
ਚੰਡੀਗੜ੍ਹ ,17 ਅਗਸਤ (ਵਿਸ਼ਵ ਵਾਰਤਾ)- ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਵਿਚਕਾਰ ਅਹਿਮ ਮੀਟਿੰਗ ਪੰਜਾਬ ਸਕੱਤਰੇਤ ਵਿਖੇ ਹੋਈ। ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਭਰੋਸਾ ਦਿੱਤਾ ਕਿ ਸਤੰਬਰ ਮਹੀਨੇ ‘ਚ ਅਧਿਆਪਕਾਂ ਦੀ ਸੇਵਾ-ਮੁਕਤੀ ਤੋਂ ਬਾਅਦ ਖਾਲੀ ਹੋਈਆਂ ਅਸਾਮੀਆਂ ਨੂੰ ਭਰਨ ਲਈ ਤਿੰਨ ਪੜਾਵਾਂ ‘ਚ ਨਵੀਂ ਭਰਤੀ ਕੀਤੀ ਜਾਵੇਗੀ ਅਤੇ ਭਰਤੀ ਲਈ ਨਿਰਧਾਰਤ ਉਮਰ-ਹੱਦ 37 ਸਾਲ ਤੋਂ 42 ਸਾਲ ਕਰਵਾਉਣ ਸਬੰਧੀ ਏਜੰਡਾ ਆਗਾਮੀ ਕੈਬਨਿਟ-ਮੀਟਿੰਗ ‘ਚ ਲਿਆਂਦਾ ਜਾਵੇਗਾ। ਮਾਸਟਰ-ਕਾਡਰ ਦੀ ਚੱਲ ਰਹੀ ਭਰਤੀ ਪ੍ਰਕਿਰਿਆ ‘ਚ ਸਮਾਜਿਕ-ਸਿੱਖਿਆ, ਪੰਜਾਬੀ, ਹਿੰਦੀ ਦੀਆਂ ਅਸਾਮੀਆਂ ਵਧਾਉਣ ਲਈ ਮੁੜ ਗੌਰ ਕੀਤੀ ਜਾਵੇਗੀ, ਜਦੋਂਕਿ ਸੰਸਕ੍ਰਿਤ ਵਰਗੇ ਵਿਸ਼ਿਆਂ ਤਹਿਤ ਵਿਦਿਆਰਥੀਆਂ ਦੀ ਗਿਣਤੀ ਨਾ-ਮਾਤਰ ਹੋਣ ਦਾ ਹਵਾਲਾ ਦਿੰਦਿਆਂ ਅਸਾਮੀਆਂ ਕੱਢਣ ਤੋਂ ਅਸਮਰੱਥਾ ਜ਼ਾਹਰ ਕੀਤੀ। ਸਿੰਗਲਾ ਨੇ ਕਿਹਾ ਕਿ ਬਾਰਡਰ-ਖੇਤਰ ‘ਚ ਨਿਯੁਕਤੀ ਦੀ ਸ਼ਰਤ ਵੀ ਨਹੀਂ ਹਟਾਈ ਜਾ ਸਕਦੀ, ਕਿਉਂਕਿ ਅਧਿਆਪਕਾਂ ਦੀਆਂ ਅਸਾਮੀਆਂ ਦਾ ਵੱਡਾ ਹਿੱਸਾ ਸਰਹੱਦੀ ਜਿਲ੍ਹਿਆਂ ‘ਚੋਂ ਹੀ ਹੈ। ਉਹਨਾਂ ਭਰੋਸਾ ਦਿੱਤਾ ਕਿ ਵਿੱਤ-ਵਿਭਾਗ ਵੱਲੋਂ ਪ੍ਰਵਾਨਗੀ ਮਿਲਦਿਆਂ ਹੀ ਮਾਸਟਰ-ਕਾਡਰ ਦੀ ਵਿਸ਼ਾ-ਪ੍ਰੀਖਿਆ ਲੈਣ ਸਬੰਧੀ ਤਿਆਰੀਆਂਂ ਆਰੰਭ ਦਿੱਤੀਆਂ ਜਾਣਗੀਆਂ। ਟੈੱਟ ਪਾਸ ਬੇਰੁਜ਼ਗਾਰ ਬੀਐੱਡ ਅਧਿਆਪਕ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ , ਸੂਬਾ ਕਮੇਟੀ ਮੈਂਬਰ ਰਣਬੀਰ ਸਿੰਘ ਨਦਾਮਪੁਰ, ਮਨਜੀਤ ਕੌਰ, ਨਵਜੀਵਨ ਸਿੰਘ, ਯੁੱਧਜੀਤ ਸਿੰਘ ਬਠਿੰਡਾ, ਤਜਿੰਦਰ ਸਿੰਘ, ਸੰਦੀਪ ਗਿੱਲ, ਜਸਵਿੰਦਰ ਸ਼ਾਹਪੁਰ, ਜਗਜੀਤ ਜੋਧਪੁਰ ਨੇ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨਾਲ ਵੱਖ-ਵੱਖ ਮਸਲਿਆਂ ‘ਤੇ ਚਰਚਾ ਕਰਦਿਆਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਕਰੀਬ 3 ਲੱਖ ਨਵੇਂ ਦਾਖਲੇ ਹੋ ਚੁੱਕੇ ਹਨ, ਪਹਿਲਾਂ ਹੀ 15 ਹਜ਼ਾਰ ਤੋਂ ਉਪਰ ਮਾਸਟਰ ਕਾਡਰ ਦੀਆਂ ਅਸਾਮੀਆਂ ਖਾਲੀ ਸਨ, ਵਿਦਿਆਰਥੀਆਂ ਦੀ ਗਿਣਤੀ ਵਧਣ ਕਰਕੇ ਇਹ ਅੰਕੜਾ ਹੋਰ ਵਧ ਜਾਵੇਗਾ, ਜਿਸ ਕਰਕੇ ਸਿੱਖਿਆ ਵਿਭਾਗ ਵੱਲੋਂ ਬਾਰਡਰ-ਕੇਡਰ ਅਧੀਨ ਕੱਢੀਆਂ ਅਸਾਮੀਆਂ ’ਚ ਵਾਧਾ ਕਰਦਿਆਂ ਮਾਸਟਰ-ਕਾਡਰ ਦੀਆਂ 15,000 ਅਸਾਮੀਆਂ ’ਤੇ ਭਰਤੀ ਕੀਤੀ ਜਾਵੇ, ਇਹ ਭਰਤੀ ਪੂਰੇ ਪੰਜਾਬ ਲਈ ਹੋਵੇ। ਸਮਾਜਿਕ ਸਿੱਖਿਆ ਦੀਆਂ ਘੱਟੋਂ-ਘੱਟ 3000, ਪੰਜਾਬੀ ਦੀਆਂ 2500, ਹਿੰਦੀ ਦੀਆਂ 2000, ਸੰਸਕ੍ਰਿਤ ਦੀਆਂ 1000, ਡਰਾਇੰਗ ਦੀਆਂ 1000 ਦੀਆਂ ਅਸਾਮੀਆਂ ਹਰ ਹਾਲਤ ’ਚ ਵਧਾਈਆਂ ਜਾਣ । ਭਰਤੀ ਲਈ ਉਮਰ ਹੱਦ 37 ਸਾਲ ਤੋਂ ਵਧਾ ਕੇ 42 ਸਾਲ ਕੀਤੀ ਜਾਵੇ । ਤਾਂ ਕਿ ਓਵਰਏਜ ਹੋ ਰਹੇ ਉਮੀਦਵਾਰਾਂ ਨੂੰ ਰੁਜ਼ਗਾਰ ਮਿਲ ਸਕੇ । ਭਰਤੀ ਪ੍ਰਕਿਰਿਆਵਾਂ ਨੂੰ ਨਿਰਧਾਰਤ ਦਿਨਾਂ ਵਿੱਚ ਪੂਰਾ ਕੀਤਾ ਜਾਵੇ । ਬਾਰਡਰ ਏਰੀਆ ਯੋਜਨਾ ਤੁਰੰਤ ਰੱਦ ਕੀਤੀ ਜਾਵੇ, ਕਿਉਕਿ ਇਹ ਤਜ਼ਰਬਾ ਪਹਿਲਾਂ ਪ੍ਰਾਇਮਰੀ ਅਸਾਮੀਆਂ ਲਈ ਕੀਤਾ ਗਿਆ ਸੀ । ਪਰ ਇਸ ਦੇ ਸਾਰਥਕ ਸਿੱਟੇ ਨਹੀਂ ਨਿਕਲੇ ਅਤੇ ਇਹ ਤਿੰਨ ਸਾਲਾਂ ਦੇ ਪਰਖ ਕਾਲ ਦੌਰਾਨ ਨਵ ਨਿਯੁਕਤ ਅਧਿਆਪਕਾਂ ਦੇ ਆਰਥਿਕ ਅਤੇ ਮਾਨਸਿਕ ਸ਼ੋਸਣ ਹੋਵੇਗਾ। ਇੱਕ ਅਧਿਆਪਕ ਤੋਂ ਸਿਰਫ ਉਸ ਦੇ ਸਬੰਧਤ ਵਿਸ਼ੇ ਦਾ ਹੀ ਕੰਮ ਲਿਆ ਜਾਵੇ । ਜਦੋਂ ਤੱਕ ਉਮੀਦਵਾਰਾਂ ਦੀ ਨਿਯੁਕਤੀ ਨਹੀਂ ਹੁੰਦੀ, ਚੋਣਾਂ ਸਮੇਂ ਕੀਤੇ ਵਾਧੇ ਮੁਤਾਬਕ 2500/- ਰੁਪਏ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ । ਨਿੱਜੀ ਸਕੂਲਾਂ ਨੂੰ ਅਧਿਆਪਕਾਂ ਦੀਆਂ ਪੂਰੀਆਂ ਤਨਖਾਹਾਂ ਸਮੇਂ ਸਿਰ ਜਾਰੀ ਕਰਨ ਦੇ ਨਿਰਦੇਸ਼ ਜਾਰੀ ਕੀਤੇ ਜਾਣ । ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਇੱਕ ਪਾਸੇ 3 ਲੱਖ ਨਵੇਂ ਦਾਖ਼ਲਿਆਂ ਦੀ ਚਰਚੇ ਕਰ ਰਹੀ ਹੈ, ਦੂਜੇ ਪਾਸੇ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ ਭਰਨ ਲਈ ਸੁਹਿਰਦ ਨਹੀਂ ਹੈ, ਜਿਸ ਕਰਕੇ ਜਲਦ ਸੂਬਾ-ਕਮੇਟੀ ਦੀ ਮੀਟਿੰਗ ਕਰਕੇ ਤਿੱਖਾ-ਸੰਘਰਸ਼ ਉਲੀਕਿਆ ਜਾਵੇਗਾ। ਯੂਨੀਅਨ ਨੇ ਆਹਲੂਵਾਲੀਆ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਵੀ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...






















