ਬਰਗਾੜੀ ਬੇਅਦਬੀ ਮਾਮਲੇ ਚ ਐੱਸਆਈਟੀ ਵੱਲੋਂ 7 ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਕੀਤਾ ਗ੍ਰਿਫਤਾਰ

Advertisement


ਫ਼ਰੀਦਕੋਟ :- ਸਾਲ 2015 ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਬਾਰੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐੱਸਆਈਟੀ ਵੱਲੋਂ ਕਾਰਵਾਈ ਚ ਥੋੜ੍ਹੀ ਤੇਜ਼ੀ ਲਿਆਂਦੀ ਜਾ ਰਹੀ ਹੈ । ਬੀਤੀ ਰਾਤ ਐੱਸਆਈਟੀ ਵੱਲੋਂ 7 ਡੇਰਾ ਸਿਰਸਾ ਦੇ ਪ੍ਰੇਮੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ । ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਥਾਣਾ ਬਾਜਾਖਾਨਾ ਵਿਖੇ ਰੱਖਿਆ ਗਿਆ ਹੈ । ਸੂਤਰਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਦੋਸ਼ੀ ਡੇਰਾ ਪ੍ਰੇਮੀਆਂ ਨੂੰ ਅੱਜ ਬਾਅਦ ਦੁਪਹਿਰ ਅਦਾਲਤ ਚ ਪੇਸ਼ ਕਰਕੇ ਰਿਮਾਂਡ ਲਿਆ ਜਾਵੇਗਾ । ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਚ ਸੁਖਵਿੰਦਰ ਸੰਨੀ , ਨੀਲਾ ,ਭੋਲਾ, ਰਣਜੀਤ ,ਨਿਸ਼ਾਨ ਤੇ ਨਰਿੰਦਰ ਸ਼ਰਮਾ ਦੇ ਨਾਮ ਸ਼ਾਮਲ ਹਨ । ਦੱਸਣਯੋਗ ਹੈ ਕਿ ਥਾਣਾ ਬਾਜਾਖਾਨਾ ਵਿਖੇ 2015 ਚ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਤੋਂ ਸ੍ਰੀ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਣ ਦੀ ਸਭ ਤੋਂ ਪਹਿਲੀ ਐਫਆਈਆਰ ਦਰਜ ਹੋਈ ਸੀ । ਜਿਸ ਤੋਂ ਕੁਝ ਦਿਨ ਬਾਅਦ ਚੋਰੀ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਪੱਤਰੇ ਬਰਗਾੜੀ ਵਿਖੇ ਪਹਿਲਾਂ ਚਿਤਾਵਨੀ ਵਾਲੇ ਪੋਸਟਰ ਲਗਾਏ ਗਏ ਸਨ ਤੇ ਬਾਅਦ ਵਿੱਚ ਪੱਤਰਿਆਂ ਦੀ ਬੇਅਦਬੀ ਕੀਤੀ ਗਈ ਸੀ । ਉਸ ਸਮੇਂ ਪਹਿਲੇ ਐੱਫ ਆਈ ਆਰ ਤੋਂ ਇਲਾਵਾ ਦੋ ਹੋਰ ਐਫਆਈਆਰਜ ਦਰਜ ਹੋਈਆਂ ਸਨ । ਇਸ ਹਿਰਦੇ ਵਲੂੰਧਰਨ ਵਾਲੀ ਘਟਨਾ ਵਾਪਰਨ ਤੋਂ ਬਾਅਦ ਸਿੱਖ ਕੌਮ ਦੇ ਵਿੱਚ ਉਸ ਸਮੇਂ ਦੀ ਬਾਦਲ ਸਰਕਾਰ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਸੀ ਕਿਉਂਕਿ ਉਨ੍ਹਾਂ ਦਾ ਇਹ ਦੋਸ਼ ਸੀ ਕਿ ਇੱਕ ਪਾਸੇ ਡੇਰਾ ਸਿਰਸਾ ਦੇ ਮੁਖੀ ਦੀ ਫਿਲਮ ਚਲਾਉਣ ਲਈ ਸਿਨੇਮਾ ਘਰਾਂ ਚ ਪੁਲਿਸ ਲਗਾ ਰਹੀ ਹੈ ਅਤੇ ਸਗੋਂ ਚਿਤਾਵਨੀ ਵਾਲੇ ਪੋਸਟਰ ਲਗਾ ਕੇ ਉਨ੍ਹਾਂ ਦੇ ਗੁਰੂ ਦੀ ਕੀਤੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਥਾਂ ਸਗੋਂ ਉਨ੍ਹਾਂ ਨੂੰ ਸੁਰੱਖਿਆ ਦੇ ਰਹੀ ਹੈ ।