Amritsar Airport ‘ਤੇ ਹੰਗਾਮਾ : ਦੁਬਈ ਦੀ ਫਲਾਈਟ ਰੱਦ ਹੋਣ ਤੇ ਭੜਕੇ ਯਾਤਰੀ
ਚੰਡੀਗੜ੍ਹ, 17ਨਵੰਬਰ(ਵਿਸ਼ਵ ਵਾਰਤਾ) ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਰਨਵੇਅ ‘ਤੇ ਖੜ੍ਹੀ ਅੰਮ੍ਰਿਤਸਰ ਤੋਂ ਦੁਬਈ ਜਾਣ ਵਾਲੀ ਏਅਰ ਇੰਡੀਆ (ਏ.ਆਈ.) ਐਕਸਪ੍ਰੈੱਸ ਫਲਾਈਟ ‘ਚ ਸ਼ਨੀਵਾਰ ਰਾਤ ਨੂੰ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਇਹ ਹੰਗਾਮਾ ਉਦੋਂ ਹੋਇਆ ਜਦੋਂ ਫਲਾਈਟ IX-191 ਅੱਧੀ ਰਾਤ 12 ਵਜੇ ਰੱਦ ਕਰ ਦਿੱਤੀ ਗਈ। ਇਸ ਫਲਾਈਟ ‘ਚ ਯਾਤਰੀ ਲਗਭਗ 6 ਘੰਟੇ ਤੱਕ ਟੇਕਆਫ ਦਾ ਇੰਤਜ਼ਾਰ ਕਰਦੇ ਰਹੇ, ਜਿਸਤੋਂ ਬਾਅਦ ਰੱਦ ਹੋਣ ਦੀ ਸੂਚਨਾ ਮਿਲਦੇ ਹੀ ਯਾਤਰੀ ਗੁੱਸੇ ‘ਚ ਆ ਗਏ। ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ IX-191 ਨੇ ਸ਼ਨੀਵਾਰ ਸ਼ਾਮ ਕਰੀਬ 7 ਵਜੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਡਾਣ ਭਰਨੀ ਸੀ। ਯਾਤਰੀ ਸਮੇਂ ‘ਤੇ ਹਵਾਈ ਅੱਡੇ ‘ਤੇ ਪਹੁੰਚੇ ਅਤੇ ਚੈੱਕ-ਇਨ ਵੀ ਕੀਤਾ। ਯਾਤਰੀਆਂ ਨੂੰ ਕਰੀਬ ਇੱਕ ਘੰਟਾ ਪਹਿਲਾਂ, ਸ਼ਾਮ 6 ਵਜੇ ਦੇ ਕਰੀਬ ਉਡਾਣ ਵਿੱਚ ਸਵਾਰ ਕੀਤਾ ਗਿਆ ਸੀ, ਤਾਂ ਜੋ ਜਹਾਜ਼ ਸਮੇਂ ਸਿਰ ਉਡਾਣ ਭਰ ਸਕੇ।
ਪਰ ਜਹਾਜ਼ ਨੇ ਉਡਾਣ ਨਹੀਂ ਭਰੀ ਤੇ ਤਿੰਨ ਘੰਟੇ ਬਾਅਦ 9 ਵਜੇ ਯਾਤਰੀਆਂ ਨੇ ਫਲਾਈਟ ਦੇ ਅੰਦਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪਰ ਏਅਰਲਾਈਨਜ਼ ਨੇ ਕਿਹਾ ਕਿ ਫਲਾਈਟ ਜਲਦੀ ਹੀ ਉਡਾਣ ਭਰਨ ਜਾ ਰਹੀ ਹੈ। ਇੰਨਾ ਹੀ ਨਹੀਂ ਫਲਾਈਟ ਕਰੂ ਦਾ ਸਮਾਂ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਵੀ ਬਦਲ ਦਿੱਤਾ ਗਿਆ। ਪਰ ਯਾਤਰੀਆਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ। ਇਹ ਹੰਗਾਮੇ ਤੋਂ ਬਾਅਦ ਕਰੀਬ 6 ਘੰਟੇ ਜਹਾਜ਼ ‘ਚ ਬੈਠਣ ਤੋਂ ਬਾਅਦ ਯਾਤਰੀਆਂ ਨੂੰ ਸੂਚਨਾ ਮਿਲੀ ਕਿ ਅੱਜ ਫਲਾਈਟ ਰੱਦ ਕਰ ਦਿੱਤੀ ਗਈ ਹੈ। ਏਅਰਲਾਈਨਜ਼ ਨੇ ਅਜੇ ਤੱਕ ਇਹ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ ਕਿ ਇਹ ਉਡਾਣ ਕਿਉਂ ਰੱਦ ਕੀਤੀ ਗਈ ਸੀ। ਇਸ ਦੇ ਨਾਲ ਹੀ ਯਾਤਰੀਆਂ ਨੇ ਏਅਰਲਾਈਨਜ਼ ‘ਤੇ ਗੁੱਸਾ ਕੱਢਿਆ ਕਿ ਜੇਕਰ ਫਲਾਈਟ ਹੀ ਰੱਦ ਕਰਨੀ ਸੀ ਤਾਂ ਉਨ੍ਹਾਂ ਨੂੰ ਇੰਨੀ ਦੇਰ ਤੱਕ ਜਹਾਜ਼ ‘ਚ ਕਿਉਂ ਬਿਠਾਇਆ ਗਿਆ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/