ਕਰੋਨਾ ਵਾਇਰਸ ਸਬੰਧੀ ਜੂਮ ਐਪ ਰਾਹੀਂ ਕੀਤੀ ਮੀਟਿੰਗ
ਬਠਿੰਡਾ, 22 ਸਤੰਬਰ (ਕੁਲਬੀਰ ਬੀਰਾ): ਜ਼ਿਲਾ ਪ੍ਰਸ਼ਾਸ਼ਨ ਦੀ ਹਦਾਇਤਾਂ ਤਹਿਤ ਕਰੋਨਾ ਦੇ ਪ੍ਰਭਾਵ ਨਾਲ ਵੱਧ ਰਹੇ ਮਰੀਜਾਂ ਦੀ ਗਿਣਤੀ ਨੂੰ ਰੋਕਣ ਤੇ ਲੋਕਾਂ ਵਿੱਚ ਕਰੋਨਾ ਸਬੰਧੀ ਸੋਸ਼ਲ ਮੀਡੀਆ ਆਦਿ ‘ਤੇ ਉੱਠ ਰਹੀਆਂ ਗਲਤ ਅਫਵਾਹਾਂ ਨੂੰ ਰੋਕਣ ਲਈ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਜਿਲਾ ਯੂਥ ਕੋਆਰਡੀਨੇਟਰ ਹਰਸ਼ਰਨ ਸਿੰਘ ਦੀ ਅਗਵਾਈ ਹੇਠ ਬਠਿੰਡਾ ਦੇ ਵੱਖ-ਵੱਖ ਬਲਾਕਾਂ ਦੇ ਵਲੰਟੀਅਰਾਂ ਤੇ ਯੂਥ ਮੈਂਬਰਾਂ ਨਾਲ ਕੋਵਿਡ-19 ਦੀ ਸਬੰਧੀ ਜਾਗਰੂਕਤਾ ਹਿੱਤ ਆਨ-ਲਾਈਨ ਯੂਮ ਐਪ ਰਾਹੀ ਮੀਟਿੰਗ ਕੀਤੀ ਗਈ ਜਿਸ ਵਿੱਚ ਸਬ ਰਜਿਸਟਰਾਰ ਬਠਿੰਡਾ ਡਾ. ਵਿਨੈ ਬਾਂਸਲ ਵਲੋਂ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਗਈ।
ਇਸ ਮੌਕੇ ਡਾ. ਵਿਨੈ ਬਾਂਸਲ ਨੇ ਕਰੋਨਾ ਵਾਇਰਸ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਇਸ ਬਿਮਾਰੀ ਨੇ ਪੂਰੀ ਦੁਨੀਆਂ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ, ਸੋ ਸਾਡਾ ਨਿੱਜੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਨੂੰ ਕੋਵਿਡ-19 ਸਬੰਧੀ ਜਾਗੂਰਕ ਕਰੀਏ ਕਿ ਇਸ ਦੇ ਕੀ ਲੱਛਣ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ।
ਇਸ ਮੌਕੇ ਡਾ. ਵਿਨੈ ਬਾਂਸਲ ਨੇ ਕਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਚਣ ਲਈ ਵਿਸਥਾਰਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਣਾ ਚਾਹੀਦਾ ਹੈ ਤੇ ਸੈਨੇਟਾਈਜ਼ਰ ਦੀ ਵਰਤੋਂ ਕਰਨੀ ਚਾਹੀਦੀ ਹੈ। ਘਰ ਤੋਂ ਬਾਹਰ ਨਿਕਲਦੇ ਸਮੇਂ ਮਾਸਕ ਜਾਂ ਰੁਮਾਲ ਮੂੰਹ ਤੇ ਰੱਖਣਾ ਚਾਹੀਦਾ ਹੈ। ਦੂਸਰਿਆਂ ਤੋਂ ਸਮਾਜਿਕ ਦੂਰੀ ਬਣਾਈ ਰੱਖਣੀ ਚਾਹੀਦੀ ਹੈ ਉਨਾਂ ਕਿਹਾ ਕਿ ਇਸ ਬਿਮਾਰੀ ਦੀ ਅਜੇ ਤੱਕ ਕੋਈ ਪੱਕੀ ਦਵਾਈ ਨਹੀਂ ਬਣੀ ਸੋ ਪਰਹੇਜ ਹੀ ਇਸਦਾ ਮੁੱਢਲਾ ਇਲਾਜ ਹੈ।
