ਹੁਸ਼ਿਆਰਪੁਰ ਵਿਖੇ ਬਸਪਾ 18 ਸਤੰਬਰ ਨੂੰ ਸੜਕਾਂ ਤੇ ਉਤਰੇਗੀ
ਚੰਡੀਗੜ੍ਹ 17 ਸਤੰਬਰ ( ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਮਜਦੂਰਾਂ, ਕਿਸਾਨਾਂ ਤੇ ਵਿਦਿਆਰਥੀਆਂ ਛੋਟੇ ਦੁਕਾਨਦਾਰਾਂ ਦੇ ਆਰਥਿਕ ੳਜਾੜੇ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਲਈ ਦੋਸ਼ੀ ਭਾਜਪਾ, ਬਾਦਲਕੇ ਤੇ ਕਾਂਗਰਸ ਹਨ। ਉਹਨਾਂ ਦਸਿਆ ਕਿ ਇਹਨਾਂ ਦੀ ਅਗਵਾਈ ਹੇਠ ਪੰਜਾਬ ਸੁਸਤ ਰਫ਼ਤਾਰ ਸੂਬਾ ਬਣ ਗਿਆ ਹੈ ਅਤੇ ਇਹ ਲਗਾਤਾਰ ਦੂਜੇ ਸਾਲ ਸਭ ਤੋਂ ਮਾੜੀ ਕਾਰਗੁਜ਼ਾਰੀ ਵਿਖਾਉਣ ਵਾਲੇ ਰਾਜਾਂ ਵਿਚ ਸ਼ੁਮਾਰ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੂਬੇ ਨੂੰ ਬਿਜ਼ਨਸ ਰਿਫਾਰਮ ਐਕਸ਼ਨ ਪਲਾਨ 2019 ਦੀ ਦਰਜਾਬੰਦੀ ਵਿਚ 19ਵਾਂ ਰੈਂਕ ਮਿਲਿਆ ਹੈ। ਹਿਮਾਚਲ ਪ੍ਰਦੇਸ਼ 16ਵੇਂ ਸਥਾਨ ਤੋਂ 7ਵੇਂ ਸਥਾਨ ’ਤੇ ਪਹੁੰਚ ਗਿਆ ਜਦਕਿ ਹਰਿਆਣਾ ਨੂੰ 16ਵਾਂ ਸਥਾਨ ਮਿਲਿਆ ਹੈ। ਉਹਨਾਂ ਮਜਦੂਰਾਂ ਦੇ ਸੰਕਟ ਦਾ ਜ਼ਿਕਰ ਕਰਦਿਆਂ ਦਸਿਆ ਕਿ ਹਾਲ ਹੀ ਵਿਚ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨਸੀਆਰਬੀ) ਵੱਲੋਂ ਸਾਲ 2019 ਦੇ ਜਾਰੀ ਅੰਕੜੇ ਖੇਤ ਮਜ਼ਦੂਰਾਂ ਤੋਂ ਇਲਾਵਾ ਬਾਕੀ ਖੇਤਰਾਂ ਵਿਚ ਕੰਮ ਕਰਦੇ ਦਿਹਾੜੀਦਾਰ ਮਜ਼ਦੂਰਾਂ ਅੰਦਰ ਵਧ ਰਹੇ ਖ਼ੁਦਕੁਸ਼ੀਆਂ ਦੇ ਰੁਝਾਨ ਦੀ ਦਰਦਨਾਕ ਤਸਵੀਰ ਪੇਸ਼ ਕਰਦੇ ਹਨ। ਇਹ ਅੰਕੜੇ ਕਰੋਨਾ ਕਾਰਨ ਪੈਦਾ ਹੋਏ ਹਾਲਾਤ ਤੋਂ ਪਹਿਲਾਂ ਦੇ ਹਨ। ਕਰੋਨਾ ਕਾਰਨ ਪਹਿਲੇ ਦੋ ਮਹੀਨੇ ਕੀਤੀ ਤਾਲਾਬੰਦੀ ਦੌਰਾਨ ਕਰੋੜਾਂ ਮਜ਼ਦੂਰ ਵੱਖ ਵੱਖ ਸ਼ਹਿਰਾਂ ਤੋਂ ਸੈਂਕੜੇ ਕਿਲੋਮੀਟਰ ਪੈਦਲ ਸਫ਼ਰ ਕਰ ਕੇ ਆਪਣੇ ਘਰਾਂ ਨੂੰ ਜਾਂਦਿਆਂ ਦੀਆਂ ਤਸਵੀਰਾਂ ਲੋਕਾਂ ਦੇ ਜ਼ਿਹਨ ਵਿਚ ਉਕਰੀਆਂ ਪਈਆਂ ਹਨ। ਕਈ ਰਾਹ ਵਿਚ ਹੀ ਦਮ ਤੋੜ ਗਏ। ਉਨ੍ਹਾਂ ਦੀ ਬਾਂਹ ਫੜਨ ਲਈ ਸਰਕਾਰ ਜਾਂ ਸਮਾਜ ਅੱਗੇ ਨਹੀਂ ਆਇਆ। ਉਹਨਾਂ ਖ਼ਦਸ਼ਾ ਪ੍ਰਗਟ ਕੀਤਾ ਕਿ ਕਰੋਨਾ ਦੇ ਸਮੇਂ ਦੌਰਾਨ ਅਤੇ ਇਸ ਤੋਂ ਪਿੱਛੋਂ ਪਰਵਾਸੀ ਮਜ਼ਦੂਰਾਂ ਅੰਦਰ ਖ਼ੁਦਕੁਸ਼ੀ ਦੀ ਦਰ ਵਧ ਸਕਦੀ ਹੈ। ਬਿਊਰੋ ਦੀ ਰਿਪੋਰਟ ਮੁਤਾਬਕ 2019 ਵਿਚ ਇਕ ਲੱਖ 39 ਹਜ਼ਾਰ 123 ਲੋਕਾਂ ਨੇ ਖੁਦਕੁਸ਼ੀਆਂ ਕੀਤੀਆਂ ਤੇ ਇਨ੍ਹਾਂ ਵਿਚੋਂ 32 ਹਜ਼ਾਰ 563 ਦਿਹਾੜੀ ਮਜ਼ਦੂਰ ਸਨ।
ਗੜ੍ਹੀ ਨੇ ਕਿਸਾਨੀ ਸੰਕਟ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਜਿਹੇ ਮਾੜੇ ਸਮੇਂ ਵਿਚ ਆਰਥਿਕਤਾ ਨੂੰ ਖੇਤੀਬਾੜੀ ਨੇ ਕੁਝ ਸਹਾਰਾ ਦਿੱਤਾ ਹੈ। ਇਕੱਲੇ ਇਸ ਸੈਕਟਰ ਦੀ ਗ੍ਰੋਥ 3.4 ਫੀਸਦੀ ਰਹੀ ਹੈ। ਇਸ ਦੇ ਬਾਵਜੂਦ ਖੇਤੀ ਸੈਕਟਰ ਦੀ ਅਣਦੇਖੀ ਜਾਰੀ ਹੈ ਅਤੇ ਖੇਤੀ ਆਰਡੀਨੈਂਸਾਂ ਦੇ ਰਾਹੀਂ ਕੇਂਦਰ ਦੀ ਭਾਜਪਾ ਸਰਕਾਰ ਜਮੀਨਾ ਤੇ ਕਿਸਾਨਾਂ ਨੂੰ ਪੂੰਜੀਪਤੀਆਂ ਕੋਲ ਵੇਚਣ ਦੀ ਤਿਆਰੀ ਕਰ ਰਹੀ ਹੈ। ਗੜ੍ਹੀ ਨੇ ਕਿਹਾ ਕਿ ਪਹਿਲਾ ਕਿਸਾਨਾਂ ਨੂੰ ਆਪਣੀ ਫਸਲ ਦਾ ਸਹੀ ਮੁੱਲ ਨਹੀਂ ਮਿਲ ਰਿਹਾ। ਦੂਜਾ, ਫਸਲਾਂ ਦੇ ਖਰਚੇ ਘੱਟ ਨਹੀਂ ਹੋ ਰਹੇ ਹਨ। ਤੀਜਾ ਭਾਰੀ ਕਰਜ਼ੇ ਦਾ ਦਬਾਅ ਹੈ ਤੇ ਚੌਥਾ ਉਪਜ ਭੰਡਾਰਨ ਦੀ ਸਹੂਲਤ ਨਹੀਂ ਹੈ। ਇਹੋ ਸਮੱਸਿਆਵਾਂ ਅੱਜ ਵੀ ਕਾਇਮ ਹਨ। ਅੱਜ ਵੀ ਦੇਸ਼ ਵਿਚ ਕਿਸਾਨਾਂ ਦੀ ਔਸਤਨ ਆਮਦਨ ਸਿਰਫ 18,059 ਰੁਪਏ ਹੈ। ਜਦ ਕਿ ਦਰਜਾ ਚਾਰ ਕਰਮਚਾਰੀ ਵੀ 25 ਹਜ਼ਾਰ ਤੋਂ ਜਿਆਦਾ ਤਨਖਾਹ ਨਹੀਂ ਲੈਂਦੇ ਹਨ। ਗੜ੍ਹੀ ਨੇ ਕਿਹਾ ਕਿ ਪੰਜਾਬ ਦਾ ਭਵਿੱਖ ਅਜੋਕੇ ਪੂੰਜੀਵਾਦੀ ਮਾਡਲ ਵਿਚ ਨਹੀਂ। ਇਸ ਕਰ ਕੇ ਖੇਤ ਮਜ਼ਦੂਰਾਂ ਤੋਂ ਲੈ ਕੇ ਕਿਸਾਨਾਂ ਤਕ ਨੂੰ ਇੱਕਜੁੱਟ ਹੋ ਕੇ ਸਿਹਤ ਤੇ ਸਿੱਖਿਆ ਸਹੂਲਤਾਂ, ਕੋਆਪਰੇਟਿਵ ਖੇਤੀਬਾੜੀ, ਭਾਈਚਾਰਕ ਇੱਕਜੁੱਟਤਾ ਦੇ ਆਧਾਰ ਉੱਤੇ ਸਿਆਸੀ ਪਹਿਲਕਦਮੀ ਵੱਲ ਕਦਮ ਪੁੱਟਣੇ ਚਾਹੀਦੇ ਹਨ। ਓਹਨਾ ਕਿਹਾ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਪੰਜਾਬ ਦੇ ਨੌਜਵਾਨ ਵਰਗ ਦੇ ਹਿਤ ਵਿਚ ਲਾਗੂ ਤਾ ਕਿ ਕਰਨੀ ਸੀ , ਸਗੋ ਕਾਂਗਰਸ ਦੇ ਰਾਜ ਵਿੱਚ ਘੋਟਾਲਿਆਂ ਰਾਹੀ ਵਜੀਫਾ ਸਕੀਮ ਕੁਚਲਕੇ ਰੱਖ ਦਿੱਤੀ ਹੈ। ਬਸਪਾ ਪੰਜਾਬ ਵੱਲੋਂ ਸਰਕਾਰ ਦੀਆਂ ਨੀਤੀਆਂ ਖਿਲਾਫ਼ 18 ਸਤੰਬਰ ਨੂੰ ਹੋਸ਼ਿਆਰਪੁਰ ਵਿਖੇ, 24 ਸਤੰਬਰ ਨੂੰ ਅੰਮ੍ਰਿਤਸਰ, 28 ਸਤੰਬਰ ਨੂੰ ਬਠਿੰਡਾ, 29 ਸਤੰਬਰ ਨੂੰ ਪਟਿਆਲਾ ਅਤੇ 3ਅਕਤੂਬਰ ਨੂੰ ਸੰਗਰੂਰ ਵਿਖੇ ਵਿਸ਼ਾਲ ਰੋਸ਼ ਮੁਜਾਹਰੇ ਕੀਤੇ ਜਾਣਗੇ। ਇਸ ਮੌਕੇ ਸ਼੍ਰੀ ਭਗਵਾਨ ਸਿੰਘ ਚੌਹਾਨ, ਐਡਵੋਕੇਟ ਰਣਜੀਤ ਕੁਮਾਰ, ਦਲਜੀਤ ਰਾਏ, ਇੰ ਮਹਿੰਦਰ ਸਿੰਘ ਸੰਧਰਾਂ, ਮਨਿੰਦਰ ਸ਼ੇਰਪੁਰੀ, ਸੁਖਦੇਵ ਬਿੱਟਾ, ਮਨਦੀਪ ਕਲਸੀ, ਯਸ਼ ਭੱਟੀ, ਦਿਨੇਸ਼ ਪੱਪੂ, ਸੋਹਣ ਸਿੰਘ ਸੁੰਨੀ, ਐਡਵੋਕੇਟ ਪਲਵਿੰਦਰ ਮਾਨਾ ਆਦਿ ਹਾਜ਼ਿਰ ਸਨ।























