ਐਸਐਸਪੀ ਦੇ ਭਰੋਸੇ ਤੋਂ ਬਾਅਦ ਥਾਣੇ ਦਾ ਘਿਰਾਓ ਕੀਤਾ ਕੁੱਝ ਦਿਨਾਂ ਲਈ ਮੁਲਤਵੀ
ਮਾਨਸਾ, 9 ਸਤੰਬਰ (ਵਿਸ਼ਵ ਵਾਰਤਾ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਵੱਖ-ਵੱਖ ਸਿਆਸੀ ਅਤੇ ਜਨਤਕ ਜਥੇਬੰਦੀਆਂ ਵੱਲੋਂ ਸੀਪੀਆਈ (ਐਮ) ਦੇ ਜਿਲ੍ਹਾ ਸਕੱਤਰ ਕਾਮਰੇਡ ਕੁਲਵਿੰਦਰ ਸਿੰਘ ਉੱਡਤ ਅਤੇ ਹੋਰ ਸਾਥੀਆਂ ‘ਤੇ ਮੁਕੱਦਮਾ ਦਰਜ ਕਰਨ ਖਿਲਾਫ਼ ਅਤੇ ਮਾਰਕਸੀ ਪਾਰਟੀ ਦੇ ਜਿਲ੍ਹਾ ਦਫ਼ਤਰ ੋਤੇ ਹਮਲਾ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਹਮਾਇਤੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਨੂੰ ਲੈਕੇ ਰੋਸ ਪ੍ਰਦਰਸ਼ਨ ਕਰਦਿਆਂ ਥਾਣਾ ਸਿਟੀ-2 ਮਾਨਸਾ ਦਾ ਘਿਰਾਓ ਕੀਤਾ ਗਿਆ।ਅੱਜ ਦੇ ਇਸ ਐਕਸ਼ਨ ਵਿੱਚ ਹੋਰਨਾਂ ਆਗੂਆਂ ਤੋਂ ਇਲਾਵਾ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਸੀਪੀਆਈ (ਐਮ) ਦੇ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਕਰੋਨਾ ਮਹਾਂਮਾਰੀ ਦੀ ਆੜ ਵਿੱਚ ਸਰਕਾਰਾਂ ਨੇ ਪਾਬੰਦੀਆਂ ਲਾਕੇ ਲੋਕਾਂ ਨੂੰ ਘਰਾਂ ਵਿੱਚ ਬੰਦ ਕਰ ਦਿੱਤਾ ਹੈ ਅਤੇ ਇਸ ਕਰਕੇ ਲੋਕਾਂ ਦਾ ਰਹਿਣ-ਸਹਿਣ,ਖਾਣ-ਪੀਣ ਅਤੇ ਰੋਜ਼ਮਰਾ ਦੀ ਜਿੰਦਗੀ ਚਲਾਉਣੀ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ।ਉਨ੍ਹਾਂ ਕਿਹਾ ਕਿ ਵਪਾਰ-ਕਾਰੋਬਾਰ,ਰੁਜ਼ਗਾਰ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।ਉਨ੍ਹਾਂ ਕਿਹਾ ਕਿ ਖੇਤੀ ਖੇਤਰ ਨਾਲ ਸਬੰਧਤ ਤਿੰਨ ਆਰਡੀਨੈਂਸ ਲਾਗੂ ਹੋਣ ਨਾਲ ਇਕੱਲੇ ਕਿਸਾਨ-ਖੇਤ ਮਜ਼ਦੂਰ ਹੀ ਤਬਾਹ ਨਹੀਂ ਹੋਣਗੇ,ਸਗੋਂ ਵਪਾਰ ਸਮੇਤ ਦੇਸ਼ ਦੀ ਆਰਥਿਕਤਾ ਬਰਬਾਦ ਹੋ ਜਾਵੇਗੀ।
