ਪ੍ਰਾਪਰਟੀ ਤੇ ਹਾਊਸ ਟੈਕਸ 31 ਅਕਤੂਬਰ ਤੱਕ ਬਿਨਾਂ ਵਿਆਜ ਸਿਰਫ਼ 10 ਫ਼ੀਸਦੀ ਜੁਰਮਾਨੇ ਨਾਲ ਕਰਵਾਇਆ ਜਾ ਸਕਦਾ ਹੈ ਜਮਾਂ
ਬਠਿੰਡਾ, 11 ਸਤੰਬਰ (ਕੁਲਬੀਰ ਬੀਰਾ): ਕਮਿਸ਼ਨਰ ਨਗਰ ਨਿਗਮ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਸਾਲ 2020-21 ਦਾ ਜਿਨਾਂ ਵਲੋਂ ਪ੍ਰਾਪਰਟੀ ਟੈਕਸ ਨਹੀਂ ਭਰਿਆ ਉਹ 30 ਸਤੰਬਰ ਤੋਂ ਪਹਿਲਾ-ਪਹਿਲਾ ਆਪਣਾ ਪ੍ਰਾਪਰਟੀ ਟੈਕਸ ਜਮਾਂ ਕਰਵਾਕੇ 10 ਫ਼ੀਸਦੀ ਰਿਬੇਟ ਦਾ ਲਾਹਾ ਉਠਾ ਸਕਦੇ ਹਨ।
ਉਨਾਂ ਹੋਰ ਦੱਸਿਆ ਕਿ ਜਿਹੜੇ-ਜਿਹੜੇ ਵਿਅਕਤੀਆਂ ਵਲੋਂ ਸਾਲ 2013-14 ਤੋਂ 2019-20 ਤੱਕ ਦੀ ਪ੍ਰਾਪਰਟੀ ਟੈਕਸ ਰਿਟਰਨ ਨਗਰ ਨਿਗਮ ਵਿਖੇ ਫਾਇਲ ਨਹੀਂ ਕੀਤੀ ਗਈ ਜਾਂ ਕਿਸੇ ਸਾਲ ਦੀ ਰਿਟਰਨ ਜਾਂ ਹਾਊਸ ਟੈਕਸ ਬਾਕੀ ਹੈ, ਉਨਾਂ ਵਿਅਕਤੀਆਂ ਲਈ ਪੰਜਾਬ ਸਰਕਾਰ ਵਲੋਂ ਸੁਨਿਹਰੀ ਮੌਕਾ ਦਿੱਤਾ ਗਿਆ ਹੈ ਉਹ ਆਪਣਾ ਪ੍ਰਾਪਰਟੀ ਟੈਕਸ ਹਾਊਸ ਟੈਕਸ 31 ਅਕਤੂਬਰ ਤੱਕ ਬਿਨਾਂ ਵਿਆਜ ਸਿਰਫ਼ 10 ਫ਼ੀਸਦੀ ਪਨੈਲਿਟੀ ਨਾਲ ਜਮਾਂ ਕਰਵਾ ਸਕਦੇ ਹਨ। ਉਨਾਂ ਇਹ ਵੀ ਸਪੱਸ਼ਟ ਕੀਤਾ ਕਿ ਨਿਰਧਾਰਤ ਕੀਤੀ ਗਈ ਮਿਤੀ ਤੋਂ ਬਾਅਦ 1 ਨਵੰਬਰ 2020 ਤੋਂ 20 ਫ਼ੀਸਦੀ ਜ਼ੁਰਮਾਨਾ ਤੇ 18 ਫ਼ੀਸਦੀ ਸਲਾਨਾ ਵਿਆਜ ਨਾਲ ਬਕਾਇਆ ਪ੍ਰਾਪਰਟੀ ਟੈਕਸ ਵਸੂਲਿਆਂ ਜਾਵੇਗਾ।
ਸ਼੍ਰੀ ਸ਼ੇਰਗਿੱਲ ਨੇ ਅੱਗੇ ਕਿਹਾ ਕਿ ਜੇਕਰ ਸਮੇਂ ਸਿਰ ਟੈਕਸ ਨਹੀਂ ਜਮਾਂ ਕਰਵਾਇਆ ਜਾਂਦਾ ਤਾਂ ਪ੍ਰਾਪਰਟੀ ਟੈਕਸ ਵਸੂਲਣ ਲਈ ਪੀ.ਐਮ. ਸੀ. ਐਕਟ 1976 ਦੀ ਧਾਰਾ 138 ਅਧੀਨ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨਾਂ ਸਬੰਧਤ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣਾ ਪ੍ਰਾਪਰਟੀ ਟੈਕਸ ਜਮਾਂ ਕਰਕੇ ਸਰਕਾਰ ਵਲੋਂ ਦਿੱਤੀ ਛੋਟ ਦਾ ਲਾਭ ਉਠਾ ਸਕਦੇ ਹਨ।