ਪੈਸਿਆਂ ਦੇ ਲੈਣ ਦੇਣ ਕਰਕੇ ਕੀਤਾ ਸੀ ਸੁਖਮਨ ਸੰਧੂ ਦਾ ਕਤਲ : ਐਸਐਸਪੀ
–ਸੁਖਮਨ ਸੰਧੂ ਦਾ ਪਿਸਤੌਲ ਖੋਹ ਕੇ ਉਸੇ ਨਾਲ ਹੀ ਮਾਰੀ ਸੀ ਗੋਲੀ
ਬਠਿੰਡਾ 7 ਸਤੰਬਰ (ਕੁਲਬੀਰ ਬੀਰਾ)-ਯੂਥ ਅਕਾਲੀ ਦਲ ਦੇ ਮੀਤ ਪ੍ਰਧਾਨ ਸੁਖਮਨ ਸੰਧੂ ਦੇ ਹੋਏ ਕਤਲ ਦਾ ਮਾਮਲਾ ਪੁਲਸ ਨੇ ਸੁਲਝਾ ਲਿਆ ਹੈ ਅਤੇ ਦੋਸ਼ੀ ਸੰਜੇ ਠਾਕਰ ਉਰਫ ਸ਼ੰਮੀ ਪੁੱਤਰ ਉਮੇਸ਼ ਕੁਮਾਰ ਵਾਸੀ ਗਲੀ ਨਬਰ 30/4 ਪ੍ਰਤਾਪ ਨਗਰ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਤੇ ਵਾਰਦਾਤ ਵਿੱਚ ਵਰਤੇ 32 ਬੋਰ ਪਿਸਤੌਲ ਤੇ ਸੁਖਮਨ ਸੰਧੂ ਤੋਂ ਖੋਏ ਪੈਸੇ ਵੀ ਬਰਾਮਦ ਕਰ ਲਏ ਹਨ। ਪ੍ਰੈੱਸ ਕਾਨਫਰੰਸ ਦੌਰਾਨ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ ਨੇ ਕਿਹਾ ਕਿ ਪੈਸਿਆਂ ਦੇ ਲੈਣ ਦੇਣ ਕਰਕੇ ਸੁਖਮਨ ਸੰਧੂ ਦਾ ਕਤਲ ਕੀਤਾ ਗਿਆ ਹੈ, ਸੰਜੇ ਠਾਕੁਰ ਉਰਫ ਸੰਮੀ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਸੁਖਮਨ ਸੰਧੂ ਨੇ ਉਸ ਤੋਂ ਤਿੰਨ ਲੱਖ ਰੁਪਏ ਵਿਆਜ ਤੇ ਲਏ ਸਨ ਪਰ ਅੱਜ ਤੱਕ ਨਹੀਂ ਦਿੱਤੇ ਗਏ ਅਤੇ ਬੀਤੇ ਦਿਨ ਉਸ ਨੇ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸੀ ਪ੍ਰੰਤੂ 40 ਹਜ਼ਾਰ ਰੁਪਏ ਹੀ ਦੇ ਰਿਹਾ ਸੀ,ਜਿਸ ਕਰਕੇ ਦੋਨਾਂ ਵਿੱਚ ਤਕਰਾਰ ਹੋ ਗਈ ਅਤੇ ਸੁਖਮਨ ਦਾ ਪਿਸਤੌਲ ਖੋਹ ਕੇ ਉਸੇ ਦੇ ਹੀ ਗੋਲੀ ਮਾਰ ਦਿੱਤੀ, ਜਿਸ ਕਰਕੇ ਉਸ ਦੀ ਮੌਕੇ ਤੇ ਮੌਤ ਹੋ ਗਈ। ਐਸਐਸਪੀ ਨੇ ਕਿਹਾ ਕਿ ਦੋਸ਼ੀ ਤੋਂ ਰਿਮਾਂਡ ਤੇ ਲੈ ਕੇ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਕਿਉਂਕਿ ਇਸ ਕੇਸ ਨਾਲ ਜੁੜੇ ਕਈ ਹੋਰ ਵੀ ਸਵਾਲ ਸਾਹਮਣੇ ਆਏ ਹਨ। ਸੁਖਮਨ ਸੰਧੂ ਦੇ ਸਰੀਰਕ ਮਜ਼ਬੂਤ ਹੋਣ ਕਰਕੇ ਪਿਸਤੌਲ ਕਿਵੇਂ ਖੋਹ ਲਿਆ ਦੇ ਪੁੱਛੇ ਸਵਾਲ ਤੇ ਐੱਸਐੱਸਪੀ ਕੋਈ ਠੋਸ ਜਵਾਬ ਨਾ ਦੇ ਸਕੇ ਅਤੇ ਇਹੀ ਕਿਹਾ ਕਿ ਸੁਖਮਨ ਨਾਲੋਂ ਸੰਜੇ ਠਾਕਰ ਜ਼ਿਆਦਾ ਮਜ਼ਬੂਤ ਹੈ ਜਿਸ ਕਰਕੇ ਉਸ ਨੇ ਪਿਸਤੌਲ ਖੋਹ ਲਿਆ । ਇਸ ਮੌਕੇ ਉਨ੍ਹਾਂ ਦੇ ਨਾਲ ਐੱਸ ਪੀ ਗੁਰਬਿੰਦਰ ਸਿੰਘ ਸੰਘਾ ਡੀ ਐੱਸ ਪੀ ਗੁਰਜੀਤ ਸਿੰਘ ਰੋਮਾਣਾ ਸੀ ਆਈ ਏ ਸਟਾਫ ਦੇ ਇੰਚਾਰਜ ਤਰਜਿੰਦਰ ਸਿੰਘ ਸਬ ਇੰਸਪੈਕਟਰ ਜਗਰੂਪ ਸਿੰਘ ਆਦਿ ਹਾਜ਼ਰ ਸਨ ।