
ਬੁਢਲਾਡਾ – 28 ਅਗਸਤ – (ਵਿਸ਼ਵ ਵਾਰਤਾ ) – ਸ਼ਹਿਰ ਦੀ ਸੰਸਥਾ ਨਗਰ ਸੁਧਾਰ ਸਭਾ ਨੇ ਅੱਜ ਸਵੇਰ ਸਮੇਂ ਪੲੀ ਥੋੜੀ ਜਿਹੀ ਬਾਰਿਸ਼ ਨਾਲ ਬੁਢਲਾਡਾ ਸ਼ਹਿਰ ਦੀ ਜਲ-ਥਲ ਹੋਈ ਸਥਿਤੀ ‘ਤੇ ਪ੍ਰਤੀਕਰਮ ਦਿੰਦਿਆਂ ਪ੍ਰਸ਼ਾਸਨ , ਸਥਾਨਕ ਸਰਕਾਰਾਂ ਵਿਭਾਗ ਅਤੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਹਿਲ ਦੇ ਅਧਾਰ ‘ਤੇ ਬਾਰਿਸ਼ ਅਤੇ ਸੀਵਰੇਜ਼ ਦੇ ਗੰਦੇ ਪਾਣੀ ਦੀ ਨਿਕਾਸੀ ਦਾ ਢੁਕਵਾਂ ਅਤੇ ਫੌਰੀ ਹੱਲ ਕੀਤਾ ਜਾਵੇ।
ਅੱਜ ਇੱਥੇ ਸੰਸਥਾ ਦੇ ਪ੍ਰਧਾਨ ਪਰੇਮ ਸਿੰਘ ਦੋਦੜਾ , ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਅਤੇ ਚੇਅਰਮੈਨ ਸਤਪਾਲ ਸਿੰਘ ਕਟੌਦੀਆ ਨੇ ਇੱਕ ਮੀਟਿੰਗ ਤੋਂ ਬਾਅਦ ਪ੍ਰੈਸ ਨੂੰ ਰਿਲੀਜ਼ ਬਿਆਨ ਵਿੱਚ ਦੱਸਿਆ ਕਿ ਗੰਦੇ ਪਾਣੀ ਦੇ ਨਿਕਾਸੀ ਦੀ ਸਮੱਸਿਆ ਬਾਰਿਸ਼ ਪੈਣ ਨਾਲ ਕਾਫ਼ੀ ਗੰਭੀਰ ਬਣ ਜਾਂਦੀ ਹੈ ਅਤੇ ਸ਼ਹਿਰ ਦੀ ਹਾਲਤ ਨਰਕਮੲੀ ਬਣ ਜਾਂਦੀ ਹੈ। ਗੰਦਾ ਪਾਣੀ ਘਰਾਂ-ਦੁਕਾਨਾਂ ਵਿੱਚ ਵੜ ਜਾਂਦਾ ਹੈ। ਸ਼ਹਿਰਵਾਸੀਆਂ ਦਾ ਘਰਾਂ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਆਗੂਆਂ ਨੇ ਦੱਸਿਆ ਕਿ ਨਗਰ ਸੁਧਾਰ ਸਭਾ ਨੇ ਪਿਛਲੇ ਜੁਲਾਈ ਮਹੀਨੇ ਸ਼ਹਿਰ ਵਿੱਚ ਰੋਸ ਨਾਂਅ ਦੀ ਮੁਹਿੰਮ ਚਲਾ ਕੇ ਪ੍ਰਸ਼ਾਸਨ ਅਤੇ ਸਰਕਾਰਾਂ ਤੋਂ ਮੰਗ ਕੀਤੀ ਸੀ ਕਿ ਗੰਦੇ ਪਾਣੀ ਦੀ ਨਿਕਾਸੀ , ਪਾਣੀ ਵਾਲੇ ਪਾਣੀ ਵਿੱਚ ਸੀਵਰੇਜ਼ ਦੇ ਗੰਦੇ ਪਾਣੀ ਦੀ ਮਿਲਾਵਟ ਹੋ ਕੇ ਹੋ ਰਹੀ ਸਪਲਾਈ ਨੂੰ ਸੁਧਾਰਨ ਅਤੇ ਸ਼ਹਿਰ ਵਿੱਚ ਸਫ਼ਾਈ ਨੂੰ ਫੌਰੀ ਕੀਤੇ ਜਾਣ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ ਸੀ , ਇਨਾਂ ਤਿੰਨਾਂ ਮੰਗਾਂ ਤੋਂ ਇਲਾਵਾ ਅਵਾਰਾ ਪਸ਼ੂਆਂ ਦੀ ਸਮੱਸਿਆ ਵੀ ਬਹੁਤ ਅਹਿਮ ਹੈ । ਪ੍ਰਸ਼ਾਸਨ , ਸਬੰਧਤ ਵਿਭਾਗਾਂ ਅਤੇ ਸਰਕਾਰਾਂ ਨੂੰ ਇਸ ਪਾਸੇ ਫੌਰੀ ਧਿਆਨ ਦੇ ਕੇ ਹੱਲ ਕਰਨਾ ਚਾਹੀਦਾ ਹੈ।
ਨਗਰ ਸੁਧਾਰ ਸਭਾ ਦੇ ਆਗੂਆਂ ਨੇ ਕਿਹਾ ਕਿ ਸੰਸਥਾ ਸਮੇਤ ਵੱਖ-ਵੱਖ ਵਪਾਰਕ ਐਸੋਸੀਏਸ਼ਨਾਂ ਅਤੇ ਸ਼ਹਿਰਵਾਸੀ , ਬੁਢਲਾਡਾ ਸ਼ਹਿਰ ਨੂੰ ਉੱਤਰੀ ਭਾਰਤ ਦੇ ਸਭ ਤੋਂ ਗੰਦੇ ਸ਼ਹਿਰ ਦੇ ਲੱਗੇ ਕਲੰਕ ਨੂੰ ਧੌਣ ਲਈ ਪੂਰੇ ਤਤਪਰ ਹਨ ਅਤੇ ਹਰ ਪੱਖੋਂ ਸਹਿਯੋਗ ਦੇਣ ਲਈ ਤਿਆਰ-ਬਰ-ਤਿਆਰ ਹਨ।
ਆਗੂਆਂ ਨੇ ਨਗਰ ਸੁਧਾਰ ਸਭਾ ਬੁਢਲਾਡਾ ਵੱਲੋਂ ਆਪਣੀ ਮੰਗ ਨੂੰ ਦੁਹਰਾਉਂਦਿਆਂ ਸਰਕਾਰਾਂ ਅਤੇ ਸਾਰੀਆਂ ਜਾਂਚ ਏਜੰਸੀਆਂ ਪਾਸੋਂ ਮੰਗ ਕੀਤੀ ਕਿ ਨਗਰ ਕੌਂਸਲ ਬੁਢਲਾਡਾ ਨੂੰ ਗਰਾਂਟਾਂ ਦੇ ਰੂਪ ਵਿੱਚ ਕਰੋੜਾਂ ਰੁਪੲਿਆਂ ਦੇ ਘਪਲਿਆਂ ਦੀ ਉੱਚ – ਪੱਧਰੀ ਜਾਂਚ ਕਰਕੇ ਭ੍ਰਿਸ਼ਟ ਲੋਟੂ ਟੋਲੇ ਖਿਲਾਫ਼ ਬਣਦੀ ਸਖਤ ਕਾਰਵਾਈ ਕੀਤੀ ਜਾਵੇ।






















