-ਕੋਰੋਨਾ ਮਹਾਂਮਾਰੀ ਕਰਕੇ ਵੋਟਾਂ ਆਨਲਾਇਨ ਬਣਵਾਏ ਜਾਣ ਨੂੰ ਤਰਜੀਹ ਦੇਣ ਦੀ ਅਪੀਲ
-ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ
ਪਟਿਆਲਾ, 14 ਸਤੰਬਰ (ਵਿਸ਼ਵ ਵਾਰਤਾ)-ਪਟਿਆਲਾ ਦੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਏ.ਡੀ.ਸੀ (ਜ) ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਅੱਜ ਇੱਥੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਇੱਕ ਮੀਟਿੰਗ ਕਰਕੇ ਜ਼ਿਲ੍ਹੇ ਅੰਦਰ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ / ਪੁਨਰਗਠਨ ਕਰਨ ਸਬੰਧੀਂ ਵਿਚਾਰ ਕੀਤਾ। ਮੁੱਖ ਚੋਣ ਅਫ਼ਸਰ, ਪੰਜਾਬ ਦੀਆਂ ਹਦਾਇਤਾਂ ਮੁਤਾਬਕ ਕੀਤੀ ਗਈ ਇਸ ਮੀਟਿੰਗ ‘ਚ ਸ੍ਰੀਮਤੀ ਪੂਜਾ ਗਰੇਵਾਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਕੁਲ 1663 ਪੋਲਿੰਗ ਸਟੇਸ਼ਨਾਂ ਵਿੱਚੋਂ ਕੋਈ ਵੀ ਅਜਿਹਾ ਪੋਲਿੰਗ ਸਟੇਸ਼ਨ ਨਹੀਂ ਹੈ ਜੋ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ, 1500 ਜਾਂ ਇਸ ਤੋਂ ਵਧੇਰੇ ਵੋਟਰਾਂ ਦੀ ਗਿਣਤੀ ਵਾਲਾ ਹੋਵੇ ਅਤੇ ਜਿਸ ਨੂੰ ਤੋੜਕੇ ਦੋ ਪੋਲਿੰਗ ਸਟੇਸ਼ਨਾਂ ਵਿੱਚ ਵੰਡਿਆ ਜਾਣਾ ਹੋਵੇ। ਇਸ ਤਰ੍ਹਾਂ ਜ਼ਿਲ੍ਹੇ ‘ਚ ਕਿਸੇ ਵੀ ਚੋਣ ਹਲਕੇ ‘ਚ ਕਿਸੇ ਵੀ ਪੋਲਿੰਗ ਸਟੇਸ਼ਨਾਂ ਦੀ ਗਿਣਤੀ ‘ਚ ਵਾਧਾ ਨਹੀਂ ਕੀਤਾ ਗਿਆ।
ਕਾਂਗਰਸ ਦੇ ਸ਼ਹਿਰੀ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ ਵੱਲੋਂ ਮ੍ਰਿਤਕ ਨਾਗਰਿਕਾਂ ਜਾਂ ਕਿਤੇ ਹੋਰ ਜਾ ਕੇ ਵੱਸ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟਣ ਬਾਰੇ ਮੁੱਦਾ ਉਠਾਉਣ ‘ਤੇ ਸ੍ਰੀਮਤੀ ਪੂਜਾ ਨੇ ਸਮੂਹ ਸਿਆਸੀ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਪਾਰਟੀਆਂ ਦੇ ਬੂਥ ਲੈਵਲ ਏਜੰਟ ਤਾਇਨਾਤ ਕਰਕੇ ਇਸ ਦੀ ਸੂਚੀ ਜ਼ਿਲ੍ਹਾ ਚੋਣ ਅਫ਼ਸਰ ਨੂੰ ਪੁੱਜਦੀ ਕਰਨ ਤਾਂ ਕਿ ਉਹ ਨਵੀਆਂ ਬਣਨ ਵਾਲੀਆਂ ਵੋਟਾਂ ਅਤੇ ਕੱਟੀਆਂ ਜਾਣ ਵਾਲੀਆਂ ਵੋਟਾਂ ਦੇ ਸਬੰਧ ਵਿੱਚ ਸਬੰਧਤ ਬੂਥ ਲੈਵਲ ਅਫ਼ਸਰ ਨਾਲ ਤਾਲਮੇਲ ਕਰ ਸਕਣ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ 1 ਜਨਵਰੀ 2020 ਨੂੰ 18 ਸਾਲ ਦੇ ਹੋਣ ਵਾਲੇ ਸਾਰੇ ਨੌਜਵਾਨ ਲੜਕੇ-ਲੜਕੀਆਂ ਦੀ ਵੋਟ ਵੀ ਬਣਵਾਈ ਜਾਵੇ। ਇਸ ਸਬੰਧੀਂ ਸਰਸਰੀ ਸੁਧਾਈ 16 ਨਵਬੰਰ ਤੋਂ 15 ਦਸੰਬਰ ਤੱਕ ਚੱਲੇਗੀ। ਉਨ੍ਹਾਂ ਕਿਹਾ ਕਿ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਸਾਰੇ ਨਾਗਰਿਕਾਂ ਦੀ ਵੋਟ ਬਣਵਾਈ ਜਾਵੇ ਅਤੇ ਇਸ ਲਈ ਕੋਰੋਨਾ ਮਹਾਂਮਾਰੀ ਦੇ ਚੱਲਦੇ ਹੋਏ ਆਨਲਾਈਨ ਰਜਿਸਟ੍ਰੇਸ਼ਨ ਨੂੰ ਪਹਿਲ ਦਿੱਤੀ ਜਾਵੇ ਅਤੇ ਐਨ.ਵੀ.ਐਸ.ਪੀ. ਡਾਟ ਇਨ ‘ਤੇ ਜਾ ਕੇ ਆਪਣੀ ਨਵੀਂ ਵੋਟ ਬਣਵਾਈ ਜਾ ਸਕਦੀ ਹੈ ਜਾਂ ਪੁਰਾਣੀ ਵਿੱਚ ਸੋਧ ਕਰਵਾਈ ਜਾ ਸਕਦੀ ਹੈ। ਇਸ ਤੋਂ ਇਲਾਵਾ ਚੋਣ ਕਮਿਸ਼ਨ ਦੇ ਟੋਲ ਫਰੀ ਨੰਬਰ 1950 ‘ਤੇ ਵੀ ਕੰਮ ਵਾਲੇ ਦਿਨਾਂ ‘ਚ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਸੰਪਰਕ ਕੀਤਾ ਜਾ ਸਕਦਾ ਹੈ।
ਮੀਟਿੰਗ ‘ਚ ਕਾਂਗਰਸ ਪਾਰਟੀ ਦੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸ੍ਰੀ ਕੇ.ਕੇ. ਮਲਹੋਤਰਾ, ਦਿਹਾਤੀ ਪ੍ਰਧਾਨ ਸ੍ਰੀ ਗੁਰਦੀਪ ਸਿੰਘ ਊਂਟਸਰ, ਸ੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਤੇ ਸਲਾਹਕਾਰ ਸ. ਜਸਵਿੰਦਰ ਸਿੰਘ ਚੀਮਾ, ਬਹੁਜਨ ਸਮਾਜ ਪਾਰਟੀ ਦੇ ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਮਹਿਰਾ, ਆਮ ਆਦਮੀ ਪਾਰਟੀ ਤੋਂ ਸ੍ਰੀ ਹਰੀ ਚੰਦ ਬਾਂਸਲ ਅਤੇ ਸੀਨੀਅਰ ਕਾਂਗਰਸੀ ਆਗੂ ਸ੍ਰੀ ਹਰਦੇਵ ਸਿੰਘ ਬੱਲੀ ਸਮੇਤ ਚੋਣ ਤਹਿਸੀਲਦਾਰ ਸ੍ਰੀ ਰਾਮਜੀ ਲਾਲ ਤੇ ਚੋਣ ਕਾਨੂੰਨਗੋ ਸ੍ਰੀ ਵਿਜੇ ਕੁਮਾਰ ਵੀ ਮੌਜੂਦ ਸਨ।
ਮੀਟਿੰਗ ਦੌਰਾਨ ਸਿਆਸੀ ਪਾਰਟੀਆਂ ਨੂੰ ਨਵੇਂ ਸਿਰੇ ਤੋਂ ਤਿਆਰ ਵਿਧਾਨ ਸਭਾ ਹਲਕਾ ਵਾਈਜ ਪੋਲਿੰਗ ਸਟੇਸ਼ਨਾਂ ਦੀਆਂ ਸੂਚੀਆਂ ਵੀ ਸੌਂਪੀਆਂ ਗਈਆਂ। ਸਮੂਹ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ ਗਿਆ ਕਿ ਵਿਧਾਨ ਸਭਾ ਚੋਣ ਹਲਕਾ-110 ਪਟਿਆਲਾ ਦਿਹਾਤੀ ਦੇ ਪੋਲਿੰਗ ਸਟੇਸ਼ਨ ਨੰਬਰ 98 ਦੀ ਬਿਲਡਿੰਗ ਥਾਪਰ ਯੂਨੀਵਰਸਿਟੀ ਤੋਂ ਬਦਲੇ ਥਾਪਰ ਪੋਲੀਟੈਕਨਿਕ ਕਾਲਜ ਭਾਦਸੋਂ ਰੋਡ ਪਟਿਆਲਾ ਵਿਖੇ ਪੋਲਿੰਗ ਇਲਾਕੇ ਦੀ ਦੂਰੀ ਜਿਆਦਾ ਹੋਣ ਕਰਕੇ ਬਦਲੀ ਗਈ ਹੈ।























