-ਆਪਣੇ ਫਾਲਤੂ ਅਤੇ ਘਟੀਆ ਦਾਅ ਅਪਣਾ ਕੇ ਪੰਜਾਬ ਦੇ ਲੋਕਾਂ ਨੂੰ ਭਰਮ ਵਿੱਚ ਪਾਉਣ ਤੋਂ ਬਾਜ਼ ਆਵੇ ਆਮ ਆਦਮੀ ਪਾਰਟੀ- ਬਰਿੰਦਰ ਢਿੱਲੋਂ
– ਆਕਸੀਮੀਟਰ ਦੇ ਬਹਾਨੇ ਲੋਕਾਂ ਦੇ ਘਰਾਂ ਵਿੱਚ ਵਾਇਰਸ ਨਾ ਵੜਨ ‘ਆਪ’ ਵਰਕਰ
ਚੰਡੀਗੜ੍ਹ, 5 ਸਤੰਬਰ (ਵਿਸ਼ਵ ਵਾਰਤਾ)-ਆਮ ਆਦਮੀ ਪਾਰਟੀ ਦੁਆਰਾ ਪੰਜਾਬ ਵਿੱਚ ਆਪਣੀ ਖੁੱਸੀ ਜ਼ਮੀਨ ਨੂੰ ਮੁੜ ਲੱਭਣ ਦੇ ਯਤਨ ਵਿੱਚ ਕਰੋਨਾ ਵਰਗੀ ਮਹਾਂਮਾਰੀ ਦੇ ਦੌਰਾਨ ਰਾਜਨੀਤੀ ਕਰਨ ਲਈ ਆਪ ਦੀ ਆਲੋਚਨਾ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਅਜਿਹੀਆਂ ਘਟੀਆ ਹਰਕਤਾਂ ਤੋਂ ਬਾਜ ਆਉਣਾ ਚਾਹੀਦਾ ਹੈ। ਉਹਨਾ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੇ ਜ਼ਜ਼ਬਾਤਾ ਨਾਲ ਖੇਡ ਕੇ ਆਪਣੀ ਰਾਜਨੀਤੀ ਚਮਕਾਉਣ ਦਾ ਯਤਨ ਕਰਦੀ ਰਹੀ ਹੈ ਪ੍ਰੰਤੂ ਨਾ ਤਾ ਪੰਜਾਬੀਆਂ ਨੇ ਇਹਨਾ ਨੂੰ 2017 ਵਿੱਚ ਮੂੰਹ ਲਾਇਆ ਹੈ ਅਤੇ ਨਾ ਹੀ ਹੁਣ ਲਾਉਂਣਗੇ।
ਮੀਡੀਆ ਨੂੰ ਜਾਰੀ ਬਿਆਨ ਵਿੱਚ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ਼ ਪੰਜਾਬ ਦੇ ਭਵਿੱਖ ਲਈ ਨਾ ਤਾਂ ਕੋਈ ਨੀਤੀ ਹੈ ਅਤੇ ਨਾ ਹੀ ਇਨ੍ਹਾਂ ਦੀ ਨੀਅਤ ਪੰਜਾਬੀਆਂ ਲਈ ਚੰਗੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ ਅਤੇ ਉਹ ਆਪਣੇ ਫੈਸਲੇ ਆਪ ਲੈਣ ਦੇ ਕਾਬਿਲ ਹਨ ਦਿੱਲੀ ਤੋਂ ਆ ਕੇ ਲੋਕ ਉਨ੍ਹਾਂ ਨੂੰ ਸਲਾਹ ਨਾ ਦੇਣ। ਕਰੋਨਾ ਮਹਾਂਮਾਰੀ ਦੇ ਦੌਰਾਨ ਆਪ ਵੱਲੋਂ ਕੀਤੀ ਜਾ ਰਹੀ ਰਾਜਨੀਤੀ ਨੂੰ ਮੰਦਭਾਗੀ ਕਰਾਰ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚੋਂ ਜ਼ਮੀਨ ਪੂਰੀ ਤਰ੍ਹਾਂ ਖਿਸਕ ਚੁੱਕੀ ਹੈ ਅਤੇ ਉਹ ਹੁਣ ਆਨੇ ਬਹਾਨੇ ਇਸ ਨੂੰ ਮੁੜ ਤਲਾਸ਼ਣ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੈਸੇ ਤਾਂ ਪੰਜਾਬ ਦੇ ਲੋਕ ਕੇਜਰੀਵਾਲ ਦੀ ਪਾਰਟੀ ਨੂੰ ਮੂੰਹ ਲਾਉਣ ਤੋਂ ਗੁਰੇਜ਼ ਕਰਦੇ ਹਨ ਇਸ ਲਈ ਆਕਸੀ ਮੀਟਰਾਂ ਦਾ ਨਵਾਂ ਸ਼ੋਸ਼ਾ ਛੱਡ ਕੇ ਲੋਕਾਂ ਦੇ ਘਰਾਂ ਵਿੱਚ ਵੜਨ ਦਾ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਸਿਹਤ ਮਾਹਰਾਂ ਦੀ ਸਲਾਹ ਅਨੁਸਾਰ ਇਸ ਸਮੇਂ ਲੋਕਾਂ ਨੂੰ ਇੱਕ ਦੂਸਰੇ ਨਾਲ ਮੇਲ ਮਿਲਾਪ ਘੱਟ ਕਰਨਾ ਚਾਹੀਦਾ ਹੈ ਪ੍ਰੰਤੂ ਆਪ ਵਰਕਰ ਬਿਮਾਰੀ ਨੂੰ ਇੱਕ ਘਰ ਤੋਂ ਦੂਸਰੇ ਘਰ ਤੱਕ ਲਿਜਾਣ ਦਾ ਕਾਰਜ ਕਰ ਰਹੇ ਹਨ
ਆਮ ਆਦਮੀ ਪਾਰਟੀ ਦੇ ਨੇਤਾਵਾਂ ਨੂੰ ਆਪਣੀ ਹੋਸ਼ੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨ ਦੀ ਸਲਾਹ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਰਾਜਨੀਤੀ ਮੁੱਦਿਆਂ ਤੇ ਆਧਾਰਿਤ ਹੋਣੀ ਚਾਹੀਦੀ ਹੈ ਨਾ ਕਿ ਘਟੀਆ ਦਰਜੇ ਦੇ ਬਿਆਨ ਦੇ ਕੇ। ਉਨ੍ਹਾਂ ਕਿਹਾ ਕਿ ਆਪ ਵਰਕਰ ਪੰਜਾਬ ਦੇ ਲੋਕਾਂ ਅਤੇ ਖਾਸ ਤੌਰ ਤੇ ਧੀਆਂ ਭੈਣਾਂ ਦੀ ਇੱਜ਼ਤ ਕਰਨਾ ਸਿੱਖਣ ਅਤੇ ਸੋਸ਼ਲ ਮੀਡੀਆ ਤੇ ਕੁਝ ਵੀ ਲਿਖਣ ਤੋਂ ਪਹਿਲਾਂ ਆਪਣੇ ਪਰਿਵਾਰ ਬਾਰੇ ਸੋਚਣ। ਉਨ੍ਹਾਂ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਵਾਪਸ ਲੀਹਾਂ ਤੇ ਲਿਆਉਣ ਲਈ ਸਾਰੇ ਪੰਜਾਬੀਆਂ ਨੂੰ ਯਤਨ ਕਰਨੇ ਚਾਹੀਦੇ ਹਨ ਨਾ ਕਿ ਇਕ ਦੂਜੇ ਬਾਰੇ ਘਟੀਆ ਬਿਆਨਬਾਜ਼ੀ ਕਰਨੀ ਚਾਹੀਦੀ ਹੈ।
ਢਿੱਲੋਂ ਨੇ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਦਲ ਵੱਲੋਂ ਪਿਛਲੇ ਦਸ ਸਾਲਾਂ ਵਿੱਚ ਲੁੱਟੇ ਪੰਜਾਬ ਦੀ ਕਾਇਆ ਕਲਪ ਲਈ ਵੱਡੇ ਯਤਨ ਕਰ ਰਹੀ ਹੈ ਅਤੇ ਇਸ ਦਾ ਨਮੂਨਾ ਪੰਜਾਬ ਦੇ ਲੋਕ ਜਲਦ ਹੀ ਵੇਖਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਆਪਣੇ ਸਾਰੇ ਵਾਅਦਿਆਂ ਉੱਤੇ ਖਰਾ ਉਤਰੇਗੀ। ਢਿੱਲੋਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਹਰ ਹੀਲਾ ਕੀਤਾ ਹੈ ਅਤੇ ਆਉਣ ਵਾਲੇ ਮਹੀਨਿਆਂ ਵਿੱਚ ਨੌਜਵਾਨਾਂ ਨੂੰ ਹੋਰ ਨੌਕਰੀਆ ਦੇਣ ਲਈ ਖਰੜਾ ਤਿਆਰ ਹੋ ਚੁੱਕਾ ਹੈ ਅਤੇ ਜਲਦ ਹੀ ਪੰਜਾਬ ਸਰਕਾਰ ਇਸ ਦਾ ਐਲਾਨ ਕਰੇਗੀ।























