ਨਵੀਂ ਦਿੱਲੀ, 15 ਸਤੰਬਰ (ਵਿਸ਼ਵ ਵਾਰਤਾ)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸਾਡੀ ਪਾਰਟੀ ਦਾ ਮੁੱਖ ਮਕਸਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਨੂੰ “ਬਾਦਲ ਮਕਤ ਅਤੇ ਭ੍ਰਿਸ਼ਟਾਚਾਰ ਮੁਕਤ” ਬਣਾਉਣ ਦਾ ਰਾਹ ਪੱਧਰਾ ਕਰਨਾ ਹੈ ਅਤੇ ਜੋ ਕੋਈ ਵੀ ਸਾਡੀ ਇਸ ਮੁਹਿੰਮ ਨਾਲ ਇਤਫਾਕ ਰੱਖਦਾ ਹੈ, ਅਸੀਂ ਉਸਦਾ ਸਵਾਗਤ ਤੇ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਹਾਂ।
ਦੱਸਣਯੋਗ ਹੈ ਕਿ ਸ. ਸਰਨਾ ਦੀ ਉਪਰੋਕਤ ਪ੍ਰਤੀਕਿਰਿਆ, ਬਾਦਲ ਦਲ ਤੋਂ ਅਸਤੀਫਾ ਦੇਣ ਵਾਲੇ ਗੁਰਮੀਤ ਸਿੰਘ ਸ਼ੰਟੀ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿਚ ਸ਼ੰਟੀ ਨੇ ਆਪਣੇ ਅਸਤੀਫੇ ਦਾ ਮੁੱਖ ਕਾਰਨ ਬਾਦਲ ਦਲ ਦੇ ਪ੍ਰਬੰਧ ਵਾਲੀ ਦਿੱਲੀ ਕਮੇਟੀ ‘ਚ ਫੈਲੇ ਭ੍ਰਿਸ਼ਟਾਚਾਰ ਨੂੰ ਦੱਸਿਆ ਹੈ ਅਤੇ ਨਾਲ ਹੀ ਇਸ ਭ੍ਰਿਸ਼ਟਾਚਾਰ ਵਿਰੁੱਧ ਜਦੋਜਹਿਦ ਕਰਨ ਦਾ ਐਲਾਨ ਵੀ ਕੀਤਾ ਹੈ।
ਸ. ਸਰਨਾ ਨੇ ਕਿਹਾ ਕਿ , ਕਮੇਟੀ ‘ਚ ਫੈਲੇ ਭ੍ਰਿਸ਼ਟਾਚਾਰ ਵਿਰੁੱਧ ਲੜਾਈ ਲੜਨ ਸਬੰਧੀ ਸ. ਸ਼ੰਟੀ ਵੱਲੋਂ ਕੀਤੇ ਗਏ ਐਲਾਨ ਦਾ ਅਸੀਂ ਸਵਾਗਤ ਕਰਦੇ ਹਾਂ ਅਤੇ ਨਾਲ ਹੀ ਇਹ ਭਰੋਸਾ ਵੀ ਦਿਵਾਉਂਦੇ ਹਾਂ ਕਿ ਮੌਜੂਦਾ ਸਮੇਂ ਕੋਈ ਵੀ ਵਿਅਕਤੀ ਜਾਂ ਆਗੂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ‘ਚ ਫੈਲੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜਦੋਜਹਿਦ ਕਰਦਾ ਹੈ ਤਾਂ ਪਾਰਟੀ ਉਸ ਨਾਲ ਹਰਸੰਭਵ ਸਹਿਯੋਗ ਲੈਣ-ਦੇਣ ਲਈ ਤਿਆਰ ਹੈ।
ਸ. ਸਰਨਾ ਨੇ ਕਿਹਾ ਕਿ ਦਿੱਲੀ ਕਮੇਟੀ ਪ੍ਰਧਾਨ ਵੱਜੋ ਉਨ੍ਹਾਂ (ਸਰਨਾ) ਦੇ ਲੰਮੇ ਕਾਰਜਕਾਲ ਦੌਰਾਨ, ਬੇਸ਼ਕ ਵਿਰੋਧੀਆਂ ਵੱਲੋਂ ਝੂਠੀ ਬਿਆਨਬਾਜੀ ਤਾਂ ਬਥੇਰੀ ਕੀਤੀ ਜਾਂਦੀ ਰਹੀ ਪ੍ਰੰਤੂ ਉਨ੍ਹਾਂ ਖ਼ਿਲਾਫ਼ ਕੋਈ ਵੀ ਅੱਜ ਤੱਕ 1 ਪੈਸੇ ਦਾ ਭ੍ਰਿਸ਼ਟਾਚਾਰ ਸਾਬਤ ਨਹੀਂ ਕਰ ਸਕਿਆ। ਸਰਨਾ ਨੇ ਕਿਹਾ ਕਿ ਅਸੀਂ ਹਮੇਸ਼ਾ ਹੀ ਸਾਫ ਮਨ ਨਾਲ ਗੁਰੂ ਘਰ ਦੀ ਸੇਵਾ ਕੀਤੀ ਹੈ ਅਤੇ ਹਮੇਸ਼ਾ ਹੀ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਵਾਜ ਨੂੰ ਬੁਲੰਦ ਕੀਤਾ ਹੈ।
ਸ. ਸਰਨਾ ਨੇ ਕਿਹਾ ਕਿ ਬਾਦਲ ਦਲ ਨਾਲ ਸਬੰਧਿਤ ਕਮੇਟੀ ਪ੍ਰਬੰਧਕਾਂ ਨੇ ਦਿੱਲੀ ਕਮੇਟੀ ਨੂੰ ਹਰ ਪਾਸਿਓ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਬੰਧ ਛੱਡਣ ਵਾਲੇ ਅਸੀਂ 123 ਕਰੋੜ ਰੁਪਿਆ ਛੱਡ ਕੇ ਗਏ ਸੀ ਪਰ ਬਾਦਲ ਦਲ ਵੱਲੋਂ ਕੀਤੀ ਫੰਡਾਂ ਦੀ ਭਾਰੀ ਦੁਰਵਰਤੋਂ ਤੋਂ ਬਾਅਦ ਹੁਣ ਇਹ ਹਾਲਤ ਹੈ ਕਿ ਟੀਚਰਾਂ ਤੇ ਸਟਾਫ ਨੂੰ ਤਨਖਾਹਾਂ ਦੇਣ ਵਾਸਤੇ ਵੀ ਪੈਸੇ ਨਹੀਂ ਹਨ। ਸ. ਸਰਨਾ ਨੇ ਕਿਹਾ ਕਿ ਇਸ ਲਈ ਸਾਡਾ ਵੱਡਾ ਮਕਸਦ ਦਿੱਲੀ ਕਮੇਟੀ ਪ੍ਰਬੰਧ ਨੂੰ ਬਾਦਲ ਮਕਤ ਤੇ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਹੈ ਅਤੇ ਇਸ ਮੁਹਿੰਮ ‘ਚ ਸਹਿਯੋਗ ਕਰਨ ਵਾਲੇ ਹਰੇਕ ਇਨਸਾਨ ਜਾਂ ਆਗੂ ਨਾਲ ਰਲ ਕੇ ਲੜਾਈ ਲੜਨ ਲਈ ਤਿਆਰ ਹਾਂ।