BREAKING NEWS: ਬਟਾਲਾ ‘ਚ ਪੁਲਸ ਤੇ ਗੈਂਗਸਟਰ ਵਿਚਾਲੇ ਗੋਲੀਬਾਰੀ
ਗੋਲੀ ਲੱਗਣ ਤੋਂ ਬਾਅਦ ਰੰਗਦਾਰੀ ਮੰਗਣ ਵਾਲਾ ਗੈਂਗਸਟਰ ਗ੍ਰਿਫਤਾਰ
ਤਿੰਨ ਘੰਟੇ ਚੱਲਿਆ ਮੁਕਾਬਲਾ, ਜਵੈਲਰ ਤੋਂ ਜਬਰੀ ਵਸੂਲੀ ਦੀ ਕੀਤੀ ਸੀ ਮੰਗ
ਬਟਾਲਾ, 27 ਜੁਲਾਈ (ਵਿਸ਼ਵ ਵਾਰਤਾ):- ਸ਼ਨੀਵਾਰ ਨੂੰ ਬਟਾਲਾ ਪੁਲਿਸ ਅਤੇ ਇੱਕ ਗੈਂਗਸਟਰ ਵਿਚਕਾਰ ਮੁਕਾਬਲਾ ਹੋਇਆ। ਇਸ ਮੁਕਾਬਲੇ ‘ਚ ਦੋਵਾਂ ਪਾਸਿਆਂ ਤੋਂ ਗੋਲੀਬਾਰੀ ਹੋਈ। ਗੋਲੀਬਾਰੀ ‘ਚ ਗੈਂਗਸਟਰ ਦੀ ਲੱਤ ‘ਚ ਗੋਲੀ ਲੱਗੀ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਮੁਲਜ਼ਮ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਪੁਲਿਸ ਅਨੁਸਾਰ ਇਹ ਗੈਂਗਸਟਰ ਬਟਾਲਾ ਵਿੱਚ ਇੱਕ ਕੈਮਿਸਟ ਦੀ ਦੁਕਾਨ ‘ਤੇ ਕੰਮ ਕਰਦਾ ਸੀ। ਉਸਦਾ ਕੰਮ ਲੋਕਾਂ ਨੂੰ ਡਰਾ ਧਮਕਾ ਕੇ ਫਿਰੌਤੀ ਮੰਗਣਾ ਅਤੇ ਡਰ ਪੈਦਾ ਕਰਨ ਲਈ ਆਪਦੇ ਸ਼ੂਟਰਾਂ ਤੋਂ ਗੋਲੀ ਚਲਵਾਉਂਦਾ ਸੀ। ਜ਼ਖ਼ਮੀ ਦੀ ਪਛਾਣ ਮਲਕੀਤ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਮੁਲਜ਼ਮ ਨੂੰ ਪਿੰਡ ਲੌਂਗੋਵਾਲ ਦੇ ਖੇਤਾਂ ਵਿੱਚੋਂ ਗ੍ਰਿਫ਼ਤਾਰ ਕੀਤਾ ਹੈ।
ਐਸਐਸਪੀ ਬਟਾਲਾ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਨੇ ਸ੍ਰੀ ਹਰਗੋਵਿੰਦਪੁਰ ਵਿੱਚ ਇੱਕ ਜਿਊਲਰ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਜਵੈਲਰ ਦੀ ਦੁਕਾਨ ‘ਤੇ ਗੋਲੀਆਂ ਚਲਾ ਦਿੱਤੀਆਂ। ਸ਼ਨੀਵਾਰ ਸਵੇਰੇ ਸੂਚਨਾ ਮਿਲਣ ‘ਤੇ ਪੁਲਸ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਹਰਕਤ ‘ਚ ਆ ਗਈ। ਪੁਲਿਸ ਅਤੇ ਗੈਂਗਸਟਰ ਵਿਚਾਲੇ ਕਰੀਬ ਤਿੰਨ ਘੰਟੇ ਤੱਕ ਮੁਕਾਬਲਾ ਚੱਲਿਆ। ਆਖ਼ਰਕਾਰ ਪੁਲੀਸ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲ ਹੋ ਗਈ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮ ਕਰੀਬ ਡੇਢ ਕਿਲੋਮੀਟਰ ਤੱਕ ਪੈਦਲ ਦੌੜਦਾ ਰਿਹਾ। ਜਦੋਂ ਉਹ ਕੁਝ ਨਾ ਕਰ ਸਕਿਆ ਤਾਂ ਉਸ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਵੀ ਜਵਾਬੀ ਹਮਲਾ ਕੀਤਾ ਜਿਸ ਵਿੱਚ ਇੱਕ ਗੋਲੀ ਉਸਦੇ ਗੋਡੇ ਵਿੱਚ ਲੱਗੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਪੁੱਛਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।