸ.ਐਫ ਦੇ ਜਵਾਨਾਂ ਨੇ ਆਪਣੇ ਸੀਨੀਅਰ ਅਫ਼ਸਰਾਂ ਨੂੰ ਸੂਚਿਤ ਕੀਤਾ ਅਤੇ ਬੀ. ਐਸ.ਐਫ਼ ਵੱਲੋਂ ਲੋਕਲ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸਤੋਂ ਤੁਰੰਤ ਬਾਅਦ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਪਾਰਟੀ ਅਤੇ ਬੀ.ਐਸ.ਐਫ ਦੀ ਟੀਮ ਵੱਲੋਂ ਅੰਤਰਰਾਸ਼ਟਰੀ ਸਰਹੱਦ ਨੇੜੇ ਸਾਂਝਾ ਤਲਾਸ਼ੀ ਅਭਿਆਨ ਚਲਾਇਆ ਗਿਆ। ਜਿਸ ਦੌਰਾਨ ਇੱਕ ਪੈਕੇਟ ਹੈਰੋਇਨ (542 ਗ੍ਰਾਮ) ਅਤੇ ਇੱਕ ਡਰੋਨ ਬ੍ਰਾਮਦ ਕੀਤਾ ਗਿਆ। ਨਸ਼ੇ ਦੀ ਇਹ ਖੇਪ ਕਿਸੇ ਨਾਮਾਲੂਮ ਤਸਕਰ ਵੱਲੋਂ ਮੰਗਵਾਈ ਗਈ ਜਾਪਦੀ ਹੈ।
ਇਸ ਮਾਮਲੇ ਵਿੱਚ ਐਫ.ਆਈ.ਆਰ. ਨੰ. 24, ਮਿਤੀ 19-03-2024, ਧਾਰਾ 21C NDPS ਐਕਟ, 10, 11, 12 ਏਅਰਕ੍ਰਾਫਟ ਐਕਟ, ਥਾਣਾ ਸਦਰ ਜਲਾਲਾਬਾਦ ਅਧੀਨ ਅਣਪਛਾਤੇ ਵਿਅਕਤੀ ਖਿਲਾਫ਼ ਦਰਜ ਕੀਤੀ ਗਈ ਹੈ। ਨਸ਼ਾ ਮੰਗਵਾਉਣ ਵਾਲੇ ਤਸਕਰ ਬਾਰੇ ਜਾਂਚ ਜਾਰੀ ਹੈ, ਜਿਸਨੂੰ ਜਲਦ ਹੀ ਟ੍ਰੇਸ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ।
ਫਾਜ਼ਿਲਕਾ ਪੁਲਿਸ ਅਤੇ ਬੀ. ਐਸ. ਐਫ. ਵੱਲੋਂ ਪਹਿਲਾਂ ਵੀ ਕਈ ਵਾਰ ਸਾਂਝੇ ਅਪਰੇਸ਼ਨ ਚਲਾ ਕੇ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਡਰੋਨ ਬ੍ਰਾਮਦ ਕੀਤੇ ਜਾ ਚੁੱਕੇ ਹਨ। ਇਹ ਮੁਹਿੰਮ ਪੰਜਾਬ ਨੂੰ ਨਸ਼ਾ-ਮੁਕਤ ਬਣਾਉਣ ਲਈ ਅੱਗੇ ਵੀ ਜਾਰੀ ਰਹੇਗੀ।