ਅੰਮ੍ਰਿਤਸਰ 18ਜੁਲਾਈ (ਵਿਸ਼ਵ ਵਾਰਤਾ ): ਸਮਾਜ ਵਿਰੋਧੀ ਅਨਸਰਾਂ ਦੇ ਖਿਲਾਫ ਵੱਡੀ ਕਾਮਯਾਬੀ ਹਾਸਲ ਕਰਦਿਆਂ ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਇਕ ਅੱਤਵਾਦੀ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਖਾਲਿਸਤਾਨ ਸਮਰਥਕ ਇਸ ਅੱਤਵਾਦੀ ਜੱਥੇਬੰਦੀ ਦੇ ਮਡਿਊਲ ਨੂੰ ਤੋੜਨ ‘ਚ ਕਾਮਯਾਬੀ ਹਾਸਿਲ ਕੀਤੀ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਐਕਸ ‘ਤੇ ਪੋਸਟ ਪਾਈ ਹੈ ਕਿ ਖੁਫੀਆ ਜਾਣਕਾਰੀ ਦੇ ਅਧਾਰ ‘ਤੇ ਅਪਰੇਸ਼ਨ ਵਿੱਚ, ਪੰਜਾਬ ਪੁਲਿਸ ਨੇ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਸਮਰਥਿਤ ਅੱਤਵਾਦੀ ਮਾਡਿਊਲ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਦੇ ਫੜੇ ਜਾਣ ਨਾਲ ਇਸ ਵੱਲੋ ਕੀਤੇ ਜਾਣ ਵਾਲੇ ਸੰਭਾਵਿਤ ਕਤਲਾਂ ਅਤੇ ਅਪਰਾਧਾਂ ਨੂੰ ਟਾਲ ਦਿੱਤਾ ਗਿਆ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਅੰਮ੍ਰਿਤਸਰ) ਨੇ ਅਮਰੀਕਾ ਅਧਾਰਤ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਅਤੇ ਇਟਲੀ ਅਧਾਰਤ ਰੇਸ਼ਮ ਸਿੰਘ ਦੇ ਗੁਰਗੇ ਨੂੰ ਗ੍ਰਿਫਤਾਰ ਕੀਤਾ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਦੋਸ਼ੀ ਆਪਣੇ ਵਿਦੇਸ਼ੀ ਹੈਂਡਲਰਾਂ ਦੇ ਨਿਰਦੇਸ਼ਾਂ ‘ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ। ਇਨ੍ਹਾਂ ਕੋਲੋਂ ਇਕ ਪਿਸਤੌਲ, ਦੋ ਮੈਗਜ਼ੀਨ, 9 ਜਿੰਦਾ ਕਾਰਤੂਸ ਅਤੇ ਇਕ ਖਾਲੀ ਗੋਲੀ ਦਾ ਖੋਲ ਬਰਾਮਦ ਹੋਇਆ ਹੈ। ਜ਼ਿਕਰਯੋਗ ਹੈ ਕਿ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਰਾਜਸਥਾਨ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਕੱਲ੍ਹ ਲਾਰੈਂਸ ਗੈਂਗ ਦੇ ਤਿੰਨ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਸੀ । ਤਿੰਨੋਂ ਮੁਲਜ਼ਮ ਅਮਰੀਕਾ ਬੈਠੇ ਬਿਸ਼ਨੋਈ ਅਤੇ ਗੋਲਡੀ ਬਰਾੜ ਲਈ ਕੰਮ ਕਰਦੇ ਹਨ। ਇਸ ਗ੍ਰਿਫਤਾਰੀ ਨਾਲ ਪੁਲਸ ਨੇ ਵਿਰੋਧੀ ਗਰੋਹਾਂ ਦਰਮਿਆਨ ਖੂਨੀ ਲੜਾਈ ਨੂੰ ਟਾਲ ਦਿੱਤਾ ਹੈ।