
ਮਸ਼ੀਨ ਖਰੀਦਣ ਵਾਲੇ ਉੱਦਮੀ ਕਿਸਾਨ ਨੂੰ 5.60 ਲੱਖ ਰੁਪਏ ਦੀ ਸਹਾਇਤਾ ਮਿਲੇਗੀ
ਚੰਡੀਗੜ੍ਹ, 13 ਅਗਸਤ (ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵਲੋਂ ਡੇਅਰੀ ਦੇ ਧੰਦੇ ਨੂੰ ਹੋਰ ਵਿਕਸਤ ਅਤੇ ਲਾਹੇਵੰਦ ਬਣਾਉਣ ਲਈ ਪੰਜਾਬ ਡੇਅਰੀ ਵਿਕਾਸ ਬੋਰਡ ਰਾਹੀਂ ਹਰੇ ਚਾਰੇ ਤੋਂ ਆਚਾਰ ਦੀਆਂ ਗੱਠਾਂ ਬਣਾਉਣ ਵਾਲੀ ਮਸ਼ੀਨ ਦੀ ਲਾਗਤ ਉੱਤੇ 40% ਦੀ ਦਰ ਨਾਲ ਸਬਸਿਡੀ ਕਿਸਾਨਾਂ ਨੂੰ ਦਿੱਤੀ ਜਾਵੇਗੀ।ਅੱਜ ਇੱਥੋਂ ਜਾਰੀ ਬਿਆਨ ਵਿਚ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਮੰਤਰੀ, ਪੰਜਾਬ ਸ੍ਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਨੇ ਦੱਸਿਆ ਕਿ ਹਰੇ ਚਾਰੇ ਦੀ ਪੈਦਾਵਾਰ ਅਤੇ ਸਾਂਭ ਸੰਭਾਲ ਦਾ ਮਸ਼ੀਨੀਕਰਨ ਕਰਨ ਲਈ ਸਰਕਾਰ ਵਲੋਂ ਨਿਰੰਤਰ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਹਰੇ ਚਾਰੇ ਹੇਠ ਰਕਬਾ ਵਧਾ ਕੇ ਨਾ ਸਿਰਫ ਦੁੱਧ ਦੀ ਪੈਦਾਵਾਰ ਵਿੱਚ ਵਾਧਾ ਹੋਵੇਗਾ ਬਲਕਿ ਕਣਕ, ਝੋਨੇ ਹੇਠ ਰਕਬਾ ਵੀ ਘਟੇਗਾ, ਜਿਸ ਨਾਲ ਨਾ ਸਿਰਫ ਧਰਤੀ ਹੇਠਲੇ ਪਾਣੀ ਦੀ ਬਚਤ ਹੋਵੇਗੀ ਸਗੋਂ ਰਵਾਇਤੀ ਫਸਲਾਂ ਦੇ ਮੰਡੀਕਰਨ ਦੀ ਸਮੱਸਿਆ ਨਾਲ ਵੀ ਨਜਿੱਠਿਆ ਜਾ ਸਕੇਗਾ।ਉਨ੍ਹਾਂ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਨਾਲ ਮਸ਼ੀਨ ਖਰੀਦਣ ਵਾਲੇ ਉੱਦਮੀ ਕਿਸਾਨ ਨੂੰ 5.60 ਲੱਖ ਰੁਪਏ ਤੱਕ ਦੀ ਵਿੱਤੀ ਸਹਾਇਤਾ ਸਰਕਾਰ ਵਲੋਂ ਮਿਲੇਗੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੰਤਰੀ ਨੇ ਦੱਸਿਆ ਕਿ ਡੇਅਰੀ ਧੰਦੇ ਲਈ ਸਾਰਾ ਸਾਲ ਹਰੇ ਚਾਰੇ ਦੀ ਉਪਲੱਬਧਤਾ ਬਹੁਤ ਜ਼ਰੂਰੀ ਹੈ। ਪਰ ਇਹ ਆਮ ਦੇਖਿਆ ਗਿਆ ਹੈ ਕਿ ਪੰਜਾਬ ਵਿੱਚ ਕਈ ਮਹੀਨਿਆਂ ਵਿੱਚ ਹਰਾ ਚਾਰਾ ਵਾਧੂ ਹੋ ਜਾਂਦਾ ਹੈ ਅਤੇ ਕਈ ਮਹੀਨਿਆਂ ਵਿੱਚ ਤੋਟ ਆ ਜਾਂਦੀ ਹੈ। ਵਾਧੂ ਹਰੇ ਚਾਰੇ ਤੋਂ ਸਾਈਲੇਜ਼ ਜਾਂ ਆਚਾਰ ਬਣਾਇਆ ਜਾਂਦਾ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਹਰ ਅਗਾਂਹਵਧੂ ਡੇਅਰੀ ਫਾਰਮਰ ਆਪਣੀ ਲੋੜ ਮੁਤਾਬਕ ਚਾਰੇ ਵਾਲੀ ਮੱਕੀ ਅਤੇ ਜਵੀ ਦਾ ਆਚਾਰ ਬਣਾ ਰਿਹਾ ਹੈ। ਪਰ ਟੋਏ ਜਾਂ ਬੰਕਰ ਵਿੱਚ ਬਣੇ ਇਸ ਆਚਾਰ ਨੂੰ ਇੱਕ ਤੋਂ ਦੂਰੀ ਥਾਂ ਲਿਜਾਣਾ ਸੰਭਵ ਨਹੀਂ ਹੁੰਦਾ ਕਿਉਂਕਿ ਇਸ ਵਿੱਚ ਨਮੀ ਦੀ ਮਾਤਰਾ ਵੱਧ ਹੋਣ ਕਰਕੇ ਆਚਾਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ।
ਸ੍ਰੀ ਬਾਜਵਾ ਨੇ ਦੱਸਿਆ ਕਿ ਅਗਾਂਹਵਧੂ ਮੁਲਕਾਂ ਵਾਂਗ ਹੁਣ ਪੰਜਾਬ ਵਿੱਚ ਵੀ ਇਸ ਮੁਸ਼ਕਲ ਦੇ ਹੱਲ ਕੱਢ ਲਿਆ ਗਿਆ ਹੈ, ਹੁਣ ਨਵੀਨਤਮ ਮਸ਼ੀਨਾਂ ਰਾਹੀਂ ਤਿਆਰ ਕੀਤੇ ਸਾਈਲੇਜ਼ ਨੁੂੰ ਬੈਗਾਂ, ਟਿਊਬਾਂ ਅਤੇ ਗੱਠਾਂ ਵਿੱਚ ਤਿਆਰ ਕਰਕੇ ਛੋਟੇ, ਬੇਜ਼ਮੀਨੇ ਕਿਸਾਨਾਂ, ਸ਼ਹਿਰੀ ਡੇਅਰੀਆਂ ਅਤੇ ਹਰੇ ਚਾਰੇ ਦੀ ਘਾਟ ਵਾਲੇ ਸੂਬਿਆਂ ਨੂੰ ਭੇਜਿਆ ਜਾ ਸਕੇਗਾ। ਇਸ ਨਾਲ ਛੋਟੇ ਅਤੇ ਸ਼ਹਿਰੀ ਡੇਅਰੀ ਫਾਰਮਰਾਂ ਨੂੰ ਵਾਜਬ ਕੀਮਤ ਉੱਤੇ ਸਾਰਾ ਸਾਲ ਸੰਤੁਲਿਤ ਆਹਾਰ ਉਪਲਬਧ ਹੋਵੇਗਾ ਨਾਲ ਦੀ ਨਾਲ ਬੇਰੁਜ਼ਗਾਰ ਨੌਜਵਾਨ ਜੋ ਮੱਕੀ ਦੇ ਆਚਾਰ ਦੀਆਂ ਗੱਠਾਂ ਬਣਾਉਣ ਦਾ ਕੰਮ ਸ਼ੁਰੂ ਕਰਨਗੇ, ਨੂੰ ਰੁਜ਼ਗਾਰ ਹਾਸਲ ਹੋਵੇਗਾ।
ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਸ੍ਰੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਸਾਈਲੇਜ ਬੇਲਰ ਮਸ਼ੀਨਾਂ ਲਈ ਅਖਬਾਰਾਂ ਵਿੱਚ ਐਕਸਪਰੈਸ਼ਨ ਆਫ ਇੰਟਰਸਟ ਦੇਣ ਉਪਰੰਤ ਕਾਰਨੈਸਟ ਐਗਰੀ ਪ੍ਰੋਡਕਟ ਪ੍ਰਾਈਵੇਟ ਲਿਮਿਟਡ (ਹੈਦਰਾਬਾਦ), ਨਵ ਭਾਰਤ ਫਾਰਮਰਜ਼ ਪ੍ਰੋਡਿਊਸਰ ਕੰਪਨੀ ਲਿਮਿਟਡ (ਆਂਧਰਾ ਪ੍ਰਦੇਸ), ਮੈਸ. ਬਖਸੀਸ਼ ਇੰਡਸਟਰੀਜ਼ (ਬੱਸੀ ਪਠਾਣਾ), ਡਾਇਨਾਮਿਕ ਮਸ਼ੀਨਰੀ ਐਂਡ ਇਕਯੁਪਮੈਂਟ ਕੰਪਨੀ (ਲੁਧਿਆਣਾ), ਉਜਵਲਾ ਹਾਰਵੈਸਟਰ ਕਾਰਪੋਰੇਸ਼ਨ (ਆਂਧਰਾਪ੍ਰਦੇਸ਼) ਵਲੋਂ ਇਨਪੈਨਲਮੈਂਟ ਲਈ ਰੁੂਚੀ ਪ੍ਰਗਟ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਗਠਿਤ ਮਾਹਿਰਾਂ ਦੀ ਐਕਸਪਰਟ ਕਮੇਟੀ ਵਲੋਂ ਕੰਪਨੀਆਂ ਦੀ ਆਫਰਾਂ ਦਾ ਮੁਲਾਂਕਣ ਕੀਤਾ ਗਿਆ ਅਤੇ ਇਨ੍ਹਾਂ ਮਸ਼ੀਨਾਂ ਦਾ ਫੀਲਡ ਟਰਾਇਲ ਲਿਆ ਗਿਆ ਸੀ। ਜਿਸ ਉਪਰੰਤ ਤਿੰਨ ਹੀ ਕੰਪਨੀਆਂ ਮੈਸ. ਉਜਵਲਾ ਹਾਰਵੈਸਟਰ ਕਾਰਪੋਰੇਸ਼ਨ, ਡਾਇਨਾਮਿਕ ਮਸ਼ੀਨਰੀ ਅਤੇ ਇਕਯੁਪਮੈਂਟ ਅਤੇ ਮੈਸ. ਬਖਸ਼ੀਸ਼ ਇੰਡਸਟਰੀਜ਼ ਨੂੰ ਮਿਆਰਾਂ ਅਨੁਸਾਰ ਪਾਇਆ ਗਿਆ, ਜੋ ਕਿ 100 ਕਿਲੋ ਅਤੇ 500 ਕਿਲੋ ਦੀਆਂ ਗੱਠਾਂ ਬਣਾਉਂਦੀਆਂ ਹਨ।
ਉਨ੍ਹਾਂ ਸਮੂਹ ਦੁੱਧ ਉਤਪਾਦਕਾਂ, ਉੱਦਮੀਆਂ ਨੂੰ ਬੇਨਤੀ ਕੀਤੀ ਕਿ ਇਸ ਸਕੀਮ ਦਾ ਭਰਪੂਰ ਲਾਹਾ ਲੈਣ ਲਈ ਉਨ੍ਹਾਂ ਦੇ ਜਿ਼ਲ੍ਹਾ ਪੱਧਰੀ ਜਾਂ ਰਾਜ ਪੱਧਰੀ ਦਫਤਰ ਨਾਲ ਸੰਪਰਕ ਰੱਖਿਆ ਜਾਵੇ।ਇਸ ਸਬੰਧੀ ਵਧੇਰੇ ਜਾਣਕਾਰੀ ਲਈ ਵਿਭਾਗ ਦੀ ਹੈਲਪਲਾਈਨ 0172-5027285 `ਤੇ ਸੰਪਰਕ ਕੀਤਾ ਜਾ ਸਕਦਾ ਹੈ।
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Chandigarh ਦੇ ਸਕੂਲਾਂ ਅਤੇ Haryana CM ਸੈਣੀ ਦੇ ਦਫ਼ਤਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ – ਸੁਰੱਖਿਆ ਏਜੰਸੀਆਂ ਅਤੇ...






















