Amritsar : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫੂਕੇ ਗਏ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ
ਅੰਮ੍ਰਿਤਸਰ,1ਅਗਸਤ(ਵਿਸ਼ਵ ਵਾਰਤਾ)Amritsar : ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਪੂਰਾ ਕਰਵਾਓਣ ਲਈ ਜਾਰੀ ਅੰਦੋਲਨ ਦੇ ਸੱਦੇ ਤੇ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਪ੍ਰੋਗਰਾਮ ਤਹਿਤ ਜਿਲ੍ਹਾ ਅੰਮ੍ਰਿਤਸਰ ਵਿਖੇ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਹੀ ਹੇਠ ਹਜ਼ਾਰਾਂ ਕਿਸਾਨਾਂ ਮਜਦੂਰਾਂ ਵੱਲੋਂ ਕੰਪਨੀ ਬਾਗ਼ ਇੱਕਠੇ ਹੋ ਕੇ ਡੀਸੀ ਦਫ਼ਤਰ ਅੰਮ੍ਰਿਤਸਰ ਵੱਲ ਮਾਰਚ ਕੀਤਾ ਗਿਆ ਅਤੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਪੁਤਲੇ ਫੂਕੇ ਗਏ। ਇਸ ਮੌਕੇ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਪਿਛਲੇ ਦਿਨੀਂ ਓਹਨਾ ਅੱਤਿਆਚਾਰੀ ਪੁਲਿਸ ਅਫ਼ਸਰਾਂ, ਜਿੰਨਾ ਨੇ ਸ਼ਾਂਤਮਈ ਤਰੀਕੇ ਨਾਲ ਆਪਣੀਆਂ ਮੰਗਾਂ ਸਬੰਧੀ ਧਰਨਾ ਪ੍ਰਦਰਸ਼ਨ ਕਰਨ ਲਈ ਦਿੱਲੀ ਜਾ ਰਹੇ ਆਪਣੇ ਹੀ ਦੇਸ਼ ਦੇ ਨਾਗਰਿਕਾਂ ਤੇ ਤਸ਼ੱਦਦ ਕਰਕੇ ਲੋਕਾਂ ਨੂੰ ਜਾਨੋਂ ਮਾਰਿਆ, ਅੱਖਾਂ ਦੀ ਰੌਸ਼ਨੀ ਖੋਹ ਲਈ, ਲੱਤਾਂ ਬਾਹਾਂ ਤੋੜ ਦਿੱਤੀਆਂ ਗਈਆਂ, ਕਿਸਾਨਾਂ ਦੇ ਟ੍ਰੈਕਟਰ ਤੋੜੇ, ਨੂੰ ਰਾਸ਼ਟਰਪਤੀ ਬਹਾਦੁਰੀ ਮੈਡਲ ਨਾਲ ਸਨਮਾਨਿਤ ਕਰਨ ਲਈ ਕੇਂਦਰ ਸਰਕਾਰ ਕੋਲੋਂ ਸ਼ਿਫਾਰਿਸ਼ ਕੀਤੀ ਗਈ ਹੈ, ਜ਼ੋ ਕਿ ਅਤਿ ਘਿਨਾਉਣਾ ਅਤੇ ਨਿੰਦਯੋਗ ਕੰਮ ਹੈ। ਓਹਨਾ ਕਿਹਾ ਕਿ ਅਗਰ ਅਜਿਹਾ ਕੀਤਾ ਜਾਂਦਾ ਹੈ ਤਾਂ ਇਹ ਦੇਸ਼ ਵਿੱਚ ਪ੍ਰਚਲਣ ਬਣੇਗਾ। ਓਹਨਾ ਕਿਹਾ ਕਿ ਸਰਕਾਰਾਂ ਵਿੱਚ ਬੈਠੇ ਲੋਕ ਜ਼ੋ ਖੁਦ ਨੂੰ ਲੋਕਾਂ ਦੇ ਨੁੰਮਾਇਦੇ ਅਖਵਾਉਂਦੇ ਹਨ ਅੱਜ ਦੇਸ਼ ਦੇ ਨਾਗਰਿਕਾਂ ਨੂੰ ਵਿਦੇਸ਼ੀ ਹਮਲਾਵਰਾਂ ਵਾਂਗ ਪੇਸ਼ ਕਰਦੇ ਹੋਏ ਅਜਿਹੇ ਘਟੀਆ ਪੱਧਰ ਦੇ ਕੰਮ ਕਰ ਰਹੇ ਹਨ। ਓਹਨਾ ਕਿਹਾ ਕਿ ਇਹ ਸ਼ਿਫਾਰਸ਼ ਰੱਦ ਕੀਤੀ ਜਾਵੇ ਅਤੇ ਸਗੋਂ ਓਹਨਾ ਅਫ਼ਸਰਾਂ ਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਕਿਸਾਨ ਆਗੂ ਬਚਿਤ੍ਰ ਸਿੰਘ ਕੋਟਲਾ , ਸੁਖਜੀਤ ਸਿੰਘ ਹਰਦੋਝੰਡੇ ਅਤੇ ਪਲਵਿੰਦਰ ਮਾਹਲ ਨੇ ਕਿਹਾ ਕਿ 2020-21 ਵਾਲੇ ਅੰਦੋਲਨ ਨੇ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕੀਤੀ ਅਤੇ ਅੱਜ ਇਹ ਕਿਸਾਨ ਅੰਦੋਲਨ 2 ਓਸੇ ਜਾਗ੍ਰਿਤੀ ਨੂੰ ਅਗਲੇ ਪੱਧਰ ਤੇ ਲਿਜਾ ਰਿਹਾ ਹੈ ਜ਼ੋ ਕਿ ਲੋਕ ਵਿਰੋਧੀ ਅਤੇ ਕਾਰਪੋਰੇਟ ਪੱਖੀ ਨੀਤੀਆਂ ਤੇ ਕੰਮ ਕਰ ਰਹੀਆਂ ਸਰਕਾਰਾਂ ਦੇ ਰਾਹ ਦਾ ਰੋੜਾ ਬਣਿਆ ਹੋਇਆ ਹੈ । ਓਹਨਾ ਕਿਹਾ ਕਿ ਬੇਸ਼ੱਕ ਵਿਰੋਧੀ ਧਿਰ ਅੱਜ ਸੰਸਦ ਵਿਚ ਕਿਸਾਨ ਮਜਦੂਰ ਦੀ ਗੱਲ ਕਰਨ ਨੂੰ ਮਜਬੂਰ ਹੋਈ ਹੈ ਪਰ ਅਜੇ ਵੀ ਓਸ ਪੱਧਰ ਤੇ ਆਵਾਜ਼ ਬੁਲੰਦ ਨਹੀਂ ਕੀਤੀ ਜਾ ਰਹੀ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ। ਓਹਨਾ ਕਿਹਾ ਕਿ ਵੱਖ ਵੱਖ ਥਾਵਾਂ ਤੇ ਜਾਰੀ ਅੰਦੋਲਨ ਸਾਰੀਆਂ ਫ਼ਸਲਾਂ ਦੇ ਭਾਅ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਅਤੇ ਖਰੀਦ ਐਮ ਐਸ ਪੀ ਤੇ ਕਰਨ ਦਾ ਗਰੰਟੀ ਕਨੂੰਨ ਬਣਾਉਣ, ਮਨਰੇਗਾ ਤਹਿਤ ਪ੍ਰਤੀ ਸਾਲ 200 ਦਿਨ ਰੁਜਗਾਰ ਅਤੇ ਦਿਹਾੜੀ 700 ਰੁਪਏ, ਕਿਸਾਨ ਮਜ਼ਦੂਰ ਲਈ 10 ਹਜ਼ਾਰ ਰੁਪਏ ਪੈਨਸ਼ਨ, ਕਿਸਾਨ ਮਜ਼ਦੂਰ ਦੀ ਸਮੁੱਚਾ ਕਰਜ਼ਾ ਮੁਕਤੀ, ਦਿੱਲੀ ਅੰਦੋਲਨ 1 ਦੀਆਂ ਮੰਨਿਆ ਮੰਗਾਂ ਲਾਗੂ ਕਰਨ, ਭੂੰਮੀ ਅਧਿਗ੍ਰਹਿਣ ਕਾਨੂੰਨ ਵਿੱਚ ਕੀਤੀਆਂ ਗਈਆਂ ਸੋਧਾਂ ਵਾਪਿਸ ਕਰਵਾਓਣ, ਆਦਿਵਾਸੀਆਂ ਦੇ ਹੱਕ ਦੀ ਰਾਖੀ ਲਈ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਸਮੇਤ ਸਾਰਿਆਂ ਮੰਗਾਂ ਤੇ ਠੋਸ ਹੱਲ ਕਰਵਾਉਣ ਤੱਕ ਜਾਰੀ ਰਹੇਗਾ। ਓਹਨਾ ਦੱਸਿਆ ਕਿ ਅੰਦੋਲਨ ਦੇ ਦੇਸ਼ ਪੱਧਰੀ ਸੱਦੇ ਅਨੁਸਾਰ 15 ਅਗਸਤ ਨੂੰ ਕਿਸਾਨਾਂ ਮਜਦੂਰਾਂ ਦੁਆਰਾ ਨਵੇਂ ਬਣੇ ਫੋਜ਼ਦਾਰੀ ਕਨੂੰਨਾਂ ਦੀਆਂ ਕਾਪੀਆਂ ਸਾੜ ਕੇ ਇਹਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਕੀਤੀ ਜਾਵੇਗੀ ਅਤੇ ਪੰਜਾਬ ਭਰ ਵਿੱਚ 80 ਤੋਂ ਵੱਧ ਥਾਵਾਂ ਤੇ ਟ੍ਰੈਕਟਰ ਮਾਰਚ ਕੀਤੇ ਜਾਣਗੇ। ਇਸ ਮੌਕੇ ਜਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਸਕੱਤਰ ਸਿੰਘ ਕੋਟਲਾ, ਬਾਜ਼ ਸਿੰਘ ਸਰੰਗੜਾ, ਲੱਖਵਿੰਦਰ ਸਿੰਘ ਡਾਲਾ, ਗੁਰਦੇਵ ਸਿੰਘ ਗੱਗੋਮਾਹਲ, ਬਲਵਿੰਦਰ ਸਿੰਘ ਬਿੰਦੂ, ਕੰਧਾਰ ਸਿੰਘ ਭੋਏਵਾਲ, ਸੁਖਦੇਵ ਸਿੰਘ ਚਾਟੀਵਿੰਡ ਅਤੇ ਕੰਵਰਦਲੀਪ ਸੈਦੋਲੇਹਲ ਸਮੇਤ ਹਜ਼ਾਰਾਂ ਕਿਸਾਨ ਮਜਦੂਰ ਸ਼ਾਮਿਲ ਹੋਏ।