ਮਾਨਸਾ 20 ਸਤੰਬਰ( ਵਿਸ਼ਵ ਵਾਰਤਾ)-: ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਰਾਜ ਭਰ ਦੇ ਸਕੂਲਾਂ ‘ਚ 14 ਸਤੰਬਰ ਤੋਂ ਸ਼ੁਰੂ ਹੋਏ ਆਨਲਾਈਨ ਮਾਪੇ-ਅਧਿਆਪਕ ਮਿਲਣੀ ਹਫਤੇ ਤਹਿਤ ਮਾਨਸਾ ਜਿਲ੍ਹੇ ‘ਚ ਮਿਲਣੀਆਂ ਨੂੰ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਤੇ ਜਿਲ੍ਹਾ ਸਿੱਖਿਆ ਅਫਸਰ(ਐਲੀ.)ਸਰਬਜੀਤ ਸਿੰਘ ਧੂਰੀ ਨੇ ਇਸ ਸਬੰਧੀ ਦੱਸਿਆ ਕਿ ਇਨ੍ਹਾਂ ਮਿਲਣੀਆਂ ਦੌਰਾਨ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਸਿੱਖਣ ਪਰਿਣਾਮਾਂ ਬਾਰੇ ਅਧਿਆਪਕਾਂ ਨਾਲ ਰਚਾਏ ਸੰਵਾਦ ਰਾਹੀਂ ਇਹ ਗੱਲ ਉੱਭਰ ਕੇ ਸਾਹਮਣੇ ਆਈ ਹੈ ਕਿ ਕਰੋਨਾ ਸੰਕਟ ਦੌਰਾਨ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਦਿੱਤੀ ਗਈ ਆਨਲਾਈਨ ਸਿੱਖਿਆ ਨੇ ਮਾਪਿਆਂ ਦੇ ਦਿਲਾਂ ‘ਚ ਸਰਕਾਰੀ ਸਕੂਲ ਅਧਿਆਪਕਾਂ ਪ੍ਰਤੀ ਵਿਸ਼ਵਾਸ਼ ‘ਚ ਹੋਰ ਵਾਧਾ ਕੀਤਾ ਹੈ। ਉਕਤ ਅਧਿਕਾਰੀਆਂ ਨੇ ਦੱਸਿਆ ਕਿ ਇੰਨ੍ਹਾਂ ਮਿਲਣੀਆਂ ਦਾ ਮਕਸਦ ਮਾਪਿਆਂ ਨੂੰ ਪੰਜਾਬ ਅਚੀਵਮੈਂਟ ਸਰਵੇਖਣ ਲਈ ਜਾਗਰੂਕ ਕਰਨਾ, ਬੱਚਿਆਂ ਦੀ ਪੜ੍ਹਾਈ ਸਬੰਧੀ, ਕਿਤਾਬਾਂ, ਹੋਰ ਪੜ੍ਹਨ ਸਮੱਗਰੀ ਤੇ ਮਿੱਡ ਡੇ ਮੀਲ ਦੀ ਸਮੱਗਰੀ ਬੱਚਿਆਂ ਤੱਕ ਪੁੱਜਣ ਤੇ ਬੱਚਿਆਂ ਦੀ ਹੋਰਨਾਂ ਮੁਸ਼ਕਲਾਂ ਬਾਰੇ ਵਿਚਾਰ ਚਰਚਾ ਕਰਨਾ ਸੀ। ਇਸ ਸਬੰਧੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਨਸਾ (ਲੜਕੇ) ਦੇ ਪ੍ਰਿੰਸੀਪਲ ਸੰਜੀਵ ਕੁਮਾਰ, ਅੰਗਰੇਜ਼ ਸਿੰਘ ਰਿਉਂਦ ਕਲਾਂ, ਸਰਕਾਰੀ ਹਾਈ ਸਕੂਲ ਬੋੜਾਵਾਲ ਦੇ ਮੁੱਖ ਅਧਿਆਪਕ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਆਪਕ ਵੱਖ ਵੱਖ ਸਾਧਨਾਂ ਰਾਹੀ ਅਧਿਆਪਕ ਮਾਪੇ ਮਿਲਣੀਆਂ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਰਾਬਤਾ ਬਣਾਉਣ ‘ਚ ਸਫਲ ਰਹੇ। ਇੰਨ੍ਹਾਂ ਮਿਲਣੀਆਂ ਦੌਰਾਨ ਵੱਡੀ ਗਿਣਤੀ ਚ ਮਾਪਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਵੱਡੀ ਗਿਣਤੀ ਚ ਮਾਪੇ ਸਕੂਲ ‘ਚ ਵੀ ਅਧਿਆਪਕਾਂ ਨੂੰ ਮਿਲਣ ਆਏ ਅਤੇ ਬਾਕੀ ਵਿਦਿਆਰਥੀਆਂ ਦੇ ਮਾਪਿਆਂ ਨਾਲ ਅਧਿਆਪਕਾਂ ਨੇ ਜੂਮ ਐਪ ਤੇ ਫੋਨ ਰਾਹੀਂ ਸੰਪਰਕ ਬਣਾਇਆ।ਬੀ.ਪੀ.ਈ.ਓ.ਅਮਨਦੀਪ ਸਿੰਘ ਬੁਢਲਾਡਾ ਨੇ ਦੱਸਿਆ ਕਿ ਉਹ ਅਪਣੇ ਬਲਾਕ ਬੁਢਲਾਡਾ, ਮਾਨਸਾ ਚ ਅਧਿਆਪਕ ਮਿਲਣੀਆਂ ਦਾ ਕੰਮ ਮੁਕੰਮਲ ਕਰ ਚੁੱਕੇ ਹਨ,ਜਿਸ ਤਹਿਤ ਚੰਗਾ ਹੁੰਗਾਰਾ ਮਿਲਿਆ। ਇਸੇ ਤਰ੍ਹਾਂ ਸਰਕਾਰੀ ਮਿਡਲ ਸਕੂਲ ਬੱਪੀਆਣਾ ਦੇ ਅਧਿਆਪਕ ਗੁਰਜੰਟ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਸਕੂਲ ਦੇ ਸੌ ਫੀਸਦੀ ਵਿਦਿਆਰਥੀਆਂ ਦੇ ਮਾਪਿਆਂ ਤੱਕ ਉਨ੍ਹਾਂ ਦੇ ਸਟਾਫ ਮੈਂਬਰ ਰਾਬਤਾ ਬਣਾ ਚੁੱਕੇ ਹਨ।ਉਹ ਨਿੱਜੀ ਰੂਪ ‘ਚ ਘਰ-ਘਰ ਜਾਕੇ ਮਿਲ ਚੁੱਕੇ ਹਨ। ਡਿਪਟੀ ਡੀਈਓ ਜਗਰੂਪ ਭਾਰਤੀ ਸੈਕੰਡਰੀ, ਡਿਪਟੀ ਡੀਈਓ ਐਲੀਮੈਂਟਰੀ ਗੁਰਲਾਭ ਸਿੰਘ, ਪ੍ਰਿੰਸੀਪਲ ਡਾਇਟ ਡਾ ਬੂਟਾ ਸਿੰਘ ਸੇਖੋਂ ,ਜ਼ਿਲ੍ਹਾ ਗਾਈਡੈਂਸ ਅਤੇ ਕਾਉਸਲਰ ਨਰਿੰਦਰ ਸਿੰਘ ਮੋਹਲ ਨੇ ਦੱਸਿਆ ਕਿ ਇਸ ਕਾਰਜ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਮੈਬਰਾਂ, ਜੀ.ਓ.ਜੀ.ਤੇ ਗ੍ਰਾਮ ਪੰਚਾਇਤਾਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਹੈ। ਇਸੇ ਤਰ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਮਾਨਸਾ ਖੁਰਦ ਦੇ ਹੈਡ ਟੀਚਰ ਕਮਲਪ੍ਰੀਤ ਕੌਰ,ਬਲਜਿੰਦਰ ਸਿੰਘ ਅਤਲਾ ਕਲਾਂ,ਅਸ਼ੋਕ ਕੁਮਾਰ ਫਫੜੇ ਭਾਈਕੇ ਨੇ ਦੱਸਿਆ ਕਿ ਉਹ ਆਪਣੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਫੋਨ ਅਤੇ ਜੂਮ ਐਪ ਰਾਹੀਂ ਮਿਲਣੀ ਕਰ ਚੁੱਕੇ ਹਨ।























