
ਮਾਨਸਾ 12 ਜੁਲਾਈ( ਵਿਸ਼ਵ ਵਾਰਤਾ)- ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਹੁਣ ਐਤਵਾਰ ਦੇ ਪ੍ਰੋਗਰਾਮ ਦੌਰਾਨ ਵੱਖ ਵੱਖ ਸਕੂਲਾਂ ਦੇ ਬੱਚਿਆਂ ਵੱਲ੍ਹੋਂ ਸਿੱਖਿਆਦਾਇਕ ਅਤੇ ਸਭਿਆਚਾਰ ਪੇਸ਼ਕਾਰੀਆਂ ਨਾਲ ਖੂਬ ਰੰਗ ਬੰਨ੍ਹਿਆਂ ਜਾ ਰਿਹਾ ਹੈ,ਮਾਪੇ ਖੁਸ਼ ਹਨ, ਕਿ ਬੱਚੇ ਘਰ ਬੈਠੇ ਆਨਲਾਈਨ ਸਿੱਖਿਆ ਦੇ ਨਾਲ ਨਾਲ ਸਾਰਥਿਕ ਪ੍ਰੋਗਰਾਮਾਂ ਦੌਰਾਨ ਮਨੋਰੰਜਨ ਵੀ ਕਰ ਰਹੇ ਹਨ।
ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਕਲਾਸ ਤੱਕ ਦੇ ਬੱਚਿਆਂ ਲਈ ਪੇਸ਼ ਕੀਤੇ ਜਾਂਦੇ ਐਤਵਾਰ ਦੇ ਇਸ ਨੰਨੇ ਉਸਤਾਦਾਂ ਦੇ ਪ੍ਰੋਗਰਾਮ ਚ ਬੱਚਿਆਂ ਅਤੇ ਮਾਪਿਆਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ।ਉਹ ਇਸ ਗੱਲੋਂ ਵੀ ਤਸੱਲੀ ਮਹਿਸੂਸ ਕਰਦੇ ਹਨ ਕਿ ਬੱਚੇ ਹੋਰਨਾਂ ਚੈੱਨਲਾਂ ਦੇ ਗੈਰ ਮਿਆਰੀ ਪ੍ਰੋਗਰਾਮ ਦੇਖਣ ਦੀ ਥਾਂ ਲਗਾਤਾਰ ਦੂਰਦਰਸ਼ਨ ਦੇ ਸਿੱਖਿਆਦਾਇਕ ਪ੍ਰੋਗਰਾਮਾਂ ਨਾਲ ਜੁੜ ਰਹੇ ਹਨ।
ਅੱਜ ਪੇਸ਼ ਕੀਤੇ ਪ੍ਰੋਗਰਾਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਬਹਿਣੀਵਾਲ (ਮਾਨਸਾ )ਦੇ ਦਿਲਜੀਤ ਸਿੰਘ ਨੇ ਗੀਤ,ਦੋਦੇ ਤਰਨਤਾਰਨ ਦੀ ਬੱਚੀ ਮੁਸਕਾਨ ਦਾ ਭਾਸ਼ਣ, ਤੂਤ (ਫਿਰੋਜ਼ਪੁਰ)ਦਾ ਲੋਕ ਗੀਤ, ਵੇਰਕਾ (ਅੰਮ੍ਰਿਤਸਰ )ਸਕੂਲ ਵੱਲ੍ਹੋਂ ਆਰਟ ਐਂਡ ਕਰਾਫਟ, ਗਗੜੇਵਾਲ ( ਤਰਨਤਾਰਨ) ਵੱਲ੍ਹੋ ਸੋਲੋ ਡਾਂਸ, ਬਾਸਮਾਂ ਮੁਹਾਲੀ ਵੱਲ੍ਹੋਂ ਚਿੱਤਰਕਾਰੀ,ਹਰਦੋਬਥਵਾਲਾ, (ਗੁਰਦਾਸਪੁਰ) ਦੀ ਜਸਪ੍ਰੀਤ ਕੌਰ ਵੱਲ੍ਹੋਂ ਭਾਸ਼ਣ,ਲਹਿਲੀ (ਮੁਹਾਲੀ) ਸਕੂਲ ਦੀਆਂ ਬੱਚੀਆਂ ਜਸਪ੍ਰੀਤ, ਪ੍ਰਿਆ,ਕਾਜਲ,ਸੋਨਮ ਵੱਲ੍ਹੋਂ ਸੁਹਾਗ, ਬੈਰਿਮਪੁਰ(ਰੂਪਨਗਰ) ਸਕੂਲ ਵੱਲ੍ਹੋਂ ਕਹਾਣੀ,ਸਾਦਿਕ (ਫਰੀਦਕੋਟ) ਦੀ ਬੱਚੀ ਵੱਲ੍ਹੋ ਸੋਲੋ ਡਾਂਸ, ਰਾਮਪੁਰਾ (ਬਠਿੰਡਾ) ਦੇ ਬੱਚਿਆਂ ਵੱਲ੍ਹੋਂ ਕੈਲੀਗ੍ਰਾਫੀ ,ਰਾਮਗੜ੍ਹ (ਜਲੰਧਰ) ਸਕੂਲ ਵੱਲ੍ਹੋਂ ਆਰਟ ਐਂਡ ਕਰਾਫਟ, ਝਾਂਸ (ਹੁਸ਼ਿਆਰਪੁਰ)ਸਕੂਲ ਵੱਲ੍ਹੋਂ ਕੋਰੀਉਗ੍ਰਾਫੀ ਰਾਹੀਂ ਚੰਗਾ ਰੰਗ ਬੰਨਿਆਂ। ਮੰਚ ਸੰਚਾਲਨ ਦੀ ਭੂਮਿਕਾ ਮੈਡਮ ਸੁਖਬੀਰ ਕੌਰ ਵੱਲ੍ਹੋਂ ਬਾਖੂਬੀ ਨਿਭਾਈ ਗਈ।
ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਰਬਜੀਤ ਸਿੰਘ ਨੇ ਸਮੂਹ ਅਧਿਆਪਕ ਵਰਗ ਨੂੰ ਵਧਾਈ ਦਿੱਤੀ ਕਿ ਉਹ ਆਨਲਾਈਨ ਸਿੱਖਿਆ ਦੇ ਨਾਲ ਨਾਲ ਬੱਚਿਆਂ ਦੇ ਮਨੋਰੰਜਨ ਪ੍ਰੋਗਰਾਮਾਂ ਨੂੰ ਉਤਸ਼ਾਹਤ ਕਰਦੇ ਹਨ, ਇਸ ਨਾਲ ਜਿਥੇਂ ਬੱਚਿਆਂ ਨੂੰ ਅਪਣੀ ਕਲਾਂ ਨੂੰ ਪ੍ਰਗਟਾਉਣ ਦਾ ਮੋਕਾ ਮਿਲਦਾ, ਉਥੇਂ ਦੂਸਰੇ ਬੱਚੇ ਵੀ ਉਤਸ਼ਾਹਤ ਹੁੰਦੇ ਹਨ।






















