ਐਸ.ਏ.ਐਸ. ਨਗਰ, 09 ਸਤੰਬਰ (ਵਿਸ਼ਵ ਵਾਰਤਾ )-ਮਿਊਂਸਪਲ ਕਮੇਟੀ ਕੁਰਾਲੀ ਅਤੇ ਖਰੜ ਦੀਆਂ ਟੀਮਾਂ ਵਲੋਂ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਖੇਤਰਾਂ ਵਿੱਚ ਅਚਨਚੇਤ ਚੈਕਿੰਗ ਕਰਕੇ 500 ਕਿੱਲੋ ਤੋਂ ਵੱਧ ਪਲਾਸਟਿਕ ਦੇ ਬੈਗ ਜ਼ਬਤ ਕੀਤੇ ਗਏ ਹਨ ਅਤੇ ਉਲੰਘਣਾ ਕਰਨ ਵਾਲਿਆਂ ਨੂੰ ਜ਼ੁਰਮਾਨਾ ਅਤੇ ਚਲਾਨ ਜਾਰੀ ਕੀਤੇ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਆਲਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਵਿੱਚ ਪਲਾਸਟਿਕ ਬੈਗਾਂ ਦੀ ਵਰਤੋਂ ਦੀਆਂ ਖਬਰਾਂ ਮਿਲਣ ‘ਤੇ ਮਿਉਂਸਪਲ ਕਮੇਟੀਆਂ ਦੀਆਂ ਟੀਮਾਂ ਨੂੰ ਅਚਨਚੇਤ ਚੈਕਿੰਗ ਕਰਨ ਲਈ ਕਿਹਾ ਗਿਆ। ਐਮ.ਸੀ. ਕੁਰਾਲੀ ਦੀ ਟੀਮ ਨੇ ਮੇਨ ਬਾਜ਼ਾਰ ਅਤੇ ਰੇਲਵੇ ਰੋਡ ਕੁਰਾਲੀ ਮਾਰਕੀਟ ਵਿਖੇ ਅਚਨਚੇਤ ਚੈਕਿੰਗ ਦੌਰਾਨ ਪੰਜਾਬ ਪਲਾਸਟਿਕ ਕੈਰੀ ਬੈਗ ਐਕਟ ਤਹਿਤ 5 ਚਲਾਨ ਕੀਤੇ। ਉਨ੍ਹਾਂ 82 ਕਿੱਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ ਅਤੇ 7000 ਰੁਪਏ ਦੀ ਜ਼ੁਰਮਾਨਾ ਵਸੂਲਿਆ।
ਇਸ ਤੋਂ ਪਹਿਲਾਂ, ਐਮ.ਸੀ. ਖਰੜ ਦੀ ਟੀਮ ਨੇ ਸੰਨੀ ਐਨਕਲੇਵ ਖਰੜ ਵਿਖੇ ਥੋਕ ਪਲਾਸਟਿਕ ਡਿਸਟ੍ਰੀਬਿਊਟਰ ਸਿੰਗਲਾ ਟ੍ਰੇਡਰਜ਼ ‘ਤੇ ਛਾਪਾ ਮਾਰਿਆ ਅਤੇ 250 ਕਿਲੋ ਪਲਾਸਟਿਕ ਬੈਗ ਜ਼ਬਤ ਕੀਤੇ। ਉਨ੍ਹਾਂ ਦੂਜੀ ਬਰਾਮਦਗੀ ਵਿਚ, ਦੇਸੂਮਾਜਰਾ ਕਲੋਨੀ ਰੋਡ ਸਥਿਤ ਕਿੰਗਸਵੇਅ ਕੰਪਨੀ ਤੋਂ 220 ਕਿਲੋ ਪਲਾਸਟਿਕ ਕੈਰੀ ਬੈਗ ਜ਼ਬਤ ਕੀਤੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਪਲਾਸਟਿਕ ਕੈਰੀ ਬੈਗ (ਨਿਰਮਾਣ, ਵਰਤੋਂ ਅਤੇ ਨਿਪਟਾਰਾ) ਕੰਟਰੋਲ ਐਕਟ, 2005 ਦੀ ਧਾਰਾ 7 ਤਹਿਤ ਸੂਬਾ ਸਰਕਾਰ ਵਲੋਂ ਸੂਬੇ ਵਿਚ ਪਲਾਸਟਿਕ ਕੈਰੀ ਬੈਗਾਂ ਦੇ ਨਿਰਮਾਣ, ਭੰਡਾਰਨ, ਵੰਡ, ਮੁੜ ਵਰਤੋਂ, ਵੇਚਣ ਅਤੇ ਵਰਤੋਂ ਕਰਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ ਕਥਿਤ ਤੌਰ ’ਤੇ ਪਲਾਸਟਿਕ ਕੈਰੀ ਬੈਗਾਂ ਦੀ ਵਰਤੋਂ ਜਾਰੀ ਹੈ। ਇਹ ਕਾਨੂੰਨ ਦੀ ਘੋਰ ਉਲੰਘਣਾ ਹੈ ਅਤੇ ਵਾਤਾਵਰਣ ਲਈ ਗੰਭੀਰ ਖ਼ਤਰਾ ਵੀ ਹੈ। ਇਸ ਲਈ, ਅਚਨਚੇਤ ਚੈਕਿੰਗਾਂ ਜਾਰੀ ਰਹਿਣਗੀਆਂ ਅਤੇ ਪਹਿਲਾਂ ਨਾਲੋਂ ਜ਼ਿਆਦਾ ਕੀਤੀਆਂ ਜਾਣਗੀਆਂ।