*ਵਿਧਾਨ ਸਭਾ ਹਲਕਾ ਖਰੜ ਵਿੱਚ ਦੋ ਅਤੇ ਡੇਰਾਬਸੀ ਵਿੱਚ ਤਿੰਨ ਬਣੇ ਨਵੇਂ ਪੋਲਿੰਗ ਸਟੇਸ਼ਨ*
ਐਸ.ਏ.ਐਸ ਨਗਰ : 09 ਸਤੰਬਰ( ਵਿਸ਼ਵ ਵਾਰਤਾ)-ਵੋਟਰ ਸੂਚੀ ਦੀ ਸੁਧਾਈ 2021 ਦੀ ਮੁਹਿੰਮ ਤਹਿਤ ਜ਼ਿਲ੍ਹਾ ਐਸ.ਏ.ਐਸ ਨਗਰ ਵਿੱਚ ਪੈਂਦੇ ਤਿੰਨ ਵਿਧਾਨ ਸਭਾ ਚੋਣ ਹਲਕਿਆਂ 52-ਖਰੜ, 53-ਐਸ.ਏ.ਐਸ ਨਗਰ ਅਤੇ 112 ਡੇਰਾਬੱਸੀ ਦੇ ਪੋਲਿੰਗ ਸਟੇਸ਼ਨਾਂ ਦੀ ਰੇਸ਼ਨਾਲਾਈਜੇਸ਼ਨ ਸਬੰਧੀ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ, ਐਸ.ਏ.ਐਸ ਨਗਰ ਸ੍ਰੀਮਤੀ ਆਸ਼ਿਕਾ ਜੈਨ ਦੀ ਪ੍ਰਧਾਨਗੀ ਹੇਠ ਜ਼ਿਲ੍ਹੇ ਦੀਆਂ ਸਮੂਹ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨਾਲ ਮੀਟਿੰਗ ਹੋਈ । ਮੀਟਿੰਗ ਵਿੱਚ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਵਧੀਕ ਜਿਲ੍ਹਾ ਚੋਣ ਅਫ਼ਸਰ ਵੱਲੋਂ ਦੱਸਿਆ ਗਿਆ ਕਿ ਪੋਲਿੰਗ ਸਟੇਸ਼ਨਾਂ ਦੀ 100 ਫੀਸਦੀ ਪੜਤਾਲ ਅਤੇ ਰੈਸਨਾਲਾਈਜੇਸ਼ਨ ਹੋ ਗਈ ਹੈ I ਵਿਧਾਲ ਸਭਾ ਹਲਕਾ ਖਰੜ ਵਿੱਚ ਦੋ ਨਵੇਂ ਪੋਲਿੰਗ ਸਟੇਸ਼ਨ ਅਤੇ ਵਿਧਾਨ ਸਭਾ ਹਲਕਾ ਡੇਰਾਬਸੀ ਵਿੱਚ ਤਿੰਨ ਨਵੇਂ ਪੋਲਿੰਗ ਸਟੇਸ਼ਨ ਬਣੇ ਹਨ I
ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰ ਸੂਚੀ ਸਾਲ 2021 ਦੀ ਸੁਧਾਈ ਦੀ ਮੁਹਿੰਮ ਸ਼ੁਰੂ ਹੋ ਚੁੱਕੀ ਹੈ I ਜਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਵਿੱਚ 1500 ਤੋਂ ਵੱਧ ਵੋਟਰਾਂ ਵਾਲੇ ਬੂਥਾਂ ਦੀ ਰੇਸ਼ਨਾਲਾਈਜੇਸ਼ਨ ਕੀਤੀ ਗਈ I ਜਿਸ ਅਨੁਸਾਰ ਪੰਜ ਨਵੇਂ ਪੋਲਿੰਗ ਬੂਥ ਬਣਾਏ ਗਏ ਹਨ ਜਿਨ੍ਹਾਂ ਵਿੱਚ ਵਿਧਾਨ ਸਭਾ ਹਲਕਾ ਖਰੜ ਵਿੱਚ 2 ਨਵੇਂ ਪੋਲਿੰਗ ਸਟੇਸ਼ਨ ਅਤੇ ਵਿਧਾਨ ਸਭਾ ਹਲਕਾ ਡੇਰਾਬਸੀ ਵਿੱਚ 3 ਨਵੇਂ ਪੋਲਿੰਗ ਸਟੇਸ਼ਨ ਬਣੇ ਹਨ I ਇਸ ਤੋਂ ਇਲਾਵਾ 2 ਪੋਲਿੰਗ ਸਟੇਸ਼ਨਾਂ ਦੀਆਂ ਇਮਾਰਤਾਂ ਤੇ ਪੋਲਿੰਗ ਖੇਤਰਾਂ ਦੀ ਤਬਦੀਲੀ ਵੀ ਕੀਤੀ ਗਈ ਹੈ। ਮੀਟਿੰਗ ਦੌਰਾਨ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਨਵੇਂ ਬਣਾਏ ਗਏ ਪੋਲਿੰਗ ਸਟੇਸ਼ਨਾਂ ਦੀ ਤਜਵੀਜ਼ ਦੀ ਕਾਪੀ ਤੇ ਵੋਟਰ ਸੂਚੀ ਸਾਲ 2021 ਦੇ ਪ੍ਰੋਗਰਾਮ ਦੀ ਕਾਪੀ ਮੁਹੱਈਆ ਕਰਵਾਈ ਗਈ ਅਤੇ ਪੋਲਿੰਗ ਸਟੇਸ਼ਨਾਂ ਸਬੰਧੀ ਆਪਣਾ ਦਾਅਵਾ ਜਾਂ ਇਤਰਾਜ਼ ਦੋ ਦਿਨਾਂ ਦੇ ਵਿਚ ਦੇਣ ਲਈ ਅਪੀਲ ਕੀਤੀ ਗਈ । ਇਸ ਤੋਂ ਇਲਾਵਾ ਰਾਜਨੀਤਿਕ ਪਾਰਟੀਆਂ ਨੂੰ ਹਰੇਕ ਪੋਲਿੰਗ ਸਟੇਸ਼ਨ ਤੇ ਆਪਣਾ-ਆਪਣਾ ਬੀ.ਐਲ.ਏ. ਲਗਾਉਣ ਲਈ ਵੀ ਕਿਹਾ ਗਿਆ ।
ਸਮੂਹ ਰਾਜਨੀਤਿੱਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਵੋਟਾਂ ਬਣਾਉਣ ਜਾਂ ਕਟਾਉਣ ਸਬੰਧੀ ਵੱਖ ਵੱਖ ਤਰ੍ਹਾਂ ਦੇ ਫਾਰਮਾ ਬਾਰੇ ਜਾਣਕਾਰੀ ਦਿੰਦਿਆਂ ਵਧੀਕ ਜਿਲ੍ਹਾ ਚੋਣ ਅਫਸਰ ਨੇ ਦੱਸਿਆ ਕਿ ਜੋ ਵੋਟਰ ਆਪ ਦੇ ਇਲਾਕੇ ਵਿੱਚੋਂ ਸਿਫਟ ਹੋ ਗਏ ਹਨ ਉਹਨਾਂ ਦੇ ਫਾਰਮ ਨੰਬਰ 7 ਭਰਕੇ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਨੂੰ ਦਿੱਤੇ ਜਾਣ ਅਤੇ ਫਾਰਮ ਨੰ:6 ਨਵੀ ਵੋਟ ਲਈ, ਫਾਰਮ ਨੰ:7 ਵੋਟ ਕੱਟਣ ਲਈ, ਫਾਰਮ ਨੰ:8 ਦਰੂਸਤੀ ਲਈ ਅਤੇ ਫਾਰਮ ਨੰ:8ਏ ਅਤੇ 6ਏ ਐਨ.ਆਰ.ਆਈ ਵੋਟਰਾਂ ਲਈ, ਆਨਲਾਈਨ www.nvsp.in ਤੇ ਭਰਿਆ ਜਾਵੇ । ਸਮੂਹ ਰਾਜਨੀਤਿੱਕ ਪਾਰਟੀਆਂ ਦੇ ਨੁਮਾਇੰਦਿਆ ਨੂੰ ਇਹ ਵੀ ਕਿਹਾ ਗਿਆ ਕਿ ਆਪਣੀ ਪਾਰਟੀ ਦੇ ਵਰਕਰਾਂ ਨੂੰ ਮੁੱਖ ਚੋਣ ਅਫ਼ਸਰ ਪੰਜਾਬ ਅਤੇ ਜਿਲ੍ਹਾ ਚੋਣ ਦਫਤਰ ਦੀ ਸ਼ੋਸ਼ਲ ਮੀਡੀਆ ਵੈਬ ਸਾਈਟਸ ਨੂੰ ਸ਼ੇਅਰ ਕੀਤਾ ਜਾਵੇ । ਮੀਟਿੰਗ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਬਹੁਜਨ ਸਮਾਜ ਪਾਰਟੀ , ਸੀ.ਪੀ.ਆਈ (ਐਮ) ਅਤੇ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ I