Amritsar : ਅੰਮ੍ਰਿਤਸਰ ‘ਚ ਮੀਂਹ ਕਾਰਨ ਵਿਰਾਸਤੀ ਮਾਰਗ ਤੇ ਭਰਿਆ ਗੋਡੇ ਗੋਡੇ ਪਾਣੀ ; ਸੰਗਤਾਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀਆਂ ਦਾ ਸਾਹਮਣਾ
ਅੰਮ੍ਰਿਤਸਰ ,21 ਅਗਸਤ (ਵਿਸ਼ਵ ਵਾਰਤਾ)Amritsar : ਅੰਮ੍ਰਿਤਸਰ ਵਿੱਚ ਹੋਈ ਬਰਸਾਤ ਕਾਰਨ ਆਮ ਲੋਕਾਂ ਨੂੰ ਗਰਮੀ ਅਤੇ ਹੁੰਮਸ ਭਰੇ ਵਾਤਾਵਰਨ ਤੋਂ ਤਾਂ ਰਾਹਤ ਮਿਲੀ ਹੈ, ਪਰ ਕਈ ਜਗ੍ਹਾ ‘ਤੇ ਸੜਕਾਂ ਉੱਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਹਰਿਮੰਦਰ ਸਾਹਿਬ ਨੂੰ ਜਾਣ ਵਾਲੇ ਵਿਰਾਸਤੀ ਮਾਰਗ ਉੱਤੇ ਬਰਸਾਤ ਕਾਰਨ ਪਾਣੀ ਭਰ ਗਿਆ ਹੈ। ਜਿਸ ਕਾਰਨ ਸੰਗਤਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀ ਹੈਰੀਟੇਜ ਸਟਰੀਟ ਵਿੱਚ ਪਾਣੀ ਦੇ ਨਿਕਾਸ ਦੇ ਮਾੜੇ ਪ੍ਰਬੰਧਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੁਝ ਹੀ ਸਮੇਂ ਦੀ ਬਰਸਾਤ ਦੇ ਕਾਰਨ ਵਿਰਾਸਤੀ ਮਾਰਗ ਜਲ ਥਲ ਹੋ ਗਿਆ ਅਤੇ ਇੱਥੇ ਗੋਡੇ ਗੋਡੇ ਪਾਣੀ ਭਰ ਗਿਆ ਹੈ। ਪ੍ਰਸਾਸ਼ਨ ਵਲੋਂ ਪਾਣੀ ਦੀ ਨਿਕਾਸੀ ਲਈ ਕੀਤੇ ਪ੍ਰਬੰਧਾਂ ਉੱਪਰ ਵੀ ਵੱਡੇ ਸਵਾਲ ਖੜੇ ਹੋਏ ਹਨ। ਇਸ ਤੋਂ ਇਲਾਵਾ ਸ਼ਹੀਦੀ ਸਮਾਰਕ ਜਲਿਆਂਵਾਲੇ ਬਾਗ ਨੂੰ ਜਾਣ ਵਾਲੇ ਰਸਤੇ ‘ਤੇ ਵੀ ਪਾਣੀ ਭਰਨ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।