ਮਾਨਸਾ ਪੁਲੀਸ ਨੇ ਚੋਰੀ ਹੋਏ ਮੋਬਾਇਲ ਫੋਨ ਕੀਤੇ ਬਰਾਮਦ

Advertisement

ਮੋਬਾਇਲਾਂ ਨੂੰ ਅਸਲੀ ਮਾਲਕਾਂ ਦੇ ਹਵਾਲੇ ਕੀਤਾ

ਮਾਨਸਾ, 15 ਸਤੰਬਰ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਚੋਰੀ ਹੋਏ 212 ਮੋਬਾਇਲ ਫੋਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ
ਦੱਸਿਆ ਕਿ ਐਸਪੀ(ਐਚ) ਸਤਨਾਮ ਸਿੰਘ, ਮਾਨਸਾ ਦੀ ਅਗਵਾਈ ਵਿੱਚ ਨੌਜਵਾਨ ਅਤੇ ਤਜ਼ਰਬੇਕਾਰ
ਅਫਸਰਾਂ ਦੀ ਇੱਕ ਟੀਮ ਦਾ ਗਠਨ ਕੀਤਾ ਹੋਇਆ ਹੈ,ਜਿਸਨੇ ਪ੍ਰੰਪਰਾਗਤ ਅਤੇ ਆਧੁਨਿਕ
ਵਿਗਿਆਨਕ ਤਕਨੀਕ ਦੀ ਸੁਮੇਲ ਦਾ ਉਪਯੋਗ ਕਰਦੇ ਹੋਏ ਇੰਨੀ ਵੱਡੀ ਗਿਣਤੀ ਵਿੱਚ ਗਵਾਚੇ
ਅਤੇ ਚੋਰੀਸ਼ੁਦਾ ਮੋਬਾਇਲ ਫੋਨ ਰਿਕਵਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਸ੍ਰੀ ਲਾਂਬਾ ਨੇ ਦੱਸਿਆ ਕਿ ਜਿਹੜੇ ਹੁਣ 212 ਮੋਬਾਇਲ ਫੋਨ ਬਰਾਮਦ ਕੀਤੇ ਗਏ
ਹਨ,ਉਨ੍ਹਾਂ ਵਿੱਚੋਂ 10 ਮੋਬਾਇਲ ਫੋਨ ਪੰਜਾਬ ਤੋਂ ਬਾਹਰਲੇ ਰਾਜਾਂ ਵਿਚੋਂ ਬਰਾਮਦ
ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਬਰਾਮਦਸ਼ੁਦਾ ਮੋਬਾਇਲ ਫੋਨਾਂ ਵਿੱਚ ਕਾਫੀ ਮਹਿੰਗੇ
ਮੋਬਾਇਲ ਫੋਨ ਵੀ ਸ਼ਾਮਲ ਹਨ,ਜਿਵੇਂ 6 ਮੋਬਾਇਲ ਆਈਫੋਨ,41 ਮੋਬਾਇਲ ਸੈਮਸੰਗ ਕੰਪਨੀ,50
ਮੋਬਾਇਲ ਵੀਵੋ ਕੰਪਨੀ,ਐਮਆਈ ਦੇ 82 ਮੋਬਾਇਲ ਫੋਨ ਅਤੇ ਇਸਤੋਂ ਇਲਾਵਾ ਹੋਰ ਵੱਖ-ਵੱਖ
ਵਧੀਆ ਕੰਪਨੀਆਂ ਦੇ ਮਹਿੰਗੇ ਫੋਨ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਹ ਟੀਮ ਲਗਾਤਾਰ 24
ਘੰਟੇ ਆਪਣੇ ਕੰਮ ਵਿੱਚ ਮੁਸਤੈਦ ਹੈ ਅਤੇ ਨਿਕਟ ਭਵਿੱਖ ਵਿੱਚ ਪਬਲਿਕ ਦੇ ਬਾਕੀ ਰਹਿੰਦੇ
ਗੁੰਮ/ਚੋਰੀਸ਼ੁਦਾ ਮੋਬਾਇਲ ਫੋਨ ਬਰਾਮਦ ਹੋਣ ਦੀ ਵੱਡੀ ਉਮੀਦ ਹੈ।
ਐਸਐਸਪੀ ਵੱਲੋਂ ਇਹ ਬਰਾਮਦ ਕੀਤੇ ਗਏ 212 ਮੋਬਾਇਲ ਫੋਨਾਂ ਨੂੰ ਸਬੰਧਤ ਮਾਲਕਾਂ ਦੇ
ਸਪੁਰਦ ਕਰਦੇ ਹੋਏ ਦੱਸਿਆ ਗਿਆ ਕਿ ਲੌਕਡਾਊਨ ਦੇ ਮੱਦੇਨਜ਼ਰ ਸੁਰੱਖਿਆਤਮਕ ਸਾਧਨਾਂ ਨੂੰ
ਸੁਨਿਸਚਿਤ ਕਰਨ ਲਈ ਮੋਬਾਇਲ ਹਾਸਲ ਕਰਨ ਵਾਲੇ ਵਿਅਕਤੀਆਂ ਨੂੰ ਸੀਮਿਤ ਗਿਣਤੀ ਵਿੱਚ ਹੀ
ਬੁਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦੇ ਹੋਏ ਮੋਬਾਇਲ
ਫੋਨ ਵਾਪਸ ਕੀਤੇ ਗਏ ਹਨ।ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਮੋਬਾਇਲ ਫੋਨ ਸਬੰਧਤ
ਵਿਅਕਤੀਆਂ ਨੂੰ ਜਲਦੀ ਹੀ ਵਿਲੇਜ ਅਤੇ ਵਾਰਡ-ਵਾਈਜ ਪੁਲੀਸ ਅਫਸਰਾਂ ਰਾਹੀਂ ਉਨ੍ਹਾਂ ਦੇ
ਘਰੋ-ਘਰੀਂ ਪਹੁੰਚਾ ਦਿੱਤੇ ਜਾਣਗੇ।