ਉਨਾਂ ਕਿਹਾ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਸਾਹ ਲੈਣ ਚ ਤਕਲੀਫ, ਬੁਖਾਰ ,ਖੰਘ ਜਾਂ ਜੁਕਾਮ ਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਆਪਣੇ ਘਰ ਵਿੱਚ ਇਕਾਂਤਵਾਸ ਕਰ ਸਕਦਾ ਹੈ ਤੇ ਸਰਕਾਰੀ ਹਸਪਤਾਲ ਜਾ ਕੇ ਆਪਣਾ ਕਰੋਨਾ ਟੈਸਟ ਬਿਲਕੁਲ ਫਰੀ ਕਰਵਾ ਸਕਦਾ ਹੈ ਤਾਂ ਜੋ ਸਮਾਂ ਰਹਿੰਦੇ ਉਸਦਾ ਇਲਾਜ ਕੀਤਾ ਜਾ ਸਕੇ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਬਠਿੰਡਾ ਦੇ ਜਿਲਾ ਯੂਥ ਕੋਆਰਡੀਨੇਟਰ ਹਰਸ਼ਰਨ ਸਿੰਘ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨਾਂ ਨੂੰ ਆਪਣੇ ਅੰਦਰ ਕੋਈ ਕੋਰੋਨਾ ਦੇ ਲੱਛਣ ਜਾਂ ਕੋਈ ਕਰੋਨਾ ਪਾਜੀਟਿਵ ਮਰੀਜ ਉਨਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਉਹ ਆਪਣੇ ਨਜਦੀਕੀ ਸਰਕਾਰੀ ਹਸਪਤਾਲ ਵਿੱਚ ਜਰੂਰ ਜਾ ਕੇ ਕਰੋਨਾ ਟੈਸਟ ਕਰਵਾਉਣ ਤਾਂ ਜੋ ਇਸ ਤੋਂ ਬਚਿਆ ਜਾ ਸਕੇ।
ਇਸ ਮੌਕੇ ਨਹਿਰੂ ਯੁਵਾ ਕੇਂਦਰ ਦੇ ਲੇਖਾਕਾਰ ਅਨਮੋਲ ਬਜਾਜ, ਨੈਸ਼ਨਲ ਯੂਥ ਵਲੰਟੀਅਰ ਹਰਿੰਦਰ ਕੁਮਾਰ ਬਾਲਿਆਂਵਾਲੀ, ਸਿਮਰਜੀਤ ਸਿੰਘ, ਗਗਨਦੀਪ ਸਿੰਘ,ਅਜੇਦੀਪ ਸਿੰਘ,ਤਰਸੇਮ ਕੁਮਾਰ, ਹੁਸਨਦੀਪ ਸਿੰਘ,ਹਰਦੀਪ ਸਿੰਘ, ਅਵਤਾਰ ਸਿੰਘ, ਲਵਪ੍ਰੀਤ ਸਿੰਘ, ਜਸਵੀਰ ਸਿੰਘ, ਸੰਦੀਪ ਸਿੰਘ, ਕ੍ਰਿਸ਼ਨ ਕੁਮਾਰ, ਚਰਨਜੀਤ ਸਿੰਘ, ਹਰਵਿੰਦਰ ਕੌਰ, ਸੁਖਵੀਰ ਕੌਰ, ਪਰਮਜੀਤ ਕੌਰ ਤੇ ਵੱਖ-ਵੱਖ ਪਿੰਡਾਂ ਦੇ ਕਲੱਬ ਮੈਂਬਰ ਆਦਿ ਹਾਜ਼ਰ ਸਨ।























