BIG NEWS: ਕੀ ਰਾਜਸਭਾ ‘ਚ ਰਾਜਸਥਾਨ ਦੀ ਨੁਮਾਇੰਦਗੀ ਕਰਨਗੇ ਰਵਨੀਤ ਬਿੱਟੂ ; ਜਾਣੋ ਕਿਥੋਂ ਤੇ ਕਿਵੇਂ ਮਿਲ਼ ਸਕਦੀ ਹੈ ਬਿੱਟੂ ਨੂੰ ਰਾਜਸਭਾ ਦੀ ਟਿਕਟ
ਨਵੀਂ ਦਿੱਲੀ 17ਅਗਸਤ (ਵਿਸ਼ਵ ਵਾਰਤਾ): ਲੁਧਿਆਣਾ ਤੋਂ ਲੋਕ ਸਭਾ ਚੋਣਾਂ ਹਾਰਨ ਦੇ ਬਾਵਜੂਦ ਕੇਂਦਰ ‘ਚ ਮੰਤਰੀ ਬਣਨ ਵਾਲੇ ਲੁਧਿਆਣਾ ਦੇ ਸਾਬਕਾ ਸਾਂਸਦ ਰਵਨੀਤ ਸਿੰਘ ਬਿੱਟੂ ਨੂੰ ਬੀਜੇਪੀ ਵਲੋਂ ਰਾਜਸਭਾ ਦੀ ਰਾਜਸਥਾਨ ਤੋਂ ਟਿਕਟ ਮਿਲਣ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਹਨ। ਸੂਤਰਾਂ ਦੇ ਹਵਾਲੇ ਨਾਲ ਇਹ ਖ਼ਬਰਾਂ ਆ ਰਹੀਆਂ ਹਨ ਕਿ ਪ੍ਰਧਾਨ ਮੰਤਰੀ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬੀਜੇਪੀ ਦੀ ਸੀਨੀਅਰ ਲੀਡਰਸ਼ਿਪ ਹਰ ਹਾਲ ‘ਚ ਬਿੱਟੂ ਨੂੰ ਕੇਂਦਰੀ ਵਜ਼ਾਰਤ ‘ਚ ਰੱਖਣਾ ਚਾਹੁੰਦੇ ਹਨ। ਕਿਉਂ ਕਿ ਬਿੱਟੂ ਨੂੰ ਲੋਕ ਸਭਾ ਸੀਟ ਜਿੱਤੇ ਬਿਨਾਂ ਹੀ ਮੰਤਰੀ ਬਣਾ ਦਿੱਤਾ ਗਿਆ ਸੀ, ਇਸ ਲਈ ਹੁਣ ਇਹ ਜਰੂਰੀ ਹੈ ਕਿ ਉਹ 6 ਮਹੀਨੇ ਦੇ ਅੰਦਰ ਅੰਦਰ ਰਾਜ ਸਭਾ ਜਾ ਲੋਕ ਸਭਾ ਦੇ ਮੈਂਬਰ ਬਣਨ। ਹੁਣ 9 ਸੂਬਿਆਂ ਦੀਆਂ 21 ਰਾਜਸਭਾ ਸੀਟਾਂ ‘ਤੇ ਚੋਣਾਂ ਹੋਣ ਜਾ ਰਹੀਆਂ ਹਨ। ਬੀਜੇਪੀ ਵੱਲੋ ਰਾਜ ਸਭਾ ਟਿਕਟ ਲਈ ਰਵਨੀਤ ਬਿੱਟੂ ਦਾ ਨਾਮ ਸਾਹਮਣੇ ਆ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਛੱਡਣ ਤੋਂ ਬਾਅਦ ਬੀਜੇਪੀ ‘ਚ ਆਉਣ ‘ਤੇ ਬਿੱਟੂ ਨੂੰ ਲੁਧਿਆਣਾ ਤੋਂ ਲੋਕ ਸਭਾ ਲਈ ਟਿਕਟ ਦਿੱਤੀ ਗਈ ਸੀ। ਬਿੱਟੂ ਲੁਧਿਆਣਾ ਲੋਕ ਸਭਾ ਦੀ ਇਹ ਸੀਟ ਹਾਰ ਗਏ ਸਨ। ਪਹਿਲਾ ਹਰਿਆਣਾ ਤੋਂ ਬਿੱਟੂ ਦੇ ਚੋਣ ਲੜਨ ਦੇ ਚਰਚੇ ਸਨ। ਪਰ ਹੁਣ ਰਾਜਸਥਾਨ ਤੋਂ ਟਿਕਟ ਮਿਲਣ ਦੀਆਂ ਚਰਚਾਵਾਂ ਜ਼ੋਰ ਫੜ ਰਹੀਆਂ ਹਨ। ਰਾਜਸਥਾਨ ਤੋਂ ਭਾਜਪਾ ਦੇ ਸਾਬਕਾ ਪ੍ਰਧਾਨ ਸਤੀਸ਼ ਪੂਨੀਆ, ਸਾਬਕਾ ਸੰਸਦ ਮੈਂਬਰ ਸੀ.ਆਰ. ਚੌਧਰੀ, ਭਾਜਪਾ ਦੀ ਰਾਸ਼ਟਰੀ ਜਨਰਲ ਸਕੱਤਰ ਅਲਕਾ ਗੁਰਜਰ, ਅਰੁਣ ਚਤੁਰਵੇਦੀ, ਸਾਬਕਾ ਵਿਰੋਧੀ ਧਿਰ ਦੇ ਨੇਤਾ ਰਾਜੇਂਦਰ ਰਾਠੌਰ ਵੀ ਟਿਕਟ ਲੈਣ ਦੀ ਦੌੜ ਵਿੱਚ ਹਨ।
ਰਾਜਸਥਾਨ ਦੀ ਕਿਹੜੀ ਸੀਟ ਤੋਂ ਲੜ ਸਕਦੇ ਹਨ ਬਿੱਟੂ
ਰਾਜਸਥਾਨ ਦੀ ਇੱਕ ਸੀਟ ‘ਤੇ ਰਾਜ ਸਭਾ ਉਪ ਚੋਣ ਹੋਣ ਜਾ ਰਹੀ ਹੈ। ਇਹ ਸੀਟ ਕਾਂਗਰਸ ਰਾਸ਼ਟਰੀ ਸੰਗਠਨ ਦੇ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਦੇ ਅਸਤੀਫੇ ਨਾਲ ਖਾਲੀ ਹੋਈ ਹੈ, ਜੋ ਪਹਿਲਾਂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਸਨ। ਪਰ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਕੇਸੀ ਵੇਣੂਗੋਪਾਲ ਨੇ ਚੋਣ ਲੜੀ ਸੀ। ਉਨ੍ਹਾਂ ਕੇਰਲ ਦੀ ਅਲਾਪੁਝਾ ਲੋਕ ਸਭਾ ਸੀਟ ਤੋਂ ਚੋਣ ਲੜੀ ਅਤੇ ਜਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ ਰਾਜ ਸਭਾ ਤੋਂ ਅਸਤੀਫਾ ਦੇ ਦਿੱਤਾ। ਇਸ ਕਾਰਨ ਰਾਜਸਥਾਨ ਦੇ ਕੋਟਾ ਦੀ ਰਾਜ ਸਭਾ ਸੀਟ ਖਾਲੀ ਹੋ ਗਈ ਹੈ। ਕੋਟਾ ਤੋਂ ਹੁਣ ਬਿੱਟੂ ਦੇ ਚੋਣ ਲੜਨ ਦੀਆਂ ਚਰਚਾਵਾਂ ਹਨ। ਤੁਹਾਨੂੰ ਦੱਸ ਦੇਈਏ ਕਿ ਰਾਜਸਥਾਨ ਦੀਆਂ 10 ਰਾਜ ਸਭਾ ਸੀਟਾਂ ਵਿੱਚੋਂ 5 ਸੀਟਾਂ ਕਾਂਗਰਸ ਅਤੇ 4 ਸੀਟਾਂ ਭਾਜਪਾ ਕੋਲ ਹਨ। ਇੱਕ ਸੀਟ ਕੇਸੀ ਵੇਣੂਗੋਪਾਲ ਦੀ ਖਾਲੀ ਹੈ ਜੋ ਪਹਿਲਾਂ ਕਾਂਗਰਸ ਦੇ ਖਾਤੇ ਵਿੱਚ ਸੀ। ਸੋਨੀਆ ਗਾਂਧੀ, ਰਣਦੀਪ ਸਿੰਘ ਸੁਰਜੇਵਾਲਾ, ਪ੍ਰਮੋਦ ਤਿਵਾੜੀ, ਨੀਰਜ ਡਾਂਗੀ ਅਤੇ ਮੁਕੁਲ ਵਾਸਨਿਕ ਇਸ ਸਮੇਂ ਰਾਜਸਥਾਨ ਵਿੱਚ ਕਾਂਗਰਸ ਦੇ ਰਾਜ ਸਭਾ ਮੈਂਬਰ ਹਨ। ਜਦੋਂ ਕਿ ਰਾਜੇਂਦਰ ਗਹਿਲੋਤ, ਮਦਨ ਰਾਠੌਰ, ਚੁੰਨੀਲਾਲ ਗਰਾਸੀਆ ਅਤੇ ਘਨਸ਼ਿਆਮ ਤਿਵਾੜੀ ਭਾਜਪਾ ਦੇ ਰਾਜ ਸਭਾ ਮੈਂਬਰ ਹਨ।
ਰਾਜਸਥਾਨ ਤੋਂ ਐਮਪੀ ਬਣਕੇ ਪੰਜਾਬ ਦੇ ਪਾਣੀਆਂ ਦੀ ਗੱਲ ਕਿਸ ਤਰਾਂ ਕਰ ਸਕਣਗੇ ਬਿੱਟੂ
ਪਾਣੀਆਂ ਦੀ ਵੰਡ ਨੂੰ ਲੈ ਕੇ ਪੰਜਾਬ ਦੀ ਹਰਿਆਣਾ ਅਤੇ ਰਾਜਸਥਾਨ ਨਾਲ ਲੰਮੀ ਕਾਨੂੰਨੀ ਲੜਾਈ ਹੈ। ਬਿੱਟੂ ਆਪਣੇ ਬਿਆਨ ‘ਚ ਅਕਸਰ ਪੰਜਾਬ ਦੇ ਪਾਣੀਆਂ ਲਈ ਸੂਬੇ ਦੇ ਹੱਕ ‘ਚ ਬੋਲਦੇ ਰਹੇ ਹਨ। ਕੇਂਦਰੀ ਮੰਤਰੀ ਬਣਨ ਤੋਂ ਬਾਅਦ ਵੀ ਉਨ੍ਹਾਂ ਕਿਹਾ ਸੀ ਕਿ ਉਹ ਪੰਜਾਬ ਅਤੇ ਕੇਂਦਰ ਵਿਚਕਾਰ ਇਕ ਪੁਲ਼ ਦੀ ਤਰਾਂ ਕੰਮ ਕਰਨਗੇ। ਹੁਣ ਸਵਾਲ ਇਹ ਉੱਠਦਾ ਹੈ ਕਿ ਜੇਕਰ ਬਿੱਟੂ ਰਾਜਸਭਾ ‘ਚ ਰਾਜਸਥਾਨ ਦੀ ਨੁਮਾਇੰਦਗੀ ਕਰਨਗੇ ਤਾ ਉਹ ਪੰਜਾਬ ਦੇ ਪਾਣੀਆਂ ਦੇ ਹੱਕ ‘ਚ ਆਪਣੀ ਗੱਲ ਕਿਸ ਤਰਾਂ ਕਰ ਸਕਣਗੇ। ਰਾਜਸਭਾ ‘ਚ ਜੇਕਰ ਪਾਣੀਆਂ ਦੇ ਮੁੱਦੇ ‘ਤੇ ਬਹਿਸ ਕਰਨੀ ਪੈ ਗਈ ਤਾ ਉਹ ਰਾਜਸਥਾਨ ਦੇ ਨੁਮਾਇੰਦੇ ਹੁੰਦੀਆਂ ਪੰਜਾਬ ਦੇ ਹੱਕ ‘ਚ ਕਿਸ ਤਰਾਂ ਬੋਲ ਸਕਣਗੇ।