ਬਾਦਲ ਪਿੰਡ ਦੇ ਕਿਸਾਨ ਮੋਰਚੇ ‘ਚ ਅੱਕਾਵਾਲੀ ਦੇ ਕਿਸਾਨ ਨੇ ਸਲਫਾਸ ਖਾਧੀ, ਦੇਰ ਸ਼ਾਮ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ ਮੌਤ
ਮਾਨਸਾ 18 ਸਤੰਬਰ( ਵਿਸ਼ਵ ਵਾਰਤਾ)-ਮਾਨਸਾ ਜ਼ਿਲ੍ਹੇ ਦੇ ਪਿੰਡ ਅੱਕਾਵਾਲੀ ਦੇ ਕਿਸਾਨ ਪ੍ਰੀਤਮ ਸਿੰਘ (65) ਪੁੱਤਰ ਬਚਨ ਸਿੰਘ ਜਿਸ ਨੇ ਅੱਜ ਸਵੇਰੇ ਪਿੰਡ ਬਾਦਲ ਵਿਖੇ ਲੱਗੇ ਮੋਰਚੇ ਦੌਰਾਨ ਸਲਫਾਸ ਦੀ ਗੋਲੀ ਨਿਗ਼ਲ ਲਈ ਸੀ ,ਉਸ ਦੀ ਦੇਰ ਸ਼ਾਮ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ ਮੌਤ ਹੋ ਗਈ ਹੈ।ਇਸ ਤੋਂ ਪਹਿਲਾਂ ਉਸ ਨੂੰ ਅੱਜ ਸਵੇਰੇ ਸਿਵਲ ਹਸਪਤਾਲ ਬਾਦਲ ਵਿਖੇ ਭਰਤੀ ਕਰਵਾਇਆ ਗਿਆ ਸੀ। ਉਹ ਕਿਸਾਨ ਮੋਰਚੇ ਵਿਚ ਆਪਣੇ ਸਾਥੀਆਂ ਨਾਲ ਸਰਕਾਰ ਖ਼ਿਲਾਫ਼ ਖੇਤੀ ਆਰਡੀਨੈਂਸਾਂ ਵਿਰੁੱਧ ਸੰਘਰਸ਼ ਵਿਚ ਭਾਗ ਲੈਣ ਲਈ ਗਿਆ ਸੀ।
ਉਨ੍ਹਾਂ ਦੀ ਮੌਤ ਸਬੰਧੀ ਜਾਣਕਾਰੀ ਪੁਲੀਸ ਦੇ ਉੱਚ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਭਾਵੇਂ ਉਸ ਨੂੰ ਬਠਿੰਡਾ ਵਿਖੇ ਇਲਾਜ ਲਈ ਰੈਫਰ ਕਰ ਦਿੱਤਾ ਗਿਆ ਹੈ, ਸਾਰੇ ਯਤਨਾਂ ਦੇ ਬਾਵਜੂਦ ਉਹ ਜ਼ਿੰਦਗੀ ਦੀ ਲੜਾਈ ਹਾਰ ਗਏ ਹਨ।
ਉਧਰ ਕਿਸਾਨ ਦੇ ਮਾਨਸਾ ਜ਼ਿਲ੍ਹੇ ਵਿਚਲੇ ਪਿੰਡ ਅੱਕਾਵਾਲੀ ਵਿਖੇ ਪਰਿਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਬਹੁਤ ਮਾੜਾ ਹਾਲ ਹੋ ਗਿਆ ਹੈ ਅਤੇ ਕਿਸਾਨ ਜਥੇਬੰਦੀ ਦੇ ਆਗੂ ਅਗਲੇ ਹਲਾਤਾਂ ਲਈ ਇਕੱਠੇ ਹੋਣ ਲੱਗੇ ਹਨ।
ਜਥੇਬੰਦੀ ਦੇ ਆਗੂਆਂ ਤੋਂ ਪਤਾ ਲੱਗਿਆ ਹੈ ਕਿ ਪ੍ਰੀਤਮ ਸਿੰਘ ਹੋਰੀਂ ਤਿੰਨ ਭਰਾ ਸਨ, ਜਿੰਨਾ ਵਿਚੋਂ ਸਿਰਫ ਇੱਕ ਭਰਾ ਹੀ ਵਿਆਹਿਆ ਸੀ ਅਤੇ ਪ੍ਰੀਤਮ ਸਿੰਘ ਅਤੇ ਦੂਜਾ ਭਰਾ ਆਪਣੇ ਭਤੀਜਿਆਂ ਦਾ ਘਰ ਸਾਂਭਦੇ ਸਨ। ਉਸ ਦੇ ਭਤੀਜੇ ਬੱਲਮ ਸਿੰਘ, ਬਲਜਿੰਦਰ ਸਿੰਘ,ਬਲਕਾਰ ਸਿੰਘ ਦੇ ਹਵਾਲੇ ਨਾਲ ਪਤਾ ਲੱਗਿਆ ਹੈ ਕਿ ਪਰਿਵਾਰ ਸਿਰ 13-14 ਲੱਖ ਰੁਪਏ ਦਾ ਕਰਜ਼ਾ ਹੈ।
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨਾਲ ਕੰਗਾਲ ਹੋਇਆ ਇਹ ਅੰਨਦਾਤਾ ਪ੍ਰੀਤਮ ਸਿੰਘ ਵੀ ਖੁਦਕੁਸ਼ੀ ਕਰ ਗਿਆ ਹੈ।