ਕਿਸਾਨਾਂ ਦੇ ਧਰਨੇ ਤੇ AAP ਨੇ ਕਿਹਾ- ਸਾਰੀ ਸਮੱਸਿਆ ਦੀ ਜੜ੍ਹ ਕੇਂਦਰ ਸਰਕਾਰ ਹੈ
ਐਫਸੀਆਈ ਗੁਦਾਮਾਂ ਨੂੰ ਜਾਣਬੁੱਝ ਕੇ ਖਾਲੀ ਨਹੀਂ ਕਰ ਰਹੀ, ਬਹੁਤ ਹੌਲੀ ਰਫਤਾਰ ਨਾਲ ਅਨਾਜ ਉਠਾਇਆ ਜਾ ਰਿਹਾ ਹੈ – ਨੀਲ ਗਰਗ
ਆਪ ਨੇ ਕਿਸਾਨ ਜਥੇਬੰਦੀਆਂ ਨੂੰ ਰੇਲਾਂ ਨਾ ਰੋਕਣ ਦੀ ਕੀਤੀ ਅਪੀਲ, ਕਿਹਾ- ਇਸ ਨਾਲ ਕੇਂਦਰ ਸਰਕਾਰ ਨੂੰ ਗੁਦਾਮ ਖਾਲੀ ਨਾ ਕਰਨ ਦਾ ਬਹਾਨਾ ਮਿਲ ਜਾਵੇਗਾ
ਚੰਡੀਗੜ੍ਹ, 13 ਅਕਤੂਬਰ (ਵਿਸ਼ਵ ਵਾਰਤਾ):- ਕਿਸਾਨਾਂ ਦੇ ਧਰਨੇ ‘ਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕਿਹਾ ਕਿ ਸਾਰੀ ਸਮੱਸਿਆ ਦੀ ਜੜ੍ਹ ਕੇਂਦਰ ਸਰਕਾਰ ਹੈ। ਐਫਸੀਆਈ ਜਾਣਬੁੱਝ ਕੇ ਅਨਾਜ ਦੇ ਗੁਦਾਮਾਂ ਨੂੰ ਖਾਲੀ ਨਹੀਂ ਕਰ ਰਹੀ ਹੈ, ਜਿਸ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ।
‘ਆਪ’ ਆਗੂ ਤੇ ਪਾਰਟੀ ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ ਕਿ ਰੋਸ ਪ੍ਰਦਰਸ਼ਨ ਕਰਨਾ ਕਿਸਾਨ ਯੂਨੀਅਨ ਦਾ ਹੱਕ ਹੈ। ਸਾਨੂੰ ਇਸ ‘ਤੇ ਕੋਈ ਇਤਰਾਜ਼ ਨਹੀਂ ਹੈ। ਪਰ ਉਨ੍ਹਾਂ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਕਾਰਨ ਇਹ ਸਮੱਸਿਆ ਪੈਦਾ ਹੋਈ ਹੈ। ਕੇਂਦਰ ਪੰਜਾਬ ਪ੍ਰਤੀ ਮਤਰੇਈ ਮਾਂ ਵਾਲਾ ਰਵੱਈਆ ਅਪਣਾ ਰਿਹਾ ਹੈ। ਇਹ ਸਥਿਤੀ ਕੇਂਦਰ ਸਰਕਾਰ ਦੀਆਂ ਗਲਤ ਨੀਅਤਾਂ ਕਾਰਨ ਪੈਦਾ ਹੋਈ ਹੈ।
ਗਰਗ ਨੇ ਕਿਹਾ ਕਿ ਪੰਜਾਬ ਕਈ ਦਹਾਕਿਆਂ ਤੋਂ ਕੇਂਦਰੀ ਅਨਾਜ ਭੰਡਾਰ ਵਿੱਚ ਯੋਗਦਾਨ ਪਾ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਅਨਾਜ ਭੰਡਾਰ ਭਰੇ ਹੋਏ ਹਨ ਪਰ ਐਫਸੀਆਈ ਨੇ ਅਜੇ ਤੱਕ ਗੋਦਾਮ ਖਾਲੀ ਨਹੀਂ ਕਰਾਇਆ ਹੈ। ਇਸ ਕਾਰਨ ਰਾਈਸ ਮਿੱਲਰਸ ਨੂੰ ਨੁਕਸਾਨ ਹੋਇਆ ਹੈ। ਹੁਣ ਉਹ ਨਵਾਂ ਝੋਨਾ ਖਰੀਦਣ ਲਈ ਤਿਆਰ ਨਹੀਂ ਹਨ, ਜਿਸ ਕਾਰਨ ਸਾਰਾ ਸਿਸਟਮ ਠੱਪ ਹੋ ਕੇ ਰਹਿ ਗਿਆ ਹੈ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਖੁਦ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ। ਕਈ ਮੰਤਰੀਆਂ ਨੇ ਕੇਂਦਰ ਨਾਲ ਗੱਲ ਕੀਤੀ। ਕੇਂਦਰੀ ਮੰਤਰੀ ਨੇ ਹੱਲ ਦਾ ਭਰੋਸਾ ਦਿੱਤਾ ਹੈ ਪਰ ਇਸ ਵਿੱਚ ਦੇਰੀ ਹੋ ਰਹੀ ਹੈ। ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਗੁਦਾਮ ਨੂੰ ਜਲਦੀ ਖਾਲੀ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਜੋ ਸਾਡਾ ਨਵਾਂ ਅਨਾਜ ਉਥੇ ਜਾ ਸਕੇ।
ਨੀਲ ਗਰਗ ਨੇ ਕਿਹਾ ਕਿ ਲਿਫਟਿੰਗ ਲਈ ਕੇਂਦਰ ਸਰਕਾਰ ਵੱਲੋਂ ਕੁਝ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਗਈਆਂ ਹਨ ਪਰ ਲਿਫਟਿੰਗ ਹੌਲੀ ਹੋ ਰਹੀ ਹੈ। ਇਸ ਲਈ ਅਸੀਂ ਕਿਸਾਨ ਜਥੇਬੰਦੀਆਂ ਨੂੰ ਰੇਲ ਗੱਡੀ ਨਾ ਰੋਕਣ ਦੀ ਅਪੀਲ ਕਰਦੇ ਹਾਂ। ਇਸ ਨਾਲ ਕੇਂਦਰ ਸਰਕਾਰ ਨੂੰ ਹੌਲੀ ਲਿਫਟਿੰਗ ਦਾ ਬਹਾਨਾ ਮਿਲ ਜਾਵੇਗਾ।
ਉਨ੍ਹਾਂ ਕੇਂਦਰ ਸਰਕਾਰ ਨੂੰ ਵੀ ਇਸ ਸਮੱਸਿਆ ਦਾ ਜਲਦੀ ਹੱਲ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਗੁਦਾਮਾਂ ਨੂੰ ਜਲਦੀ ਖਾਲੀ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋ ਸਕੇ ਅਤੇ 185 ਲੱਖ ਮੀਟ੍ਰਿਕ ਟਨ ਝੋਨਾ ਉਥੇ ਭਰਿਆ ਜਾ ਸਕੇ।