ਕਾਮਰੇਡ ਸੇਖੋਂ ਨੇ ਜਿਲ੍ਹਾ ਪੁਲੀਸ ਮੁੱਖੀ ਮਾਨਸਾ ਵੱਲੋਂ ਪਿਛਲੇ ਦਿਨੀਂ ਮਾਨਸਾ ਦੀ ਸਿਟੀ ਥਾਣਾ 2 ਦੀ ਪੁਲੀਸ ਵੱਲੋਂ ਦਰਜ ਕੀਤਾ ਝੂਠਾ ਮੁਕੱਦਮਾ ਰੱਦ ਕਰਨ ਅਤੇ ਇਸ ਮਾਮਲੇ ਵਿੱਚ ਇਨਸਾਫ਼ ਦੇਣ ਦੇ ਦਿੱਤੇ ਭਰੋਸੇ ਦੇ ਬਾਅਦ ਐਲਾਨ ਕੀਤਾ ਕਿ ਜੇਕਰ ਇਸ ਮਾਮਲੇ ਵਿੱਚ ਅਮਲ ਵਿੱਚ ਕੁੱਝ ਨਾ ਕੀਤਾ ਗਿਆ ਤਾਂ ਪਾਰਟੀ 14 ਸਤੰਬਰ ਤੋਂ ਬਾਅਦ ਮੁੜ ਤੋਂ ਸੰਘਰਸ਼ ਆਰੰਭ ਕਰ ਦੇਵੇਗੀ।
ਇਸ ਮੌਕੇ ਆਗੂਆਂ ਨੇ ਜਿਲ੍ਹਾ ਮੈਜਿਸਟਰੇਟ ਦੇ ਨਾਮ ਇੱਕ ਮੰਗ ਪੱਤਰ ਤਹਿਸੀਲਦਾਰ ਨੂੰ ਦਿੰਦਿਆਂ ਮੰਗ ਕੀਤੀ ਕਿ ਕਮਿਊਨਿਸਟ ਆਗੂਆਂ ਦੀ ਬਿਨਾਂ ਸ਼ਰਤ ਜੇਲ੍ਹ ਤੋਂ ਰਿਹਾਈ ਕੀਤੀ ਜਾਵੇ,ਸੀਪੀਆਈ (ਐਮ) ਦੇ ਜਿਲ੍ਹਾ ਮਾਨਸਾ ਦਫ਼ਤਰ ‘ਤੇ ਹਮਲਾ ਕਰਨ ਵਾਲੇ ਅਤੇ ਕਮਿਊਨਿਸਟ ਆਗੂਆਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਪੁਲੀਸ ਮੁਲਾਜ਼ਮਾਂ ਤੇ ਹਮਾਇਤੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਐਫਆਈਆਰ ਨੰ:157/2020 ਥਾਣਾ ਸਿਟੀ-2 ਮਾਨਸਾ ਨੂੰ ਖਾਰਜ ਕੀਤਾ ਜਾਵੇ।
ਇਸ ਮੌਕੇ ਕਾਮਰੇਡ ਕ੍ਰਿਸ਼ਨ ਚੌਹਾਨ,ਕਾਮਰੇਡ ਰਾਜਵਿੰਦਰ ਸਿੰਘ ਰਾਣਾ,ਕਾਮਰੇਡ ਸਵਰਨਜੀਤ ਸਿੰਘ ਦਲਿਓ, ਬੀਬੀ ਹਰਜੀਤ ਕੌਰ ਪੰਜੋਲਾ,ਡਾ.ਗੁਰਵਿੰਦਰ ਸਿੰਘ,ਮਹਿੰਦਰ ਸਿੰਘ ਭੈਣੀਬਾਘਾ,ਵੈਦ ਧੰਨਾ ਮੱਲ ਗੋਇਲ,ਬੀਬੀ ਜਸਵੀਰ ਕੌਰ ਨੱਤ,ਨਛੱਤਰ ਸਿੰਘ ਢੈਪਈ,ਅਮਰਜੀਤ ਸਿੰਘ ਖੋਖਰ,ਕਰਨੈਲ ਸਿੰਘ ਭੀਖੀ,ਜਸਵਿੰਦਰ ਕੌਰ ਦਾਤੇਵਾਸ,ਹਰਨੇਕ ਸਿੰਘ ਖੀਵਾ,ਦਰਸ਼ਨ ਸਿੰਘ ਧਲੇਵਾਂ ,ਸਾਧੂ ਸਿੰਘ ਰਾਮਾਨੰਦੀ ,ਗੁਰਪਿਆਰ ਸਿੰਘ ਫੱਤਾ ,ਜਸਵੰਤ ਸਿੰਘ ਬੀਰੋਕੇ,ਸੁਖਜੀਤ ਰਾਮਾਂਨੰਦੀ,ਐਡਵੋਕੇਟ ਬਲਵੀਰ ਕੌਰ ਸਿੱਧੂ,ਗੁਰਪ੍ਰੀਤ ਸਿੰਘ ਅਤੇ ਅੰਗਰੇਜ਼ ਸਿੰਘ ਕਲੇਰ ਨੇ ਵੀ ਸੰਬੋਧਨ ਕੀਤਾ।