ਇਸੇ ਕਾਰਨ ਹੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਬਹਿਬਲ ਕਲਾਂ ਵਿਖੇ ਸਿੱਖ ਸੰਗਤ ਵੱਲੋਂ ਅਣਮਿੱਥੇ ਸਮੇਂ ਲਈ ਬਹਿਬਲ ਕਲਾਂ ਵਿਖੇ ਰੋਸ ਧਰਨਾ ਦਿੱਤਾ ਜਾ ਰਿਹਾ ਸੀ ,ਪਰ ਪੁਲਿਸ ਵੱਲੋਂ ਕੋਟਕਪੂਰਾ ਤੇ ਬਹਿਬਲ ਕਲਾਂ ਵਿਖੇ ਸੰਗਤ ਤੇ ਗੋਲੀ ਚਲਾਉਣ ਤੇ ਲਾਠੀ ਚਾਰਜ ਕਰਨ ਤੋਂ ਬਾਅਦ ਹਾਲਾਤ ਪੰਜਾਬ ਚ ਬੇਕਾਬੂ ਹੋ ਗਏ ਸਨ। ਉਸ ਸਮੇਂ ਵਿਰੋਧੀ ਧਿਰਾਂ ਵੱਲੋਂ ਬਾਦਲ ਸਰਕਾਰ ਨੂੰ ਕਟਹਿਰੇ ਚ ਖੜ੍ਹਾ ਕਰਨ ਕਾਰਨ ਸਰਕਾਰ ਨੇ ਲੋਕਾਂ ਨੂੰ ਸ਼ਾਂਤ ਕਰਨ ਲਈ ਪਹਿਲਾਂ ਜੋਰਾ ਸਿੰਘ ਕਮਿਸ਼ਨ ਬਣਾਇਆ ਤੇ ਜਦੋਂ ਉਸ ਤੇ ਵੀ ਉਂਗਲ ਉੱਠਣ ਲੱਗੀ ਤਾਂ ਸਰਕਾਰ ਨੇ ਇਹ ਮਾਮਲਾ ਆਪਣੇ ਗਲੋਂ ਲਾਹ ਕੇ ਸੀਬੀਆਈ ਨੂੰ ਜਾਂਚ ਦੇ ਦਿੱਤੀ ਸੀ । ਪਰ ਸੀਬੀਆਈ ਨੇ ਐੱਸਆਈਟੀ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕੀਤੇ ਗਏ 10 ਮੇਲਾ ਪ੍ਰੇਮੀਆਂ ਨੂੰ ਮੁੱਖ ਸਾਜਿਸ਼ਕਾਰ ਬਿੱਟੂ ਦਾ ਜੇਲ੍ਹ ਵਿੱਚ ਕਤਲ ਹੋਣ ਤੋਂ ਬਾਅਦ ਪਿਛਲੇ ਵਰ੍ਹੇ ਕਲੋਜ਼ਰ ਰਿਪੋਰਟ ਵੀ ਭਰ ਕੇ ਸਾਰੇ ਦੋਸ਼ੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ । ਜਿਸ ਤੋਂ ਬਾਅਦ ਕੈਪਟਨ ਸਰਕਾਰ ਵੱਲੋਂ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਤੇ ਸਰਕਾਰ ਨੂੰ ਆਜ਼ਾਦੀ ਨਾਲ ਆਪਣੇ ਪੱਧਰ ਤੇ ਜਾਂਚ ਕਰਨ ਦੇ ਅਧਿਕਾਰ ਦੇ ਦਿੱਤੇ ਸਨ ਜਿਸ ਤੋਂ ਬਾਅਦ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ ਤੇ ਜਾਂਚ ਕਰ ਰਹੀ ਐੱਸਆਈਟੀ ਨੇ ਹੁਣ ਸਰਗਰਮੀ ਦਿਖਾਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਐੱਸਆਈਟੀ ਦੇ ਆਗੂ ਰਣਬੀਰ ਸਿੰਘ ਖਟੜਾ ਦੀ ਜਾਂਚ ਅਨੁਸਾਰ ਇਨ੍ਹਾਂ ਦੋਸ਼ੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੇ ਹਿੱਸੇ ਨੂੰ ਡੇਰਾ ਪ੍ਰੇਮੀਆਂ ਤੇ ਖ਼ੁਰਦ ਬੁਰਦ ਕਰਨ ਦਾ ਮਾਮਲਾ ਵੀ ਦਰਜ ਹੈ ।