25 ਸਤੰਬਰ ਨੂੰ ਥਾਣਾ ਸਦਰ ਕਪੂਰਥਲਾ ਦੇ ਸਾਹਮਣੇ ਲਗਾਇਆ ਜਾਵੇਗਾ ਧਰਨਾ
ਲੋਕਾਂ ਨੂੰ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ ਧਰਨੇ ਵਿੱਚ ਪਹੁੰਚਣ ਦੀ ਅਪੀਲ
ਕਪੂਰਥਲਾ, 23 ਸਤੰਬਰ (ਵਿਸ਼ਵ ਵਾਰਤਾ)-ਕਪੂਰਥਲਾ ਤੋਂ ਸੀਨੀਅਰ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਹੰਕਾਰ ਵਿੱਚ ਡੁੱਬੀ ਅਕਾਲੀ-ਭਾਜਪਾ ਦੀ ਸਾਂਝੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਲੋਕ ਮਾਰੂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੋਕ ਲਹਿਰ ਉਸਾਰੇ ਜਾਣਾ ਸਮੇਂ ਦੀ ਸੱਭ ਤੋਂ ਵੱਡੀ ਲੋੜ ਹੈ ਤਾਂ ਜੋ ਕੇਂਦਰ ਸਰਕਾਰ ਨੂੰ ਇਹ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾ ਸਕੇ।
ਉਹਨਾਂ ਦੱਸਿਆ ਕਿ ਖੇਤੀ ਸਬੰਧੀ ਕਾਲੇ ਕਾਨੂੰਨਾਂ ਵਿਰੁੱਧ ਰੋਸ ਜਤਾਉਣ ਅਤੇ ਲੋਕਾਂ ਦੀ ਲਾਮਬੰਦੀ ਲਈ 25 ਸਤੰਬਰ ਨੂੰ ਥਾਣਾ ਸਦਰ ਦੇ ਸਾਹਮਣੇ ਧਰਨਾ ਲਗਾਇਆ ਜਾਵੇਗਾ ।
ਰਾਣਾ ਗੁਰਜੀਤ ਸਿੰਘ ਨੇ ਦੱਸਿਆ ਕਿ ਖੇਤੀ ਸਬੰਧੀ ਪਾਸ ਕੀਤੇ ਗਏ ਲੋਕ ਮਾਰੂ ਬਿੱਲ ਸਾਡੀ ਅਰਥ ਵਿਵਸਥਾ ਦੇ ਖਾਤਮੇ ਦਾ ਮੁੱਢ ਹੈ ਅਤੇ ਇਸ ਨਾਲ ਨਾ ਸਿਰਫ ਕਿਸਾਨ ਸਗੋਂ ਆੜਤੀ, ਵਪਾਰੀ, ਕਿਸਾਨੀ ਦੇ ਸਹਾਇਕ ਧੰਦੇ, ਕਿਰਤੀ, ਦੁਕਾਨਦਾਰ ਸਿੱਧੇ ਰੂਪ ਵਿੱਚ ਆਪਣੇ ਰੁਜਗਾਰ ਤੋਂ ਵਾਂਝੇ ਹੋ ਜਾਣਗੇ।
ਉਹਨਾਂ ਕਿਹਾ ਕਿ ਇਹਨਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਉਹਨਾਂ ਵੱਲੋਂ ਕਿਸਾਨੀ ਦੀ ਲੜਾਈ ਆਖਰੀ ਸਾਹਾਂ ਤੱਕ ਲੜ੍ਹਨ ਦਾ ਅਹਿਦ ਲਿਆ ਗਿਆ ਹੈ ਅਤੇ ਉਹ ਲੋਕਾਂ ਨੂੰ ਇਹਨਾਂ ਮਾਰੂ ਕਾਨੂੰਨਾਂ ਵਿਰੁੱਧ ਜਾਗਰੂਕ ਕਰਕੇ ਲਾਮਬੰਦ ਕਰਨ ਲਈ ਪਿੰਡ-ਪਿੰਡ ਦਾ ਦੌਰਾ ਕਰ ਰਹੇ ਹਨ।
ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਪਾਰਟੀ ਪੱਧਰ ਤੋਂ ਉੱਪਰ ਉੱਠ ਕੇ 25 ਸਤੰਬਰ ਨੂੰ ਸਵੇਰੇ 10-00 ਵਜੇ ਧਰਨੇ ਵਾਲੀ ਥਾਂ ਉੱਪਰ ਪਹੁੰਚਣ ਤਾਂ ਜੋ ਲੋਕਾਂ ਦੀ ਇਕ ਮੁਠਤਾ ਨਾਲ ਅਕਾਲੀ ਦਲ-ਭਾਜਪਾ ਦੀ ਕੇਂਦਰੀ ਸਰਕਾਰ ਨੂੰ ਮਨੁੱਖਤਾ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਮਜਬੂਰ ਕੀਤਾ ਜਾਵੇ ।
ਉਹਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਧਰਨੇ ਦੌਰਾਨ ਸੁਚਾਰੂ ਆਵਾਜਾਈ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਆਮ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ।