ਚੰਡੀਗੜ੍ਹ 31 ਅਗਸਤ ( ਵਿਸ਼ਵ ਵਾਰਤਾ )- ਪੰਜਾਬ ਦੀ ਆਰਥਿਕ ਮੰਦਹਾਲੀ ਦਾ ਜਿਕਰ ਕਰਦਿਆਂ ਬਸਪਾ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਜੀਐਸਟੀ ਜਦੋਂ ਜੁਲਾਈ 2017 ਵਿੱਚ ਕੇਂਦਰ ਸਰਕਾਰ ਪੂਰੇ ਭਾਰਤ ਵਿੱਚ ਲਾਗੂ ਕਰਨ ਜਾ ਰਹੀ ਸੀ ਤਾਂ ਮੁੱਖ ਮੰਤਰੀ ਪੰਜਾਬ ਤੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵਲੋਂ ਜੀਐਸਟੀ ਦੇ ਬੜੇ ਸੋਹਲੇ ਗਾਏ ਸਨ ਕਿ ਇਸ ਨਾਲ ਸੂਬਾ ਸਰਕਾਰਾਂ ਦਾ ਖ਼ਜ਼ਾਨਾ ਭਰ ਜਾਵੇਗਾ ਤੇ ਸਰਕਾਰ ਦੇ ਤੀਜੇ -ਚੋਥੇ ਬੱਜਟ ਵਿੱਚ ਪੰਜਾਬ ਨੂੰ ਆਮਦਨ ਪੱਖੋਂ ਸਰਪਲਸ ਬਣਾਇਆ ਜਾਵੇਗਾ ਪਰ ਸਾਢ਼ੇ ਤਿੰਨ ਸਾਲਾਂ ਵਿਚ ਹੀ ਇਨ੍ਹਾਂ ਵਾਅਦਿਆ ਦੀ ਫੂਕ ਨਿੱਕਲੀ ਜਾਪ ਰਹੀ ਹੈ ।
ਸ. ਗੜੀ ਕਿਹਾ ਕਿ ਹੁਣ ਕਰੋਨਾ ਮਹਾਂਮਾਰੀ ਦੇ ਬਹਾਨੇ ਸਰਕਾਰ ਪੰਜਾਬ ਸਿਰ ਹੋਰ ਕਰਜਾ ਚਾੜਨ ਜਾ ਰਹੀ ਹੈ ਜਦੋ ਕਿ ਪੰਜਾਬ ਲੱਗਭੱਗ ਪਹਿਲਾ ਹੀ 2.48ਲੱਖ ਕਰੋਡ਼ ਦਾ ਕਰਜ਼ਾਈ ਹੈ। ਪੰਜਾਬ ਵਿਧਾਨ ਸਭਾ ਦੇ ਕੁੱਝ ਮਿੰਟਾਂ ਦੇ ਇਜਲਾਸ ਦੌਰਾਨ ਅੱਠ ਬਿੱਲਾਂ ਨੂੰ ਧੱਕੇ ਨਾਲ ਵਿਰੋਧੀ ਧਿਰ ਦੀ ਗ਼ੈਰ ਮੌਜੂਦਗੀ ਵਿੱਚ ਪਾਸ ਕਰਕੇ ਅਤੇ ਹੁਣ ਇਨ੍ਹਾਂ ਹੀ ਬਿੱਲਾਂ ਵਿਚੋਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਮੁੱਖ ਮੰਤਰੀ ਦੇ ਇਸ਼ਾਰੇ ਤੇ ‘ ਪੰਜਾਬ ਵਿੱਤ ਜਿੰਮੇਵਾਰੀ ਅਤੇ ਬਜਟ ਪ੍ਰਬੰਧਨ ( ਦੂਜਾ ਸੋਧ) ਬਿੱਲ 2020’ ਵਿਧਾਨ ਸਭਾ ਵਿਚ ਪਾਸ ਕਰਵਾ ਲਿਆ, ਜਿਸ ਕਾਰਨ ਹੁਣ ਸਰਕਾਰ ਨੇ ਵਿਧਾਨ ਸਭਾ ਤੋਂ ਕਰੋਨਾ ਮਹਾਂਮਾਰੀ ਦੀ ਆੜ ਵਿੱਚ ‘ਕੁੱਲ ਰਾਜ ਘਰੇਲੂ ਉਤਪਾਦ ‘ ਦਾ 2% ਹੋਰ ਕਰਜਾ ਜੋ 12130ਕਰੋੜ ਬਣਦਾ ਹੈ ਲੈਣ ਦੀ ਮਨਜ਼ੂਰੀ ਲੈ ਲਈ ਹੈ, ਜਦੋ ਕਿ ਕਰੋਨਾ ਕਾਰਨ ਕੇਂਦਰ ਸਰਕਾਰ ਨੇ ਜੀ ਐਸ ਟੀ ਇਕੱਠਾ ਕਰਨ ਵਿੱਚ ਪਏ ਘਾਟੇ ਕਾਰਣ ਰਾਜ ਸਰਕਾਰਾਂ ਨੂੰ ‘ਕੁੱਲ ਰਾਜ ਘਰੇਲੂ ਉਤਪਾਦ ‘ਦਾ 0.5 ਫ਼ੀਸਦੀ ਕਰਜਾ ਚੁੱਕਣ ਦੀ ਢਿੱਲ ਦਿੱਤੀ ਹੈ ਅਤੇ ਕਿਹਾ ਕਿ ਇਸ ਕਰਜ਼ੇ ਦਾ ਨਿਬੇੜਾ ਜੀ ਐਸ ਟੀ ਤੋਂ ਮਿਲਣ ਵਾਲੇ ਹਿੱਸੇ ਨਾਲ ਹੋਵੇਗਾ, ਪਰ ਇਸ ਤੋਂ ਵੱਧ ਕਰਜ ਲੈਣ ਵਾਲਿਆ ਨੂੰ ਆਪਣੇ ਵਸੀਲਿਆਂ ਤੋਂ ਵਿਆਜ ਦੇਣ ਦੇ ਨਾਲ ਨਾਲ ਕਰਜੇ ਦੀ ਰਕਮ ਵੀ ਵਾਪਿਸ ਕਰਨੀ ਪਵੇਗੀ। ਇਸ ਦਾ ਮਤਲਬ ਹੈ ਕਿ ਸੂਬਾ ਸਰਕਾਰ ਨੂੰ ਸਿਰਫ ਕੁੱਲ ਰਾਜ ਘਰੇਲੂ ਉਤਪਾਦ ਦਾ 0.5 ਫ਼ੀਸਦੀ ਜੋ ਲੱਗਭੱਗ 3032 ਕਰੋੜ ਬਣਦਾ ਹੈ ਕਰਜ਼ਾ ਚੁਕਣਾ ਚਾਹੀਦਾ ਹੈ ਜੋ ਜੀਐਸਟੀ ਕਾਰਨ ਪੰਜਾਬ ਨੂੰ ਪਏ ਘਾਟੇ ਦੀ ਪੂਰਤੀ ਲਈ ਹੈ, ਪਰ ਸਰਕਾਰ ਆਪਣੇ ਸਿਆਸੀ ਹਿੱਤਾਂ ਲਈ 2 ਫ਼ੀਸਦੀ ਕਰਜਾ ਜੋ 12130ਕਰੋੜ ਬਣਦਾ ਹੈ ਚੁੱਕਕੇ ਪੰਜਾਬ ਨੂੰ ਹੋਰ ਕਰਜ਼ਾਈ ਕਰਨ ਦੇ ਰਾਹ ਤੁਰੀ ਹੋਈ ਹੈ। ਪਿਛਲੇ ਤਿੰਨ ਸਾਲਾਂ ਦੇ ਕਾਂਗਰਸ ਰਾਜ ਵਿਚ ਹੀ ਲਗਭਗ 50, 000ਕਰੋੜ ਦਾ ਕਰਜ਼ਾ ਪੰਜਾਬ ਸਿਰ ਚੜ੍ਹ ਚੁੱਕਾ ਹੈ। ਬਸਪਾ ਸੂਬਾ ਪ੍ਰਧਾਨ ਨੇ ਕਿਹਾ ਕਿ ਇਹ ਪੰਜਾਬ ਦੇ ਲੋਕਾਂ ਤੇ ਹੋਰ ਕਰਜਾ ਥੋਪਣ ਦੀ ਸੋਚੀ ਸਮਝੀ ਚਾਲ ਅਤੇ ਪੰਜਾਬੀਆਂ ਨਾਲ ਸਰਾਸਰ ਧੱਕਾ ਹੈ। ਉਨ੍ਹਾਂ ਦੱਸਿਆ ਕਿ 2017-18 ਮਾਲੀ ਸਾਲ ਵਿਚ ਪੰਜਾਬ ਉਪਰ ਕਰਜਾ ਜੋ 1, 95, 978 ਕਰੋੜ ਸੀ, ਜੋ ਵੱਧਕੇ 2020-21 ਮਾਲੀ ਸਾਲ ਵਿਚ ਲੱਗਭੱਗ 2, 48, 236 ਕਰੋੜ ਪੁੱਜ ਗਿਆ ਹੈ ਤੇ ਸਰਕਾਰ ਹੋਰ ਕਰਜਾ ਚੁੱਕਣ ਲਈ ਉਤਾਵਲੀ ਹੋਈ ਪਈ ਹੈ।
