
ਐਕਸੀਅਨ ਤੇ ਐਸ.ਡੀ.ਓਜ਼ ਦੀ ਅਗਵਾਈ ਹੇਠ 22 ਟੀਮਾਂ ਨੇ ਵਸੂਲਿਆ 9.73 ਲੱਖ ਰੁਪੈ ਜੁਰਮਾਨਾ
ਭਵਿੱਖ ਵਿਚ ਤੇਜ ਹੋਵੇਗੀ ਜਾਂਚ ਮੁਹਿੰਮ- ਲੋਕਾਂ ਨੂੰ ਬਿਜਲੀ ਚੋਰੀ ਨਾ ਕਰਨ ਦੀ ਅਪੀਲ
ਕਪੂਰਥਲਾ, 24 ਅਗਸਤ (ਵਿਸ਼ਵ ਵਾਰਤਾ)-ਕਪੂਰਥਲਾ ਸਰਕਲ ਅੰਦਰ ਬਿਜਲੀ ਚੋਰੀ ਤੇ ਅਣਅਧਿਕਾਰਤ ਲੋਡ ਨੂੰ ਰੋਕਣ ਦੇ ਮੰਤਵ ਨਾਲ ਬਿਜਲੀ ਬੋਰਡ ਵਲੋਂ ਅੱਜ ਵੱਡੀ ਕਾਰਵਾਈ ਦੌਰਾਨ ਛਾਪੇਮਾਰੀ ਕੀਤੀ ਗਈ, ਜਿਸ ਦੌਰਾਨ ਐਕਸੀਅਨਜ਼ ਤੇ ਐਸ.ਡੀ.ਓਜ਼ ਦੀ ਅਗਵਾਈ ਹੇਠ 22 ਟੀਮਾਂ ਵਲੋਂ ਕਪੂਰਥਲਾ ਤੇ ਕਰਤਾਰਪੁਰ ਦੇ ਖੇਤਰਾਂ ਅੰਦਰ ਬਿਜਲੀ ਚੋਰੀ ਦੇ ਅਨੇਕਾਂ ਕੇਸਾਂ ਦਾ ਪਤਾ ਲਗਾਕੇ ਕਾਰਵਾਈ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੁੱਖ ਇੰਜੀ./ਵੰਡ ਹਲਕਾ ਕਪੂਰਥਲਾ ਇੰਜੀ. ਇੰਦਰਪਾਲ ਸਿੰਘ ਨੇ ਦੱਸਿਆ ਕਿ ਸੀ.ਐਮ.ਡੀ. ਸ੍ਰੀ ਏ.ਵੇਨੂੰ ਪ੍ਰਸ਼ਾਦ ਦੀਆਂ ਹਦਾਇਤਾਂ ‘ਤੇ ਬਿਜਲੀ ਚੋਰੀ ਖਿਲਾਫ਼ ਜੀਰੋ ਟੌਲਰੇਂਸ ਨੀਤੀ ਨੂੰ ਅਪਣਾਇਆ ਗਿਆ ਹੈ ਜਿਸ ਤਹਿਤ ਡਾਇਰੈਕਟਰ ਵੰਡ ਸ੍ਰੀ ਡੀ.ਪੀ.ਐਸ. ਗਰੇਵਾਲ ਅਤੇ ਮੁੱਖ ਇੰਜੀਨੀਅਰ ਜਲੰਧਰ ਇੰਜੀ : ਜ਼ੈਨਿੰਦਰ ਦਾਨੀਆਂ ਦੀ ਅਗਵਾਈ ਵਿੱਚ ਅੱਜ ਹਲਕੇ ਅਧੀਨ ਜ਼ਿਲ੍ਹਾ ਕਪੂਰਥਲਾ ਅਤੇ ਕਰਤਾਰਪੁਰ ਮੰਡਲ ਅਧੀਨ ਪੈਂਦੇ ਖੇਤਰਾਂ ਦੀ ਤੜਕਸਾਰ ਸਵੇਰੇ ਪੰਜ ਵਜੇ ਜਾਂਚ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ/ਵਾਧ ਲੋਡ ਦੀ ਜਾਂਚ ਲਈ 22 ਟੀਮਾਂ ਦਾ ਗਠਨ ਕੀਤਾ ਗਿਆ ਸੀ ਜਿਸ ਵਿੱਚ ਕਰੀਬ 50 ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਭਾਗ ਲਿਆ ਗਿਆ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵਲੋਂ 1921 ਕੁਨੈਸ਼ਨਾਂ ਦੀ ਜਾਂਚ ਕੀਤੀ ਗਈ ਅਤੇ ਕੁੱਲ 9.73 ਲੱਖ ਰੁਪਏ ਬਿਜਲੀ ਚੋਰੀ/ਵਾਧੂ ਲੋਡ ਵਜੋਂ ਵਸੂਲ ਕੀਤੇ ਗਏ। ਉਨ੍ਹਾਂ ਦੱਸਿਆ ਕਿ ਬਿਜਲੀ ਚੋਰੀ ਦੇ 47 ਕੇਸਾਂ ਤੋਂ 7.23 ਲੱਖ ਰੁਪਏ ਅਤੇ ਵਾਧੂ ਲੋਡ ਦੇ 36 ਕੇਸਾਂ ਤੋਂ 2.17 ਲੱਖ ਰੁਪਏ ਵਸੂਲ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਬਿਜਲੀ ਵਿਭਾਗ ਵਲੋਂ ਇਹ ਜਾਂਚ ਨਿਯਮਤ ਤੌਰ ‘ਤੇ ਕੀਤੀ ਜਾਂਦੀ ਰਹੇਗੀ। ਉਨ੍ਹਾਂ ਖ਼ਪਤਕਾਰਾਂ ਨੂੰ ਅਪੀਲ ਕੀਤੀ ਕਿ ਬਿਜਲੀ ਚੋਰੀ ਜੋ ਕਿ ਦੰਡ ਯੋਗ ਅਪਰਾਧ ਦੇ ਨਾਲ ਨਾਲ ਸਮਾਜਿਕ ਬੁਰਾਈ ਵੀ ਹੈ ਇਸ ਤੋਂ ਗੁਰੇਜ਼ ਕੀਤਾ ਜਾਵੇ ਅਤੇ ਭਾਰੀ ਜੁਰਮਾਨੇ, ਪੁਲਿਸ ਕਾਰਵਾਈ ਜਿਸ ਵਿੱਚ ਕੈਦ ਦੀ ਸਜਾ ਵੀ ਸ਼ਾਮਿਲ ਹੈ ਤੋਂ ਬਚਿਆ ਜਾਵੇ। ਉਨ੍ਹਾਂ ਕਿਹਾ ਕਿ ਬਿਜਲੀ ਚੋਰੀ ਨਾਲ ਇਮਾਨਦਾਰ ਖ਼ਪਤਕਾਰਾਂ ‘ਤੇ ਬੋਲੋੜਾ ਭਾਰ ਪੈਂਦਾ ਹੈ। ਉਨ੍ਹਾਂ ਇਮਾਨਦਾਰ ਖ਼ਪਤਕਾਰਾਂ ਨੂੰ ਵੀ ਅਪੀਲ ਕੀਤੀ ਇਲਾਕੇ ਵਿੱਚ ਹੋ ਰਹੀ ਬਿਜਲੀ ਚੋਰੀ ਰੋਕਣ/ਫੜਨ ਲਈ ਪੀ.ਐਸ.ਪੀ.ਸੀ.ਐਲ ਦਾ ਸਹਿਯੋਗ ਦੇਣ ਤੇ ਸਬੰਧਿਤ ਐਕਸੀਅਨ/ਡਿਪਟੀ ਚੀਫ਼ ਇੰਜੀਨੀਅਰ ਦੇ ਨੰਬਰਾਂ 96461-16017, 96461-16021 ਅਤੇ 96461-16005 ‘ਤੇ ਵਟਸ ਅਪ ਰਾਹੀਂ ਸੂਚਨਾ ਦੇਣ ਮੁਹੱਈਆ ਕਰਵਾਈ ਜਾਵੇ । ਉਨ੍ਹਾਂ ਦੱਸਿਆ ਕਿ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਪਤਾ ਬਿਲਕੁਲ ਗੁਪਤਾ ਰੱਖਿਆ ਜਾਵੇਗਾ।
ਇਸੇ ਦੌਰਾਨ ਮੁੱਖ ਇੰਜੀਨੀਅਰ ਜਲੰਧਰ ਉੱਤਰੀ ਸ੍ਰੀ ਜਨਿੰਦਰ ਦਾਨੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਚੋਰੀ ਸਬੰਧੀ ਕਿਸੇ ਵੀ ਗੈਰਕਾਨੂੰਨੀ ਗਤੀਵਿਧੀ ਵਿਚ ਸ਼ਾਮਿਲ ਨਾ ਹੋਣ ਅਤੇ ਆਪਣੇ ਬਿਜਲੀ ਦੇ ਬਿੱਲ ਸਮੇਂ ਸਿਰ ਭਰਨ ਤਾਂ ਜੋ ਉਨ੍ਹਾਂ ਨੂੰ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ।





















