ਚੰਡੀਗੜ, 8 ਦਸੰਬਰ (ਵਿਸ਼ਵ ਵਾਰਤਾ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਰੱਖਿਆ ਸੈਨਾਵਾਂ ਵਿੱਚ ਸੇਵਾ-ਨਿਭਾਅ ਰਹੇ ਜਾਂ ਸੇਵਾ-ਮੁਕਤ ਹੋਏ ਸੈਨਿਕਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਪੂਰੀ ਤਰਾਂ ਵਚਨਬੱਧ ਹੈ ਅਤੇ ਉਨਾਂ ਨੂੰ ਉਮੀਦ ਹੈ ਕਿ ਹੋਰ ਸਰਕਾਰਾਂ ਵੀ ਇਹੀ ਰਾਹ ਅਪਨਾਉਣਗੀਆਂ।
ਅੱਜ ਇੱਥੇ ਲੇਕ ਕਲੱਬ ਵਿਖੇ ਮਿਲਟਰੀ ਸਾਹਿਤਕ ਸਮਾਗਮ ਦੌਰਾਨ ‘ਫੌਜੀ ਇਤਿਹਾਸਕਾਰਾਂ ਅਤੇ ਲੇਖਕਾਂ ਨਾਲ ਵਿਚਾਰ-ਵਟਾਂਦਰਾ ਸ਼ੈਸਨ’ ਦੌਰਾਨ ਵੀਰ ਸਾਂਘਵੀ ਵੱਲੋਂ ਇਸ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਜੋ ਖੁਦ ਸਾਬਕਾ ਫੌਜੀ ਹਨ, ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਰੱਖਿਆ ਸੈਨਾਵਾਂ ਅਤੇ ਸੇਵਾ-ਮੁਕਤ ਸੈਨਿਕਾਂ ਨੂੰ ਸਿਵਲ ਪ੍ਰਸ਼ਾਸਨ ਵੱਲੋਂ ਮਾਣ-ਸਤਿਕਾਰ ਦੇਣ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ।
ਨੌਜਵਾਨਾਂ ਦੀ ਫੌਜ ਵਿੱਚ ਭਰਤੀ ਹੋਣ ਦੀ ਘਟ ਰਹੀ ਦਿਲਚਸਪੀ ਬਾਰੇ ਇਕ ਸੁਆਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਇਸ ਸੁਝਾਅ ਨੂੰ ਰੱਦ ਕਰ ਦਿੱਤਾ ਕਿ ਇਹ ਰੱਖਿਆ ਬਲਾਂ ਵਿੱਚ ਸ਼ਾਮਲ ਹੋਣ ਵਾਲੇ ਸੈਨਿਕਾਂ ਦੀ ਗੁਣਵੱਤਾ ਵਿੱਚ ਗਿਰਾਵਟ ਦੇ ਕਾਰਨ ਹੈ। ਉਨਾਂ ਕਿਹਾ ਕਿ ਭਾਰਤੀ ਫੌਜ ਦੀ ਗੁਣਵੱਤਾ ਦਾ ਸਰੂਪ ਬਰਕਰਾਰ ਰਿਹਾ ਪਰ ਸਮੱਸਿਆ ਇਹ ਹੈ ਕਿ ਰੱਖਿਆ ਸੈਨਾਵਾਂ ਨੂੰ ਸਿਆਸੀ ਢਾਂਚੇ ਅਤੇ ਸਿਵਲ ਪ੍ਰਸ਼ਾਸਨ ਪਾਸੋਂ ਬਣਦਾ ਮਾਣ-ਸਨਮਾਨ ਨਹੀਂ ਮਿਲ ਰਿਹਾ।
ਮੁੱਖ ਮੰਤਰੀ ਨੇ ਦੁੱਖ ਜ਼ਾਹਰ ਕੀਤਾ ਕਿ ਜੰਗੀ ਫੌਜੀਆਂ ਅਤੇ ਸਾਬਕਾ ਸੈਨਿਕਾਂ ਨੂੰ ਇਹ ਸ਼ਿਕਾਇਤ ਰਹਿੰਦੀ ਹੈ ਕਿ ਉਨਾਂ ਨੂੰ ਆਪਣੀਆਂ ਸਮੱਸਿਆਵਾਂ ਬਾਰੇ ਸਰਕਾਰ ਤੋਂ ਕੋਈ ਹੁੰਗਾਰਾ ਨਹੀਂ ਮਿਲਦਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜਦੋਂ ਵੀ ਕੋਈ ਜੰਗੀ ਫੌਜੀ ਅਤੇ ਸੇਵਾ ਨਿਭਾਅ ਰਿਹਾ ਫੌਜੀ ਜਾਂ ਹੋਰ ਰੱਖਿਆ ਸੈਨਿਕ ਉਨਾਂ ਦੇ ਦਫ਼ਤਰ ਆਉਂਦਾ ਹੈ ਤਾਂ ਉਨਾਂ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ।
ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਇਸ ਸਬੰਧੀ ਪੰਜਾਬ ਵੱਲੋਂ ਕੀਤੀਆਂ ਪਹਿਲਕਦਮੀਆਂ ਨੂੰ ਅਪਨਾਉਣਾ ਚਾਹੀਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਫੌਜੀ ਲਈ ‘ਇੱਜ਼ਤ’ ਸਭ ਤੋਂ ਵੱਧ ਅਹਿਮੀਅਤ ਰੱਖਦੀ ਹੈ ਅਤੇ ਇਹ ਇੱਜ਼ਤ ਦੇਣੀ ਸਰਕਾਰ ਦਾ ਫਰਜ਼ ਬਣਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਇਕ ਘਟਨਾ ਸਾਂਝੀ ਕਰਦਿਆਂ ਦੱਸਿਆ ਕਿ ਇਕ ਵਾਰ ਇਕ ਜ਼ਿਲੇ ਤੋਂ ਸੀਨੀਅਰ ਪੁਲੀਸ ਅਧਿਕਾਰੀ ਨੇ ਬਿ੍ਰਗੇਡੀਅਰ ਰੈਂਕ ਦੇ ਸੇਵਾ-ਮੁਕਤ ਫੌਜੀ ਅਫਸਰ ਨੂੰ ਲੰਮਾ ਸਮਾਂ ਆਪਣੇ ਦਫ਼ਤਰ ਦੇ ਬਾਹਰ ਖੜਾ ਕਰਕੇ ਉਸ ਦਾ ਨਿਰਾਦਰ ਕੀਤਾ ਅਤੇ ਉਹ ਉਸ ਸਮੇਂ ਮੁੱਖ ਮੰਤਰੀ ਸਨ ਅਤੇ ਉਨਾਂ ਨੇ ਇਸ ਪੁਲੀਸ ਅਧਿਕਾਰੀ ਦੀ ਬਦਲੀ ਕਰ ਦਿੱਤੀ। ਉਨਾਂ ਨੇ ਅਜਿਹੇ ਅਫਸਰਾਂ ਦੇ ਇੱਜ਼ਤ-ਮਾਣ ਦੀ ਰਾਖੀ ਦੀ ਲੋੜ ’ਤੇ ਜ਼ੋਰ ਦਿੰਦਿਆਂ ਆਖਿਆ ਕਿ ਫੌਜ ਸਾਡੇ ਵਤਨ ਦੀ ਰਾਖੀ ਲਈ ਆਪਣੀ ਜਾਨ ਜੋਖ਼ਮ ਵਿੱਚ ਪਾਉਂਦੀ ਹੈ।
ਇਕ ਫੌਜੀ ਅਫਸਰ ਵੱਲੋਂ ਪੁੱਛੇ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਖੁਲਾਸਾ ਕੀਤੀ ਕਿ ਉਹ 1971 ਦੀ ਜੰਗ ’ਤੇ ਇਕ ਕਿਤਾਬ ਲਿਖਣਗੇ ਅਤੇ ਉਸ ਤੋਂ ਬਾਅਦ ਸ੍ਰੀਲੰਕਾ ਵਿੱਚ ਭਾਰਤੀ ਫੌਜ ਦੀ ਭੂਮਿਕਾ ’ਤੇ ਵੀ ਇਕ ਕਿਤਾਬ ਲਿਖਣਗੇ।
