ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਡਿਪਟੀ ਕਮਿਸ਼ਨਰ ਵੱਲੋਂ ਮੁਫ਼ਤ ਡਰਾਈਵਿੰਗ ਸਿਖਲਾਈ ਕੈਂਪ ਦੀ ਸ਼ੁਰੂਆਤ ਪਹਿਲੇ ਪੜਾਅ ਵਿੱਚ 70 ਲੜਕੀਆਂ ਨੂੰ ਮਿਲੇਗੀ ਸਿਖਲਾਈ

Advertisement

ਸਿਖਲਾਈ ਦਾ ਮਕਸਦ ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਅਤੇ ਉਨ੍ਹਾਂ ਦੀ ਕਾਰਜਕੁਸ਼ਲਤਾ ਵਿੱਚ ਵਾਧਾ ਕਰਨਾ :  ਘਨਸ਼ਿਆਮ ਥੋਰੀ

ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਬਲਟਰਨ ਪਾਰਕ ਵਿੱਚ ਅਗਲੇ ਪੰਦਰਾਂ ਦਿਨਾਂ ਤੱਕ ਲੜਕੀਆਂ ਨੂੰ ਦਿੱਤੀ ਜਾਵੇਗੀ ਸਿਖਲਾਈ

ਜਲੰਧਰ, 15 ਸਤੰਬਰ (ਵਿਸ਼ਵ ਵਾਰਤਾ )-ਮੁਕਾਬਲੇ ਦੇ ਮੌਜੂਦਾ ਦੌਰ ਵਿੱਚ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਅਤੇ ਉਨ੍ਹਾਂ ਦੇ ਹੁਨਰ ਵਿਕਾਸ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਤਹਿਤ ਮੁਫਤ ਡਰਾਈਵਿੰਗ ਸਿਖਲਾਈ ਕੈਂਪ ਦਾ ਆਗਾਜ਼ ਕੀਤਾ ਗਿਆ, ਜਿਸ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ, ਜਲੰਧਰ ਘਨਸ਼ਿਆਮ ਥੋਰੀ ਨੇ ਮੰਗਲਵਾਰ ਨੂੰ ਸਵੇਰੇ ਖੁਦ ਬਲਟਰਨ ਪਾਰਕ ਪਹੁੰਚ ਕੇ ਕਰਵਾਈ। ਉਨ੍ਹਾਂ ਇਸ ਮੌਕੇ ਲੜਕੀਆਂ ਦੀ ਹੌਸਲਾ ਅਫਜ਼ਾਈ ਕਰਦੇ ਹੋਏ ਕਿਹਾ ਕਿ ਲੜਕੀਆਂ ਮਨ ਲਗਾ ਕੇ ਸਿਖਲਾਈ ਕੈਂਪ ਵਿੱਚ ਹਿੱਸਾ ਲੈਣ ਅਤੇ ਆਪਣੇ ਹੁਨਰ ਦਾ ਵਿਕਾਸ ਕਰਨ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਿਖਲਾਈ ਕੋਰਸ ਦਾ ਮਕਸਦ ਲੜਕੀਆਂ ਨੂੰ ਆਤਮ ਨਿਰਭਰ ਬਣਾਉਣਾ ਹੈ ਤਾਂ ਜੋ ਉਹ ਡਰਾਈਵਿੰਗ ਨੂੰ ਲੈ ਕੇ ਕਿਸੇ ਦੂਜੇ ‘ਤੇ ਨਿਰਭਰ ਨਾ ਰਹਿਣ। ਉਹ ਖੁਦ ਵਾਹਨ ਚਲਾ ਕੇ ਕਿਤੇ ਵੀ ਆ ਜਾ ਸਕਣ ਅਤੇ ਲੋੜ ਪੈਣ ‘ਤੇ ਇਸ ਹੁਨਰ ਦਾ ਲਾਭ ਲੈਂਦਿਆਂ ਇਸ ਨੂੰ ਰੋਜ਼ਗਾਰ ਦੇ ਤੌਰ ‘ਤੇ ਅਪਣਾ ਸਕਣ। ਉਨ੍ਹਾਂ ਕਿਹਾ ਕਿ ਡਰਾਈਵਿੰਗ ਨਾ ਆਉਣ ਕਾਰਨ ਲੜਕੀਆਂ ਤੋਂ ਕੋਈ ਮੌਕਾ ਛੁੱਟਣਾ ਨਹੀਂ ਚਾਹੀਦਾ।

ਉਨ੍ਹਾਂ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੋਰਸ ਲਈ 18 ਸਾਲ ਤੋਂ ਜ਼ਿਆਦਾ ਉਮਰ ਦੀਆਂ ਲੜਕੀਆਂ ਦੀ ਚੋਣ ਕੀਤੀ ਗਈ ਹੈ। ਪਹਿਲੇ ਪੜਾਅ ਵਿੱਚ 70 ਲੜਕੀਆਂ ਚੁਣੀਆਂ ਗਈਆਂ ਹਨ, ਜਿਨ੍ਹਾਂ ਨੂੰ ਦਿਨ ਭਰ ਵੱਖ-ਵੱਖ ਸ਼ਿਫਟਾਂ ਵਿੱਚ ਸਿਖਲਾਈ ਮੁਹੱਈਆ ਕਰਵਾਈ ਜਾਵੇਗੀ। ਇਹ ਸਿਖਲਾਈ ਬਲਟਰਨ ਪਾਰਕ ਵਿੱਚ ਦਿੱਤੀ ਜਾਵੇਗੀ, ਜੋ ਕਿ ਅਗਲੇ ਪੰਦਰਾਂ ਦਿਨਾਂ ਤੱਕ ਚੱਲੇਗੀ। ਇਸ ਤੋਂ ਬਾਅਦ ਹੋਰ ਬੈਚ ਵੀ ਸ਼ੁਰੂ ਕੀਤੇ ਜਾਣਗੇ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਗੁਰਮਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਸ਼੍ਰੀ ਘਨਸ਼ਿਆਮ ਥੋਰੀ ਦੇ ਨਿਰਦੇਸ਼ਾਂ ‘ਤੇ ਇਸ ਕੈਂਪ ਨੂੰ ਜ਼ਿਲ੍ਹੇ ਦੀਆਂ ਦੂਜੀਆਂ ਤਹਿਸੀਲਾਂ ਵਿੱਚ ਸ਼ੁਰੂ ਕਰਨ ਦੀ ਪ੍ਰੀਕਿਰਿਆ ਚੱਲ ਰਹੀ ਹੈ ਅਤੇ ਜਲਦੀ ਹੀ ਹੋਰ ਥਾਵਾਂ ‘ਤੇ ਵੀ ਬੇਟੀ ਬਚਾਏ ਬੇਟੀ ਪੜ੍ਹਾਓ ਮੁਹਿੰਮ ਤਹਿਤ ਇਸ ਤਰ੍ਹਾਂ ਦੇ ਕੈਂਪ ਲਗਾਏ ਜਾਣਗੇ।