Amritsar : ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਕੜਾਹੀ ‘ਚ ਡਿੱਗਣ ਕਾਰਨ ਜ਼ਖਮੀ ਸੇਵਾਦਾਰ ਦੀ ਇਲਾਜ਼ ਦੌਰਾਨ ਮੌਤ
ਅੰਮ੍ਰਿਤਸਰ, 10ਅਗਸਤ (ਵਿਸ਼ਵ ਵਾਰਤਾ)Amritsar: ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਹਾਲ ‘ਚ ਕੜਾਹੀ ‘ਚ ਡਿੱਗਣ ਵਾਲੇ ਸੇਵਾਦਾਰ ਦੀ ਮੌਤ ਹੋ ਗਈ ਹੈ। 1-2 ਅਗਸਤ ਦੀ ਰਾਤ ਨੂੰ ਸੇਵਾ ਕਰਦੇ ਸਮੇਂ ਸੇਵਾਦਾਰ ਦਾ ਪੈਰ ਤਿਲਕ ਗਿਆ ਅਤੇ ਉਹ ਉਬਲਦੇ ਆਲੂਆਂ ਵਾਲੀ ਕੜਾਹੀ ਵਿੱਚ ਡਿੱਗ ਗਿਆ, ਜਿਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਦੇ ਵੱਲਾ ਸਥਿਤ ਸ਼੍ਰੀ ਗੁਰੂ ਰਾਮਦਾਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ 8 ਦਿਨ ਚੱਲੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮ੍ਰਿਤਕ ਸੇਵਾਦਾਰ ਬਲਬੀਰ ਸਿੰਘ ਧਾਲੀਵਾਲ ਗੁਰਦਾਸਪੁਰ ਦਾ ਰਹਿਣ ਵਾਲਾ ਸੀ। ਉਹ ਪਿਛਲੇ ਦਸ ਸਾਲਾਂ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਲਈ ਆ ਰਹੇ ਸਨ। ਸੇਵਾ ਕਰ ਰਹੇ ਸੇਵਾਦਾਰ ਨੇ ਦੱਸਿਆ ਕਿ ਆਲੂ ਉਬਾਲਦੇ ਸਮੇਂ ਕੜਾਹੀ ਵਿੱਚ ਝੱਗ ਨਜ਼ਰ ਆਉਂਦੀ ਹੈ ਜਿਸ ਨੂੰ ਸਾਫ਼ ਕੀਤਾ ਜਾਂਦਾ ਹੈ। ਬਲਬੀਰ ਸਿੰਘ ਵੀ ਉਹੀ ਝੱਗ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਉਸ ਦਾ ਪੈਰ ਤਿਲਕ ਗਿਆ ਅਤੇ ਉਹ ਸਿੱਧਾ ਕੜਾਹੀ ਵਿਚ ਜਾ ਡਿੱਗਿਆ, ਜਿਸ ਕਾਰਨ ਉਸ ਦਾ ਸਰੀਰ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਇਸ ਦੌਰਾਨ ਸੇਵਾਦਾਰਾਂ ਨੇ ਉਸ ਨੂੰ ਤੁਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲਦੇ ਸ੍ਰੀ ਗੁਰੂ ਰਾਮਦਾਸ ਜੀ ਹਸਪਤਾਲ ਵੱਲਾ ਵਿਖੇ ਦਾਖਲ ਕਰਵਾਇਆ। ਡਾਕਟਰਾਂ ਮੁਤਾਬਕ ਉਸ ਦਾ ਸਰੀਰ 70 ਫੀਸਦੀ ਸੜ ਗਿਆ ਸੀ, ਜਿਸ ਤੋਂ ਬਾਅਦ ਉਸ ਦੀ ਹਾਲਤ ਵਿਗੜ ਗਈ। ਜਿੱਥੇ 8 ਦਿਨ ਚੱਲੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।