ਇਸ ਸੈਸ਼ਨ ਵਿੱਚ ਥੌਮਸ ਫਰੇਜ਼ਰ, ਐਲਨ ਜੈਫਰੇਜ਼, ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ ਅਤੇ ਐਡ ਹੇਯਨਸ ਨੇ ਹਿੱਸਾ ਲਿਆ ਜਿੱਥੇ ਦੁਨੀਆ ਭਰ ਵਿੱਚ ਜੰਗ ਅਤੇ ਸ਼ਾਂਤੀ ਨਾਲ ਸਬੰਧਤ ਮੁੱਦਿਆਂ ਨੂੰ ਛੋਹਿਆ ਗਿਆ। ਇਸ ਮੌਕੇ ਘੁਸਪੈਠ ਜੋ ਪਿਛਲੇ ਸਾਲਾਂ ਦੌਰਾਨ ਸੁਰੱਖਿਆ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ, ਬਾਰੇ ਵੀ ਚਰਚਾ ਹੋਈ।
ਇਸ ਤੋਂ ਪਹਿਲਾਂ ‘ਪਹਿਲੀ ਕਸ਼ਮੀਰ ਜੰਗ 1947-48’ ’ਤੇ ਵਿਚਾਰ-ਵਟਾਂਦਰੇ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ 1965 ਵਿੱਚ ਭਾਰਤ ਨੇ ਕੋਈ ਫੌਜੀ ਜਾਂ ਖੇਤਰੀ ਲਾਭ ਨਹੀਂ ਲਿਆ। ਉਨਾਂ ਦੱਸਿਆ ਕਿ ਜੰਗ ਦੌਰਾਨ ਸਥਿਤੀ ਬਹੁਤ ਮਾੜੀ ਸੀ ਅਤੇ ਇੱਥੋਂ ਤੱਕ ਕਿ ਗੋਲੀ ਸਿੱਕਾ ਵੀ ਮੁੱਕ ਗਿਆ ਪਰ ਜੰਗ ਅਜੇ ਇਕ ਹਫ਼ਤਾ ਹੋਰ ਚੱਲਣੀ ਸੀ। ਉਨਾਂ ਕਿਹਾ ‘‘ਸਾਨੂੰ ਲੜਨ ਲਈ ਪੱਥਰਾਂ ਦੀ ਵਰਤੋਂ ਕਰਨੀ ਪੈਣੀ ਸੀ।’’
ਕੈਪਟਨ ਅਮਰਿੰਦਰ ਸਿੰਘ ਨੇ ਸੈਨਿਕਾਂ ਦੀ ਬਹਾਦਰੀ ਬਾਰੇ ਕਈ ਘਟਨਾਵਾਂ ਦਾ ਵਰਨਣ ਕੀਤਾ ਜਿਨਾਂ ਨੂੰ ਕੋਈ ਤਿਆਰੀ ਕੀਤੇ ਬਿਨਾਂ ਹੀ ਬਹੁਤ ਘੱਟ ਸਮੇਂ ਵਿੱਚ ਜੰਗ ਦੇ ਮੈਦਾਨ ਵਿੱਚ ਜਾਣ ਦਾ ਹੁਕਮ ਦਿੱਤਾ ਜਾਂਦਾ ਸੀ। ਉਨਾਂ ਨੇ ਭਾਰਤੀ ਰੱਖਿਆ ਸੈਨਾਵਾਂ ਦੀ ਸੂਰਮਗਤੀ ਦੀ ਸ਼ਲਾਘਾ ਕੀਤੀ ਜੋ ਆਪਣੀ ਮਾਤ ਭੂਮੀ ਤੋਂ ਜਾਨ ਨਿਛਾਵਰ ਕਰਨ ਤੋਂ ਪਹਿਲਾਂ ਦੋ ਪਲ ਵੀ ਨਹੀਂ ਸੋਚਦੇ।
ਵਿਚਾਰ-ਵਟਾਂਦਰੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਦਿ ਟਿ੍ਰਬਿੳੂਨ ਦੇ ਮੁੱਖ ਸੰਪਾਦਕ ਹਰੀਸ਼ ਖਰੇ ਨਾਲ ਲੈਫਟੀਨੈਂਟ ਜਨਰਲ ਏ. ਮੁਖਰਜੀ, ਬਿ੍ਰਗੇਡੀਅਰ ਐਮ.ਐਸ. ਗਿੱਲ, ਬਿ੍ਰਗੇਡੀਅਰ ਆਈ.ਐਸ. ਗਾਖ਼ਲ ਅਤੇ ਮੇਜਰ ਜਨਰਲ ਸ਼ਿਵਦੇਵ ਸਿੰਘ ਵੀ ਸ਼ਾਮਲ ਸਨ।