ਅਖ਼ੀਰ ਵਿਚ ਗੜ੍ਹੀ ਜੀ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦਿਆਂ ਕਿਹਾ ਜੇ ਸਰਕਾਰ ਇਮਾਨਦਾਰੀ ਭਰੀ ਸਿਆਸੀ ਇੱਛਾ ਸ਼ਕਤੀ ਦਿਖਾਵੇ ਤੇ ਕੁਝ ਸਖ਼ਤ ਪ੍ਰਸ਼ਾਸਨਿਕ ਸੁਧਾਰ ਅਪਣਾਏ ਤਾਂ ਸਿਰਫ ਸ਼ਰਾਬ ਤੇ ਰੇਤੇ ਨੂੰ ਸਰਕਾਰੀ ਕੰਟਰੋਲ ਹੇਠਾਂ ਲੈ ਕੇ ਤਾਮਿਲਨਾਡੂ ਤੇ ਤੇਲੰਗਾਨਾ ਸਰਕਾਰਾਂ ਵਾਂਗ ਕਾਰਪੋਰੇਸ਼ਨਾਂ ਬਣਾਕੇ ਵੇਚੇ ਤਾਂ ਮੌਜ਼ੂਦਾ ਇਕੱਠੇ ਹੁੰਦੇ ਮਾਲੀਆ ਨਾਲੋਂ ਤਿੰਨ ਤੋਂ ਚਾਰ ਗੁਣਾਂ ਮਾਲੀਆ ਸਰਕਾਰ ਨੂੰ ਇਕੱਠਾ ਹੋ ਸਕਦਾ ਹੈਂ, ਇੰਝ ਪੰਜਾਬ ਨੂੰ ਕਰਜਿਆਂ ਦੀ ਲੋੜ ਨਹੀਂ ਪਵੇਗੀ। ਪਰ ਇਨ੍ਹਾਂ ਸੁਧਾਰਾਂ ਨਾਲ ਕਾਂਗਰਸੀਆਂ ਦੇ ਦੋ ਨੰਬਰ ਦੇ ਗੈਰ ਕਾਨੂੰਨੀ ਕੰਮ ਬੰਦ ਹੋ ਜਾਣਗੇ , ਜੋ ਕੈਪਟਨ ਸਾਹਿਬ ਸ਼ਇਦ ਕਦੇ ਨਹੀਂ ਕਰਨਗੇ। ਇਹੀ ਕਾਰਨ ਹੈ ਕਿ ਪੰਜਾਬ ਦਿਨੋ ਦਿਨੀ ਸਰਕਾਰੀ ਗ਼ਲਤ ਨੀਤੀਆ ਕਾਰਨ ਹੋਰ ਕਰਜ਼ਾਈ ਹੋ ਰਿਹਾ ਹੈ, ਜਿਸਦਾ ਖਮਿਆਜ਼ਾ ਪੰਜਾਬ ਦੀਆਂ ਆਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪਵੇਗਾ।
ਉਨ੍ਹਾਂ ਪੰਜਾਬ ਵਾਸੀਆਂ ਨੂੰ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਕਾਂਗਰਸ ਤੇ ਅਕਾਲੀ- ਭਾਜਪਾ ਗੱਠਜੋੜ ਨੇ ਵਾਰੀ ਪਾਕੇ ਪੰਜਾਬ ਨੂੰ ਲੁੱਟਕੇ ਕੰਗਾਲ ਕੀਤਾ ਹੈ ਅਤੇ ਆਪਣੀ ਆਪਣੀ ਵਾਰੀ ਵਿਚ ਕਾਗਰਸ ਅਤੇ ਅਕਾਲੀਆਂ ਨੇ ਇਕ ਦੂਜੇ ਦਾ ਬਚਾਓ ਕਰਦਿਆ ਪੰਜਾਬ ਨੂੰ ਦੋਹੀਂ ਹੱਥੀ ਖੂਬ ਲੁੱਟਿਆ ਹੈ। ਹੁਣ 2022 ਵਿੱਚ ਬਸਪਾ ਪੰਜਾਬ ਵਿਚ ਇਕ ਨਵਾਂ ਬਦਲ ਪੇਸ਼ ਕਰਦੀ ਹੈ ਤੇ ਪੰਜਾਬੀਆਂ ਨੂੰ ਸਾਥ ਦੇਣ ਦੀ ਅਪੀਲ ਕਰਦੀ ਹੈ, ਤੇ ਵਾਅਦਾ ਕਰਦੀ ਹੈ ਕਿ ਪੰਜਾਬ ਨੂੰ ਮੁੜ ਬੁਲੰਦੀਆਂ ਤੇ ਪਹੁੰਚਾਇਆ ਜਾਵੇਗਾ।