ਮਾਨਸਾ, 12 ਜੁਲਾਈ( ਵਿਸ਼ਵ ਵਾਰਤਾ)-ਮਾਲਵਾ ਖੇਤਰ ਦੇ ਜਿਹੜੇ ਚਾਰ ਜ਼ਿਲ੍ਹਿਆਂ ਵਿੱਚ ਟਿੱਡੀ ਦਲ ਦੇ ਹਮਲੇ ਦਾ ਖ਼ਤਰਾ ਬਣਿਆ ਹੋਇਆ ਸੀ, ਉਹ ਫਿਲਹਾਲ ਟਲ ਗਿਆ ਹੈ। ਖੇਤੀਬਾੜੀ ਵਿਭਾਗ ਅਤੇ ਖੇਤੀ ਯੂਨੀਵਰਸਿਟੀ ਦੇ ਮਾਹਿਰਾਂ ਨੇ ਦਾਅਵਾ ਕੀਤਾ ਹੈ ਕਿ ਹਵਾ ਦਾ ਰੁੱਖ ਜੇਕਰ ਪੱਛਮ ਤੋਂ ਪੂਰਬ ਵੱਲ ਰਹਿੰਦਾ ਤਾਂ ਇਸ ਦੀ ਮਾਰ ਮਾਲਵਾ ਖੇਤਰ ਦੇ ਮਾਨਸਾ ਜ਼ਿਲ੍ਹੇ ਵਿੱਚ ਹੋਣਾ ਖਦਸ਼ਾ ਖੜ੍ਹਾ ਹੋ ਗਿਆ ਸੀ, ਪਰ ਬੀਤੀ ਰਾਤ ਹਵਾ ਦਾ ਵਾਹਨ ਦੱਖਣ ਤੋਂ ਪੱਛਮ ਵੱਲ ਹੋ ਗਿਆ, ਜਿਸ ਕਾਰਨ ਮਾਲਵਾ ਖੇਤਰ ਦਾ ਬਚਾਅ ਹੋ ਗਿਆ।
ਖੇਤੀਬਾੜੀ ਵਿਭਾਗ ਦੇ ਵਿਕਾਸ ਅਫ਼ਸਰ (ਏਡੀਓ) ਡਾ.ਮਨੋਜ ਕੁਮਾਰ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਹਿਲਾਂ ਹੀ ਮਾਨਸਾ,ਬਠਿੰਡਾ,ਮੁਕਤਸਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਕਿਸਾਨਾਂ ਨੂੰ ਸੁਚੇਤ ਕੀਤਾ ਹੋਇਆ ਸੀ, ਜਿਸ ਕਰਕੇ ਕਿਸਾਨਾਂ ਨੂੰ ਆਪਣੇ ਖੇਤਾਂ ਦੀ ਲਗਾਤਾਰ ਰਾਖੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਹਰਿਆਣਾ ਦੇ ਖੇਤੀਬਾੜੀ ਵਿਭਾਗ ਨਾਲ ਪੰਜਾਬ ਦੇ ਖੇਤੀ ਮਹਿਕਮੇ ਦੇ ਮਾਹਿਰਾਂ ਦਾ ਟਿੱਡੀ ਦਲ ਦੇ ਹਮਲੇ ਸਬੰਧੀ ਲਗਾਤਾਰ ਰਾਬਤਾ ਕਾਇਮ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਥੋਂ ਦੇ ਵਿਭਾਗ ਵੱਲੋਂ ਰਾਤ ਸਮੇਂ ਕਿਸਾਨਾਂ ਨਾਲ ਲੈਕੇ ਖੇਤਾਂ ਵਿੱਚ ਸਪਰੇਆਂ ਕਰਵਾਈਆਂ ਗਈਆਂ, ਪਰ ਸਵੇਰੇ ਮੀਂਹ ਪੈਣ ਨਾਲ ਬਹੁਤ ਸਾਰੀਆਂ ਟਿੱਡੀਆਂ ਉਡ ਨਹੀਂ ਸਕੀਆਂ। ਖੇਤੀ ਅਧਿਕਾਰੀ ਨੇ ਕਿਹਾ ਕਿ ਟਿੱਡੀਆਂ ਦੇ ਖੰਭ ਗਿੱਲੇ ਹੋਣ ਕਾਰਨ ਉਹ ਉਡਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ, ਪਰ ਮੀਂਹ ਦੇ ਲਗਾਤਾਰ ਪੈਣ ਕਾਰਨ ਕਿਸਾਨ ਸਪਰੇਆਂ ਵੀ ਨਹੀਂ ਕਰ ਸਕਦੇ ਸਨ, ਜਿਸ ਕਾਰਨ ਉਨ੍ਹਾਂ ਨੂੰ ਥਾਈਂ ਦਬੋਚਣ ਦਾ ਉਪਰਾਲਾ ਫੇਲ੍ਹ ਹੋ ਗਿਆ। ਉਨ੍ਹਾਂ ਗੁਆਂਢੀ ਸੂਬੇ ਦੇ ਖੇਤੀ ਵਿਭਾਗ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਉਂਝ ਮੀਂਹ ਨੇ ਟਿੱਡੀਆਂ ਨੂੰ ਮਧੋਲ ਧਰਿਆ ਹੈ ਅਤੇ ਉਹ ਉਡਣ ਦੇ ਯੋਗ ਨਹੀਂ ਰਹੀਆਂ ਹਨ, ਜੇਕਰ ਰਾਤ ਸਮੇਂ ਮੌਸਮ ਨੇ ਸਾਥ ਦਿੱਤਾ ਤਾਂ ਖੇਤਾਂ ਵਿੱਚ ਬੈਠੀਆਂ ਟਿੱਡੀਆਂ ਨੂੰ ਸਪਰੇਆਂ ਸਹਾਰੇ ਨਸ਼ਟ ਕਰ ਦਿੱਤਾ ਜਾਵੇਗਾ।
ਖੇਤੀ ਅਧਿਕਾਰੀ ਦਾ ਕਹਿਣਾ ਹੈ ਕਿ ਪੰਜਾਬ ਦੇ ਚਾਰ ਜ਼ਿਲ੍ਹਿਆਂ ਮਾਨਸਾ,ਬਠਿੰਡਾ,ਮੁਕਤਸਰ,ਫਾਜ਼ਿਲਕਾ ਦੇ ਖੇਤੀ ਵਿਭਾਗ ਦੇ ਮੁਖੀਆਂ ਨਾਲ ਪੰਜਾਬ ਸਰਕਾਰ ਦੇ ਉਚ ਅਧਿਕਾਰੀਆਂ ਵੱਲੋਂ ਲਗਾਤਾਰ ਤਾਲਮੇਲ ਕੀਤਾ ਹੋਇਆ ਹੈ ਅਤੇ ਹਰ ਪਲ ਦੀ ਜਾਣਕਾਰੀ ਵਿਭਾਗ ਵੱਲੋਂ ਉਪਰ ਪੰਜਾਬ ਸਰਕਾਰ ਨੂੰ ਭੇਜੀ ਜਾ ਰਹੀ ਹੈ। ਮਹਿਕਮੇ ਦੇ ਮਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਟਿੱਡੀਆਂ ਦਾ ਪੰਜਾਬ ਦੇ ਖੇਤਾਂ ਨੂੰ ਕੋਈ ਖ਼ਤਰਾ ਨਹੀਂ ਹੈ ਅਤੇ ਜੇਕਰ ਮੌਸਮ ਵਿੱਚ ਇਉਂ ਹੀ ਹਲਕੀ ਫੁਲਕੀ ਅਤੇ ਦਰਮਿਆਨੀ ਵਰਖਾ ਦਾ ਦੌਰ ਕਾਇਮ ਰਿਹਾ ਤਾਂ ਅਜਿਹੇ ਕਿਸੇ ਵੀ ਹਮਲੇ ਦੀ ਪੰਜਾਬ ਵਾਲੇ ਪਾਸੇ ਕੋਈ ਉਮੀਦ ਹੀ ਨਹੀਂ ਰਹਿਣੀ ਹੈ।