ਸੁਲਤਾਨਪੁਰ ਲੋਧੀ ਪੁਲਿਸ ਕੋਲ ਸ਼ਿਕਾਇਤ ਦਰਜ
ਪੰਜਾਬ ਸਰਕਾਰ ਵਲੋਂ ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਉਣ ਵਾਲਿਆਂ ਵਿਰੁੱਧ ਹੋਵੇਗੀ ਸਖਤੀ
ਸੁਲਤਾਨਪੁਰ ਲੋਧੀ,11 ਸਤੰਬਰ (ਵਿਸ਼ਵ ਵਾਰਤਾ)-ਸੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਉਣ ਵਾਲਿਆਂ ਵਲੋਂ ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ.ਨਵਤੇਜ ਸਿੰਘ ਚੀਮਾ ਦੇ ਫੇਸਬੁਕ ਪੇਜ ” ਨਵਤੇਜ ਸਿੰਘ ਚੀਮਾ ” ਨੂੰ ਦੁਬਾਰਾ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਸੁਲਤਾਨਪੁਰ ਲੋਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੀਤੇ ਪਰਸੋਂ ਹੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਦੌਰਾਨ ਸ਼ੋਸ਼ਲ ਮੀਡੀਆ ਰਾਹੀਂ ਅਫਵਾਹਾਂ ਫੈਲਾਉਣ ਵਾਲਿਆਂ ਤੇ ਪੰਜਾਬ ਸਰਕਾਰ ਨੂੰ ਜਾਣਬੁੱਝ ਬਦਨਾਮ ਕਰਨ ਵਾਲੇ ਅਨਸਰਾਂ ਵਿਰੁੱਧ ਕਾਰਵਾਈ ਲਈ ਕਿਹਾ ਸੀ, ਜਿਸ ਕਰਕੇ ਉਨ੍ਹਾਂ ਦੇ ਪੇਜ ਨੂੰ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ।
ਚੀਮਾ ਨੇ ਦੱਸਿਆ ਕੀ ਮੁੱਖ ਮੰਤਰੀ ਨਾਲ ਹੋਈ ਵੀਡੀਊ ਕਾਨਫਰੰਸ ਦੌਰਾਨ ਪੰਜਾਬ ਵਿੱਚ ਫੇਕ ਸੋਸ਼ਲ ਮੀਡੀਆ ਅਕਾਊਂਟ ਤੇ ਕੁੱਝ ਬਿਨਾਂ ਵਜੂਦ ਵਾਲੇ ਵੈਬ ਚੈਨਲ ਜੋ ਕੀ ਵਿਰੋਧੀਆਂ ਦੇ ਇਸ਼ਾਰੇ ਤੇ ਸਰਕਾਰ ਦੇ ਅਕਸ ਨੂੰ ਖਰਾਬ ਕਰ ਰਹੇ ਹਨ , ਵਿਰੁੱਧ ਉਨਾਂ ਦੀ ਬੇਨਤੀ ਉੱਪਰ ਮੁੱਖ ਮੰਤਰੀ ਨੇ ਵੀ ਸਖਤ ਸਟੈਂਡ ਲੈਂਦੀਆਂ ਪੰਜਾਬ ਦੇ ਡੀ ਜੀ ਪੀ ਨੂੰ ਇਸ ਲਈ ਵਿਸ਼ੇਸ਼ ਧਿਆਨ ਦੇ ਕੇ ਸ਼ਰਾਰਤੀ ਅਨਸਰਾਂ ਖਿਲਾਫ ਕਾਰਵਾਈ ਲਈ ਕਿਹਾ ਸੀ ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੁਝ
ਲੋਕਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਜਿਸ ਦੇ ਚਲਦਿਆਂ ਬੁਖਲਾਹਟ ਵਿਚ ਆ ਕੇ ਵਿਰੋਧੀ ਅਜਿਹੀਆਂ ਕੋਝੀਆਂ ਹਰਕਤਾਂ ਨਾਲ ਉਹਨਾਂ ਦੇ ਹੌਂਸਲੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ ਪਰ ਉਹ ਲੋਕਾਂ ਦੀ ਖਾਤਰ ਹਰ ਪਲੇਟਫਾਰਮ ਉੱਪਰ ਆਪਣੀ ਅਵਾਜ ਬੁਲੰਦ ਕਰਦੇ ਰਹਿਣਗੇ ।
ਉਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਵੰਗਾਰਦੇ ਹੋਏ ਕਿਹਾ ਕਿ ” ਜੋ ਵੀ ਲੋਕ ਅਜਿਹਾ ਕਰ ਰਹੇ ਹਨ ਉਹ ਕਿਸੇ ਭੁਲੇਖੇ ਵਿੱਚ ਹਨ ਤੇ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਹੈ ਕੀ ਸਰਕਾਰ ਨੇ ਪੰਜਾਬ ਪੁਲਿਸ ਦੇ ਸਾਈਬਰ ਸੈਲ ਰਾਹੀਂ ਅਜਿਹੀਆਂ ਕਾਲੀਆਂ ਭੇਡਾਂ ਨੂੰ ਬੇਨਾਕਬ ਕਰਨ ਦਾ ਪੂਰਾ ਐਕਸ਼ਨ ਪਲਾਨ ਬਣਾ ਲਿਆ ਹੈ “। ਉਨ੍ਹਾਂ ਕਿਹਾ ਕਿ ” ਇਹਨਾਂ ਦੀਆਂ ਕਾਲੀਆਂ ਕਰਤੂਤਾਂ ਦੇ ਕਾਫ਼ੀ ਸੁਰਾਗ ਵੀ ਮਿਲ ਚੁੱਕੇ ਹਨ ਤੇ ਸੂਬੇ ਦੇ ਭੋਲੇ ਭਾਲੇ ਲੋਕਾਂ ਨੂੰ ਗੁਮਰਾਹਕੁੰਨ ਪ੍ਰਚਾਰ ਰਾਹੀਂ ਭੜਕਾਣ ਵਾਲੇ ਵਿਰੋਧੀ ਸਾਹਮਣੇ ਆ ਕੇ ਤੱਥਾਂ ਦੇ ਅਧਾਰ ਤੇ ਗੱਲ ਕਰਨ।
ਚੀਮਾ ਨੇ ਦੱਸਿਆ ਕੀ ਉਹਨਾਂ ਦੇ ਫੇਸ ਬੁੱਕ ਪੇਜ ਨੂੰ 2 ਮਹੀਨਿਆਂ ਵਿਚ ਦੂਸਰੀ ਵਾਰ ਹੈਕ ਕਰਨ ਦੀ ਕੋਸ਼ਿਸ਼ ਹੋਈ ਹੈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਫਾਲੋਵਰ ਹਨ ਤੇ ਇਹ ਵਿਰੋਧੀਆਂ ਵਲੋਂ ਲੋਕਾਂ ਨੂੰ ਉਨ੍ਹਾਂ ਤੋਂ ਤੋੜਨ ਦਾ ਕੋਝਾ ਯਤਨ ਹੈ ਜਿਸ ਵਿਚ ਉਹ ਕਾਮਯਾਬ ਨਹੀਂ ਹੋਣਗੇ।