ਦੂਰਦਰਸ਼ਨ ‘ਤੇ ਆਨਲਾਈਨ ਸਿੱਖਿਆ, ਮਨੋਰੰਜਨ ਅਤੇ ਭਾਵਪੂਰਤ ਸਨੇਹੇ ਮਾਪਿਆਂ ਨੂੰ ਦੇ ਰਹੇ ਨੇ ਤਸੱਲੀ
ਮਾਨਸਾ 13 ਸਤੰਬਰ( ਵਿਸ਼ਵ ਵਾਰਤਾ)- ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਹੁਣ ਐਤਵਾਰ ਦੇ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲ੍ਹੋਂ ਸਿੱਖਿਆਦਾਇਕ ਅਤੇ ਸਭਿਆਚਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆਂ ਜਾ ਰਿਹਾ ਹੈ,ਮਾਪੇ ਖੁਸ਼ ਹਨ, ਕਿ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਦੌਰਾਨ ਮਨੋਰੰਜਨ ਵੀ ਕਰ ਰਹੇ ਹਨ।
ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਨੰਨੇ ਉਸਤਾਦਾਂ ਦੇ ਪ੍ਰੋਗਰਾਮ ਚ ਬੱਚਿਆਂ ਅਤੇ ਮਾਪਿਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।ਉਹ ਇਸ ਗੱਲੋਂ ਵੀ ਤਸੱਲੀ ਮਹਿਸੂਸ ਕਰਦੇ ਹਨ ਕਿ ਬੱਚੇ ਹੋਰਨਾਂ ਚੈੱਨਲਾਂ ਦੇ ਗੈਰ ਮਿਆਰੀ ਪ੍ਰੋਗਰਾਮ ਦੇਖਣ ਦੀ ਥਾਂ ਲਗਾਤਾਰ ਦੂਰਦਰਸ਼ਨ ਦੇ ਸਿੱਖਿਆਦਾਇਕ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ।
ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਨਿੰਬੂਆਂ ( ਐਸ.ਏ.ਐਸ. ਨਗਰ ) ਦੀਆਂ ਨੰਨੀਆਂ ਮੁੰਨੀਆਂ ਬੱਚੀਆਂ ਨੇ ਧਾਰਮਿਕ ਸ਼ਬਦ ਗਾਇਨ ਰਾਹੀਂ ਅੱਜ ਦੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ ਗਈ ।ਸਰਕਾਰੀ ਪ੍ਰਾਇਮਰੀ ਸਕੂਲ ਸ਼ੇਰਪੁਰ ਗੁਲਿੰਡ ( ਹੁਸ਼ਿਆਰਪੁਰ ) , ਸਰਕਾਰੀ ਪ੍ਰਾਇਮਰੀ ਸਕੂਲ ਬਹੌੜੂ ( ਸ਼੍ਰੀ ਅਮ੍ਰਿੰਤਸਰ ਸਾਹਿਬ ) ਤੇ ਸਰਕਾਰੀ ਪ੍ਰਾਇਮਰੀ ਸਕੂਲ ਫਰਵਾਹੀ ( ਸੰਗਰੂਰ ) ਦੇ ਬੱਚਿਆਂ ਨੇ ਸੋਲੋ ਡਾਂਸ ਰਾਹੀਂ ਟੀ.