Amritsar-ਹਾਵੜਾ ਮੇਲ ‘ਚ ਧਮਾਕਾ, ਚਾਰ ਯਾਤਰੀ ਜ਼ਖਮੀ
ਕਈਆਂ ਨੇ ਆਪਣੀ ਜਾਨ ਬਚਾਉਣ ਲਈ ਟਰੇਨ ਤੋਂ ਮਾਰ ਦਿੱਤੀ ਛਾਲ
ਫਤਿਹਗੜ੍ਹ ਸਾਹਿਬ, 3 ਨਵੰਬਰ(ਵਿਸ਼ਵ ਵਾਰਤਾ) : “ਸ਼ਨੀਵਾਰ ਰਾਤ ਕਰੀਬ 10.30 ਵਜੇ ਸਰਹਿੰਦ ਰੇਲਵੇ ਸਟੇਸ਼ਨ ਨੇੜੇ ਚੱਲਦੀ ਰੇਲਗੱਡੀ ਵਿੱਚ ਧਮਾਕਾ ਹੋਇਆ। ਇਹ ਧਮਾਕਾ ਅੰਮ੍ਰਿਤਸਰ ਤੋਂ ਚੱਲ ਰਹੀ ਹਾਵੜਾ ਮੇਲ ਦੇ ਜਨਰਲ ਡੱਬੇ ਵਿੱਚ ਹੋਇਆ।
ਧਮਾਕਾ ਬਾਲਟੀ ‘ਚ ਰੱਖੇ ਪਟਾਕਿਆਂ ਕਾਰਨ ਹੋਇਆ। ਧਮਾਕੇ ਦੀ ਆਵਾਜ਼ ਸੁਣ ਕੇ ਕਰੀਬ 20 ਯਾਤਰੀਆਂ ਨੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ। ਇਨ੍ਹਾਂ ਵਿੱਚੋਂ ਚਾਰ ਸਵਾਰੀਆਂ ਜ਼ਖ਼ਮੀ ਹੋ ਗਈਆਂ।
ਜ਼ਖ਼ਮੀਆਂ ਦੀ ਪਛਾਣ ਅਜੈ ਕੁਮਾਰ ਅਤੇ ਉਸ ਦੀ ਪਤਨੀ ਸੰਗੀਤਾ ਕੁਮਾਰੀ ਵਾਸੀ ਭੋਜਪੁਰ ਪੀਰੂ ਬਿਹਾਰ, ਆਸ਼ੂਤੋਸ਼ ਪਾਲ ਵਾਸੀ ਉੱਤਰ ਪ੍ਰਦੇਸ਼ ਅਤੇ ਸੋਨੂੰ ਕੁਮਾਰ ਵਾਸੀ ਨਵਾਦਾ ਬਾਜ਼ਾਰ ਬਿਹਾਰ ਵਜੋਂ ਹੋਈ ਹੈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਦਾਖਲ ਕਰਵਾਇਆ ਗਿਆ ਹੈ। ਜੀਆਰਪੀ ਅਤੇ ਆਰਪੀਐਫ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਧਮਾਕੇ ਦੀ ਆਵਾਜ਼ ਸੁਣ ਕੇ ਚੱਲਦੀ ਟਰੇਨ ਤੋਂ ਛਾਲ ਮਾਰਨ ਵਾਲੇ ਆਸ਼ੂਤੋਸ਼ ਪਾਲ ਦੇ ਭਰਾ ਰਾਕੇਸ਼ ਪਾਲ ਨੇ ਦੱਸਿਆ ਕਿ ਉਹ ਸੌਂ ਰਿਹਾ ਸੀ ਕਿ ਅਚਾਨਕ ਧਮਾਕਾ ਹੋ ਗਿਆ। ਇਸ ਕਾਰਨ ਉਹ ਡਰ ਗਿਆ ਅਤੇ ਚੱਲਦੀ ਟਰੇਨ ਤੋਂ ਛਾਲ ਮਾਰ ਦਿੱਤੀ।
ਆਸ਼ੂਤੋਸ਼ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਸਟੇਸ਼ਨ ਤੋਂ ਟਰੇਨ ਵਿੱਚ ਬੈਠਾ ਸੀ। ਜ਼ਖਮੀ ਸੋਨੂੰ ਕੁਮਾਰ ਨੇ ਦੱਸਿਆ ਕਿ ਉਸ ਨੇ ਜਲੰਧਰ ਸਟੇਸ਼ਨ ਤੋਂ ਹਾਵੜਾ ਮੇਲ ਫੜੀ ਸੀ। ਕਰੀਬ 10.30 ਵਜੇ ਟਰੇਨ ‘ਚ ਧਮਾਕਾ ਹੋਇਆ ਅਤੇ ਟਰੇਨ 11.00 ਵਜੇ ਰਵਾਨਾ ਹੋਈ।
ਜੀਆਰਪੀ ਦੇ ਡੀਐਸਪੀ ਜਗਮੋਹਨ ਸਿੰਘ ਨੇ ਦੱਸਿਆ ਕਿ ਸਾਰੇ ਜ਼ਖ਼ਮੀ ਯਾਤਰੀ ਠੀਕ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੇਲਗੱਡੀ ਵਿੱਚ ਇੱਕ ਬਾਲਟੀ ਪਈ ਸੀ ਜਿਸ ਵਿੱਚ ਪਟਾਕੇ ਸਨ। ਇਸ ਵਿਚ ਅਚਾਨਕ ਅੱਗ ਲੱਗ ਗਈ ਅਤੇ ਧਮਾਕਾ ਹੋ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਬਾਲਟੀ ਕਿਸ ਯਾਤਰੀ ਦੀ ਸੀ। ਪੁਲਿਸ ਜਾਂਚ ਕਰ ਰਹੀ ਹੈ।