ਵੀ. ਅੱਗੇ ਬੈਠੇ ਬੱਚਿਆਂ ਨੂੰ ਕੀਲ ਕੇ ਰੱਖ ਦਿੱਤਾ , ਸਰਕਾਰੀ ਪ੍ਰਾਇਮਰੀ ਸਕੂਲ ਵਿਰਕ ਖ਼ੁਰਦ ( ਬਠਿੰਡਾ ) ਤੇ ਸਰਕਾਰੀ ਪ੍ਰਾਇਮਰੀ ਸਕੂਲ ਮੀਆਂਵਿੰਡ ( ਤਰਨਤਾਰਨ ) ਦੇ ਬੱਚਿਆਂ ਨੇ ਵਾਧੂ ਪਏ ਸਮਾਨ ਦੀ ਮੁੜ ਵਰਤੋਂ ਬਾਰੇ ਦੱਸਿਆ , ਝੰਜੋਟੀ (ਸ਼੍ਰੀ ਅਮ੍ਰਿੰਤਸਰ ਸਾਹਿਬ ) ਤੇ ਦੋਦੇ ( ਤਰਨਤਾਰਨ ) ਦੇ ਬੱਚਿਆਂ ਨੇ ਭਾਸ਼ਣ ਪੇਸ਼ ਕੀਤਾ , ਧਿੰਗੜ ( ਮਾਨਸਾ ) ਦੇ ਬੱਚਿਆਂ ਵੱਲੋਂ ਕਵਿਸ਼ਰੀ , ਮੁੰਧੋ ਸੰਗਤੀਆਂ ( ਐਸ.ਏ.ਐਸ. ਨਗਰ ) ਸਕੂਲ ਦੇ ਬੱਚਿਆਂ ਵੱਲ੍ਹੋਂ ਲੋਕ ਗੀਤ , ਬਡਵਾਲਾ ( ਸ਼੍ਰੀ ਫਤਿਹਗੜ ਸਾਹਿਬ ) ਦੇ ਬੱਚਿਆ ਵੱਲੋਂ ਜਾਦੂ ਦਾ ਖੇਡ , ਨਾਗੋਕੇ ਲੜਕੀਆ ( ਤਰਨਤਾਰਨ ) ਸਕੂਲ ਵੱਲੋਂ ਚਿੱਤਰਕਾਰੀ , ਬਾਜ਼ੀਗਰ ਬਸਤੀ ਫਰੀਦਕੋਟ ਦੀ ਅਧਿਆਪਕਾਂ ਵੱਲੋਂ ਨੈਤਿਕ ਜੀਵਨ ਤੇ ਅਧਾਰਤ ਬੱਚਿਆ ਨੂੰ ਬਹੁਤ ਹੀ ਦਿਲਚਸਪ ਤੇ ਰੌਚਕ ਕਹਾਣੀ ਸੁਣਾਈ ਗਈ ,ਬੁਰਜ ਮਾਨਸਾ ( ਬਠਿੰਡਾ ) ਦੇ ਬੱਚਿਆ ਵੱਲੋ ਗੱਤਕਾ ਪੇਸ਼ ਕਰਕੇ ਸਮੁੱਚੇ ਪ੍ਰੋਗਰਾਮ ਨੂੰ ਚਾਰ ਚੰਨ ਲਗਾ ਦਿੱਤੇ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿਂਘ,ਡਿਪਟੀ ਡੀਈਓ ਜਗਰੂਪ ਭਾਰਤੀ, ਗੁਰਲਾਭ ਸਿੰਘ,ਡਾਇਟ ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ,ਜ਼ਿਲ੍ਹਾ ਗਾਈਡੈਂਸ ਤੇ ਕਾਉਂਸਲਰ ਨਰਿੰਦਰ ਸਿੰਘ ਮੋਹਲ,ਅਧਿਆਪਕ ਹਿਮਾਸ਼ੂ ਸਿੰਗਲਾ ਨੇ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਕਿ ਉਹ ਆਨਲਾਈਨ ਸਿੱਖਿਆ ਦੇ ਨਾਲ ਨਾਲ ਬੱਚਿਆਂ ਦੇ ਮਨੋਰੰਜਨ ਪ੍ਰੋਗਰਾਮਾਂ ਰਾਹੀਂ ਵੀ ਉਨ੍ਹਾਂ ਨੂੰ ਉਤਸ਼ਾਹਤ ਕਰਦੇ ਹਨ, ਇਸ ਨਾਲ ਜਿਥੇਂ ਬੱਚਿਆਂ ਨੂੰ ਅਪਣੀ ਕਲਾਂ ਨੂੰ ਪ੍ਰਗਟਾਉਣ ਦਾ ਮੋਕਾ ਮਿਲਦਾ, ਉਥੇਂ ਦੂਸਰੇ ਬੱਚੇ ਵੀ ਉਤਸ਼ਾਹਤ ਹੁੰਦੇ ਹਨ।